ਬੱਚਾ ਚੋਰੀ ਦਾ ਡਰ ਐਵੇਂ ਹੀ ਨਹੀਂ, ਸਾਲ 2016 ਵਿਚ ਦੇਸ਼ਭਰ 'ਚ 55 ਹਜ਼ਾਰ ਬੱਚੇ ਹੋਏ ਅਗ਼ਵਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦੇਸ਼ ਦੇ ਵੱਖ ਵੱਖ ਹਿੱਸਿਆਂ ਵਿਚ ਬੱਚਿਆਂ ਦੇ ਚੋਰੀ ਹੋ ਜਾਣ ਦਾ ਡਰ ਪੂਰੀ ਤਰ੍ਹਾਂ ਬੇਬੁਨਿਆਦ ਨਹੀਂ। ਗ੍ਰਹਿ ਮੰਤਰਾਲੇ ਦੀ ਜਾਰੀ ਕੀਤੀ ਸਾਲ 2016 ਦੀ ਰੀਪੋਰਟ ਮੁਤਾਬਕ..

Children Kidnapped

ਨਵੀਂ ਦਿੱਲੀ,  ਦੇਸ਼ ਦੇ ਵੱਖ ਵੱਖ ਹਿੱਸਿਆਂ ਵਿਚ ਬੱਚਿਆਂ ਦੇ ਚੋਰੀ ਹੋ ਜਾਣ ਦਾ ਡਰ ਪੂਰੀ ਤਰ੍ਹਾਂ ਬੇਬੁਨਿਆਦ ਨਹੀਂ। ਗ੍ਰਹਿ ਮੰਤਰਾਲੇ ਦੀ ਜਾਰੀ ਕੀਤੀ ਸਾਲ 2016 ਦੀ ਰੀਪੋਰਟ ਮੁਤਾਬਕ ਉਸ ਸਾਲ ਭਾਰਤ ਤੋਂ ਕਰੀਬ 55 ਹਜ਼ਾਰ ਬੱਚਿਆਂ ਨੂੰ ਅਗ਼ਵਾ ਕੀਤਾ ਗਿਆ ਹੈ ਅਤੇ ਇਹ ਅੰਕੜਾ ਇਕ ਸਾਲ ਪਹਿਲਾਂ ਦੇ ਅੰਕੜਿਆਂ ਦੇ ਮੁਕਾਬਲੇ 30 ਫ਼ੀ ਸਦੀ ਜ਼ਿਆਦਾ ਹੈ। ਗ੍ਰਹਿ ਮੰਤਰਾਲੇ ਦੀ 2017-18 ਦੀ ਰੀਪੋਰਟ ਮੁਤਾਬਕ ਸਾਲ 2016 ਵਿਚ 54723 ਬੱਚੇ ਅਗ਼ਵਾ ਹੋਏ ਪਰ ਸਿਰਫ਼ 40.4 ਫ਼ੀ ਸਦੀ ਮਾਮਲਿਆਂ ਵਿਚ ਹੀ ਦੋਸ਼ਪੱਤਰ ਦਾਖ਼ਲ ਕੀਤੇ ਗਏ।

ਸਾਲ 2016 ਵਿਚ ਬੱਚਿਆਂ ਦੇ ਅਗ਼ਵਾ ਦੇ ਮਾਮਲਿਆਂ ਵਿਚ ਦੋਸ਼ ਸਾਬਤ ਹੋਣ ਦੀ ਦਰ ਮਹਿਜ਼ 22.7 ਫ਼ੀ ਸਦੀ ਰਹੀ ਤੇ ਸਾਲ 2015 ਵਿਚ ਅਜਿਹੇ 41,893 ਮਾਮਲੇ ਦਰਜ ਕੀਤੇ ਗਏ ਜਦਕਿ ਸਾਲ 2014 ਵਿਚ ਇਹ ਗਿਣਤੀ 37,854 ਸੀ। ਸਾਲ 2017 ਦੇ ਅੰਕੜੇ ਹਾਲੇ ਪੇਸ਼ ਨਹੀਂ ਕੀਤੇ ਗਏ ਹਨ। ਮੰਤਰਾਲੇ ਦੇ ਅਧਿਕਾਰੀ ਨੇ ਕਿਹਾ ਕਿ ਕੁੱਟ-ਕੁੱਟ ਕੇ ਹਤਿਆ ਕਰਨ ਦੇ ਮਾਮਲਿਆਂ ਪਿੱਛੇ ਸੋਸ਼ਲ ਮੀਡੀਆ 'ਤੇ ਬੱਚਾ ਚੁੱਕਣ ਦੀਆਂ ਅਫ਼ਵਾਹਾਂ ਹਨ।

Kidnapped

ਅੰਕੜੇ ਦਸਦੇ ਹਨ ਕਿ ਬੱਚਿਆਂ ਦੇ ਅਗ਼ਵਾ ਦਾ ਡਰ, ਖ਼ਾਸਕਰ ਪੇਂਡੂ ਇਲਾਕਿਆਂ ਵਿਚ, ਪੂਰੀ ਤਰ੍ਹਾਂ ਬੇਬੁਨਿਆਦ ਨਹੀਂ ਹੈ। ਗ੍ਰਹਿ ਮੰਤਰਾਲੇ ਨੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਉਨ੍ਹਾਂ ਘਟਨਾਵਾਂ ਦਾ ਪਤਾ ਲਾਉਣ ਲਈ ਕਿਹਾ ਸੀ ਜਿਨ੍ਹਾਂ ਵਿਚ ਸੋਸ਼ਲ ਮੀਡੀਆ 'ਤੇ ਬੱਚਾ ਚੁੱਕਣ ਦੀਆਂ ਅਫ਼ਵਾਹਾਂ ਮਗਰੋਂ ਭੀੜ ਨੇ ਕੁੱਟ-ਕੁੱਟ ਕੇ ਹਤਿਆ ਦੀ ਘਟਨਾ ਨੂੰ ਅੰਜਾਮ ਦਿਤਾ। ਬੀਤੇ ਦੋ ਮਹੀਨਿਆਂ ਵਿਚ ਬੱਚਾ ਚੋਰੀ ਦੇ ਸ਼ੱਕ ਹੇਠ 20 ਤੋਂ ਵੱਧ ਲੋਕਾਂ ਦੀ ਕੁੱਟ-ਕੁੱਟ ਕੇ ਹਤਿਆ ਕੀਤੀ ਗਈ। ਤਾਜ਼ਾ ਘਟਨਾ ਮਹਾਰਾਸ਼ਟਰ ਦੇ ਧੁਲੇ ਦੀ ਹੈ ਜਿਥੇ ਪੰਜ ਜਣਿਆਂ ਨੂੰ ਕੁੱਟ-ਕੁੱਟ ਕੇ ਮਾਰ ਦਿਤਾ ਗਿਆ। (ਏਜੰਸੀ)