ਭਾਰਤ ’ਚ ਕੋਵਿਡ-19 ਦੇ ਨਵੇਂ ਰੂਪ ਐਕਸ.ਐਫ.ਜੀ. ਦੇ 163 ਮਾਮਲੇ ਸਾਹਮਣੇ ਆਏ : ਇਨਸਾਕੋਗ
ਪਿਛਲੇ 48 ਘੰਟਿਆਂ ’ਚ 769 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਭਾਰਤ ’ਚ ਕੋਵਿਡ ਦੇ ਸਰਗਰਮ ਮਾਮਲਿਆਂ ਦੀ ਗਿਣਤੀ 6,000 ਦੇ ਅੰਕੜੇ ਨੂੰ ਪਾਰ ਕਰ ਗਈ
ਨਵੀਂ ਦਿੱਲੀ : ਭਾਰਤ ’ਚ ਹੁਣ ਤਕ ਕੋਵਿਡ-19 ਦੇ ਨਵੇਂ ਰੂਪ ਐਕਸ.ਐਫ.ਜੀ. ਦੇ 163 ਮਾਮਲੇ ਸਾਹਮਣੇ ਆਏ ਹਨ। ‘ਦ ਲੈਂਸੇਟ ਜਰਨਲ’ ਦੇ ਇਕ ਲੇਖ ਮੁਤਾਬਕ ਰੀਕੰਬੀਨੈਂਟ ਐਕਸ.ਐਫ.ਜੀ. ਵੇਰੀਐਂਟ ਵਿਚ ਚਾਰ ਪ੍ਰਮੁੱਖ ਸਪਾਈਕ ਮਿਊਟੇਸ਼ਨ ਹਨ ਅਤੇ ਕੈਨੇਡਾ ਵਿਚ ਇਸ ਦਾ ਸ਼ੁਰੂਆਤੀ ਪਤਾ ਲੱਗਣ ਤੋਂ ਬਾਅਦ ਇਹ ਤੇਜ਼ੀ ਨਾਲ ਪੂਰੀ ਦੁਨੀਆ ’ਚ ਫੈਲਿਆ ਹੈ।
ਇੰਡੀਅਨ ਸਾਰਸ-ਕੋਵ-2 ਜੀਨੋਮਿਕਸ ਕੰਸੋਰਟੀਅਮ (ਆਈ.ਐਨ.ਐਸ.ਏ.ਸੀ.ਓ.ਜੀ.) ਦੇ ਅੰਕੜਿਆਂ ਅਨੁਸਾਰ, ਕੋਵਿਡ-19 ਪੈਦਾ ਕਰਨ ਵਾਲੇ ਵਾਇਰਸ ਦਾ ਐਕਸ.ਐਫ.ਜੀ. ਰੂਪ ਕੁਲ 163 ਨਮੂਨਿਆਂ ’ਚ ਪਾਇਆ ਗਿਆ ਹੈ- ਸੱਭ ਤੋਂ ਵੱਧ (89) ਮਹਾਰਾਸ਼ਟਰ ’ਚ, ਇਸ ਤੋਂ ਬਾਅਦ ਤਾਮਿਲਨਾਡੂ (16), ਕੇਰਲ (15), ਗੁਜਰਾਤ (11) ਅਤੇ ਆਂਧਰਾ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਪਛਮੀ ਬੰਗਾਲ (ਛੇ-ਛੇ)।
ਅੰਕੜਿਆਂ ਤੋਂ ਪਤਾ ਲਗਦਾ ਹੈ ਕਿ ਮਈ ’ਚ ਐਕਸ.ਐਫ.ਜੀ. ਰੂਪ ਦੇ 159 ਨਮੂਨਿਆਂ ਦਾ ਪਤਾ ਲਗਾਇਆ ਗਿਆ ਸੀ, ਜਦਕਿ ਅਪ੍ਰੈਲ ’ਚ ਇਸ ਲਈ ਦੋ ਨਮੂਨਿਆਂ ਦੀ ਜਾਂਚ ਕੀਤੀ ਗਈ ਸੀ ਅਤੇ ਜੂਨ ’ਚ ਦੋ ਨਮੂਨਿਆਂ ਦੀ ਜਾਂਚ ਕੀਤੀ ਗਈ ਸੀ। ਕੇਂਦਰੀ ਸਿਹਤ ਮੰਤਰਾਲੇ ਵਲੋਂ ਐਤਵਾਰ ਨੂੰ ਜਾਰੀ ਅੰਕੜਿਆਂ ਅਨੁਸਾਰ, ਪਿਛਲੇ 48 ਘੰਟਿਆਂ ’ਚ 769 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਭਾਰਤ ’ਚ ਕੋਵਿਡ ਦੇ ਸਰਗਰਮ ਮਾਮਲਿਆਂ ਦੀ ਗਿਣਤੀ 6,000 ਦੇ ਅੰਕੜੇ ਨੂੰ ਪਾਰ ਕਰ ਗਈ ਹੈ।