ਵੱਖਵਾਦੀਆਂ ਦੀ ਹੜਤਾਲ - ਜੰਮੂ-ਸ੍ਰੀਨਗਰ ਰਾਜਮਾਰਗ 'ਤੇ ਆਵਾਜਾਈ ਰੋਕੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

 ਕਸ਼ਮੀਰ ਨੂੰ ਪੂਰੇ ਦੇਸ਼ ਨਾਲ ਜੋੜਨ ਵਾਲੇ ਜੰਮੂ-ਸ੍ਰੀਨਗਰ ਰਾਸ਼ਟਰੀ ਰਾਜਮਾਰਗ ਅਤੇ ਜੰਮੂ ਖੇਤਰ ਦੇ ਸਰਹੱਦੀ ਜ਼ਿਲ੍ਹਿਆਂ ਪੁਣਛ ਅਤੇ ਰਾਜੌਰੀ ਨੂੰ ਦਖਣੀ ਕਸ਼ਮੀਰ ....

Army

ਬਨਿਹਾਲ/ਜੰਮੂ, ਕਸ਼ਮੀਰ ਨੂੰ ਪੂਰੇ ਦੇਸ਼ ਨਾਲ ਜੋੜਨ ਵਾਲੇ ਜੰਮੂ-ਸ੍ਰੀਨਗਰ ਰਾਸ਼ਟਰੀ ਰਾਜਮਾਰਗ ਅਤੇ ਜੰਮੂ ਖੇਤਰ ਦੇ ਸਰਹੱਦੀ ਜ਼ਿਲ੍ਹਿਆਂ ਪੁਣਛ ਅਤੇ ਰਾਜੌਰੀ ਨੂੰ ਦਖਣੀ ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ਨਾਲ ਜੋੜਨ ਵਾਲੀ ਮੁਗਲ ਰੋਡ 'ਤੇ ਅਧਿਕਾਰੀਆਂ ਨੇ ਅੱਜ ਆਵਾਜਾਈ ਅਹਿਤਿਆਤੀ ਤੌਰ 'ਤੇ ਰੋਕ ਦਿਤੀ ਜਿਸ ਕਾਰਨ ਅਮਰਨਾਥ ਯਾਤਰੀਆਂ ਸਮੇਤ ਹਜ਼ਾਰਾਂ ਲੋਕ ਰਾਹ ਵਿਚ ਫਸ ਗਏ।

ਹਿਜ਼ਬੁਲ ਮੁਜਾਹਿਦੀਨ ਦੇ ਅਤਿਵਾਦੀ ਬੁਰਹਾਨ ਬਾਨੀ ਦੀ ਦੂਜੀ ਬਰਸੀ 'ਤੇ ਵੱਖਵਾਦੀਆਂ ਨੇ ਅੱਜ ਹੜਤਾਲ ਕਰਨ ਦਾ ਐਲਾਨ ਕੀਤਾ ਸੀ ਜਿਸ ਤੋਂ ਬਾਅਦ ਪੁਲਿਸ ਡੀਜੀਪੀ ਐਸ.ਪੀ. ਵੇਦ ਨੇ ਅਮਰਨਾਥ ਯਾਤਰਾ ਰੋਕਣ ਦਾ ਐਲਾਨ ਕਲ ਹੀ ਕਰ ਦਿਤਾ ਸੀ। ਸਰਕਾਰੀ ਅਧਿਕਾਰੀ ਨੇ ਕਿਹਾ, ''ਕਿਸੇ ਵੀ ਯਾਤਰੀ ਨੂੰ ਭਗਵਤੀ ਨਗਰ ਆਧਾਰ ਕੈਂਪ ਵਿਚੋਂ ਨਿਕਲਣ ਦੀ ਇਜਾਜ਼ਤ ਨਹੀਂ ਦਿਤੀ ਗਈ ਅਤੇ ਜਿਹੜੇ ਸ੍ਰੀਨਗਰ ਆ ਚੁੱਕੇ ਹਨ ਤੇ ਕਸ਼ਮੀਰ ਦੇ ਰਸਤੇ ਵਿਚ ਹਨ, ਉਨ੍ਹਾਂ ਨੂੰ ਜੰਮੂ-ਸ੍ਰੀਨਗਰ ਰਾਸ਼ਟਰੀ ਰਾਜਮਾਰਗ 'ਤੇ ਵੱਖ-ਵੱਖ ਸਥਾਨਾਂ 'ਤੇ ਰੋਕ ਦਿਤਾ ਗਿਆ।''

ਉਨ੍ਹਾਂ ਦਸਿਆ ਕਿ ਬੁਰਹਾਨ ਦੀ ਦੂਜੀ ਬਰਸੀ ਮੌਕੇ ਵੱਖਵਾਦੀਆਂ ਵਲੋਂ ਬੰਦ ਦੇ ਐਲਾਨ ਕਾਰਨ ਅਹਿਤਿਆਤੀ ਤੌਰ 'ਤੇ ਇਹ ਕਦਮ ਚੁੱਕੇ ਗਏ ਹਨ।
ਵੈਦ ਕਲ ਕਠੂਆ ਜ਼ਿਲ੍ਹੇ 'ਚ ਅਮਰਨਾਥ ਯਾਤਰੀਆਂ ਲਈ ਪ੍ਰਬੰਧ ਦਾ ਜਾਇਜ਼ਾ ਲੈਣ ਗਏ ਸਨ। ਇਸ ਦੌਰਾਨ ਉਨ੍ਹਾਂ ਅੱਜ ਯਾਤਰਾ ਬੰਦ ਰੱਖਣ ਦਾ ਐਲਾਨ ਕੀਤਾ ਅਤੇ ਤੀਰਥ ਯਾਤਰੀਆਂ ਤੋਂ ਸਹਿਯੋਗ ਦੀ ਮੰਗ ਕੀਤੀ ਸੀ।

ਡੀਜੀਪੀ ਨੇ ਕਿਹਾ ਸੀ, ''ਯਾਤਰੀਆਂ ਦੀ ਸੁਰੱਖਿਆ ਅਤੇ ਸਹੂਲਤ ਸਾਡੀ ਪਹਿਲ ਹੈ। ਤੀਰਥ ਯਾਤਰੀਆਂ ਨੂੰ ਮੇਰੀ ਅਪੀਲ ਹੈ ਕਿ ਘਾਟੀ ਵਿਚ ਹਾਲਾਤ ਦੇ ਮੱਦੇਨਜ਼ਰ ਸਾਡੇ ਨਾਲ ਸਹਿਯੋਗ ਕੀਤਾ ਜਾਵੇ।'' ਰਾਮਬਨ ਦੇ ਆਵਾਜਾਈ ਪੁਲਿਸ ਮੁਲਾਜ਼ਮ ਨੇ ਦਸਿਆ ਕਿ ਕਲ ਸ਼ਾਮ ਕਰੀਬ 2000 ਸੈਲਾਨੀਆਂ ਅਤੇ ਯਾਤਰੀਆਂ ਨੂੰ ਜੰਮੂ ਤੋਂ ਕਸ਼ਮੀਰ ਵਲ ਜਾਣ ਤੋਂ ਰੋਕ ਦਿਤਾ ਗਿਆ ਸੀ।      (ਏਜੰਸੀ)