ਡਾ. ਅੰਬੇਦਕਰ ਦੇ ਘਰ ਵਿਚ ਭੰਨਤੋੜ, ਠਾਕਰੇ ਨੇ ਦਿਤੇ ਸਖ਼ਤ ਕਾਰਵਾਈ ਦੇ ਹੁਕਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੇ ਕਿਹਾ ਕਿ ਉਨ੍ਹਾਂ ਪੁਲਿਸ ਨੂੰ ਮੁੰਬਈ ਵਿਚ ਪੈਂਦੇ ਡਾ. ਬੀ. ਆਰ. ਅੰਬੇਦਕਰ ਦੇ ਘਰ ‘ਰਾਜਗ੍ਰਹਿ’

File Photo

ਮੁੰਬਈ, 8 ਜੁਲਾਈ  : ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੇ ਕਿਹਾ ਕਿ ਉਨ੍ਹਾਂ ਪੁਲਿਸ ਨੂੰ ਮੁੰਬਈ ਵਿਚ ਪੈਂਦੇ ਡਾ. ਬੀ. ਆਰ. ਅੰਬੇਦਕਰ ਦੇ ਘਰ ‘ਰਾਜਗ੍ਰਹਿ’ ਵਿਚ ਭੰਨਤੋੜ ਕਰਨ ਵਾਲਿਆਂ ਵਿਰੁਧ ਸਖ਼ਤ ਕਾਰਵਾਈ ਕਰਨ ਦੇ ਹੁਕਮ ਦਿਤੇ ਹਨ। ਠਾਕਰੇ ਨੇ ਇਸ ਘਟਨਾ ਨੂੰ ਨਿਖੇਧੀਯੋਗ ਦਸਦਿਆਂ ਕਿਹਾ ਕਿ ਸਰਕਾਰ ਦਾਦਰ ਖੇਤਰ ਵਿਚ ਪੈਂਦੇ ਰਾਜਗ੍ਰਹਿ ਦਾ ਅਪਮਾਨ ਬਰਦਾਸ਼ਤ ਨਹੀਂ ਕਰੇਗੀ। ਪੁਲਿਸ ਅਧਿਕਾਰੀ ਨੇ ਦਸਿਆ ਕਿ ਦੋ ਵਿਅਕਤੀਆਂ ਨੇ ਮੰਗਲਵਾਰ ਰਾਤ ਘਰ ਵਿਚ ਲੱਗੇ ਕੈਮਰਿਆਂ ਨੂੰ ਪੱਥਰ ਮਾਰ ਕੇ ਨੁਕਸਾਨ ਪਹੁੰਚਾਇਆ। ਅਧਿਕਾਰੀ ਨੇ ਕਿਹਾ ਕਿ ਆਲੇ ਦੁਆਲੇ ਦੇ ਘਰਾਂ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਵਿਚ ਇਕ ਵਿਅਕਤੀ ਰਾਜਗ੍ਰਹਿ ਦੇ ਗਮਲਿਆਂ ਨੂੰ ਤੋੜਦਾ ਵਿਖਾਈ ਦੇ ਰਿਹਾ ਹੈ। ਪੁਲਿਸ ਨੇ ਪਰਚਾ ਦਰਜ ਕਰ ਲਿਆ ਹੈ।  

ਠਾਕਰੇ ਨੇ ਕਿਹਾ, ‘ਇਹ ਘਰ ਸਿਰਫ਼ ਅੰਬੇਦਕਰ ਦੇ ਸ਼ਰਧਾਲੂਆਂ ਲਈ ਨਹੀਂ ਸਗੋਂ ਪੂਰੇ ਸਮਾਜ ਲਈ ਪੂਜਣਯੋਗ ਥਾਂ ਹੈ। ਇਸ ਘਰ ਵਿਚ ਅੰਬੇਦਕਰ ਦੀਆਂ ਕਈ ਰਚਨਾਵਾਂ ਸਾਂਭ ਕੇ ਰੱਖੀਆਂ ਹੋਈਆਂ ਹਨ। ਇਹ ਸਾਰੇ ਮਹਾਰਾਸ਼ਟਰ ਵਾਸੀਆਂ ਲਈ ਤੀਰਥ ਅਸਥਾਨ ਵਾਂਗ ਹੈ।’ ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਰਾਜਗ੍ਰਹਿ ਦਾ ਅਪਮਾਨ ਬਰਦਾਸ਼ਤ ਨਹੀਂ ਕਰੇਗੀ। ਅੰਬੇਦਕਰ ਰਾਜਗ੍ਰਹਿ ਵਿਚ ਲਗਭਗ ਦੋ ਦਹਾਕਿਆਂ ਤਕ ਰਹੇ। ਇਹ ਘਰ ਉਨ੍ਹਾਂ ਦੀ ਯਾਦਗਾਰ ‘ਚੈਤੰਨਿਯਭੂਮੀ’ ਲਾਗੇ ਪੈਂਦਾ ਹੈ। ਦਾਦਰ ਦੇ ਹਿੰਦੂ ਕਾਲੋਨੀ ਵਿਚ ਪੈਂਦੇ ਇਸ ਬੰਗਲੇ ਵਿਚ ਅੰਬੇਦਕਰ ਅਜਾਇਬ ਘਰ ਹੈ ਜਿਥੇ ਉਨ੍ਹਾਂ ਦੀਆਂ ਕਿਤਾਬਾਂ, ਤਸਵੀਰਾਂ, ਅਸਥੀਆਂ, ਭਾਂਡੇ ਅਤੇ ਹੋਰ ਕਲਾਕ੍ਰਿਤਾਂ ਪਈਆਂ ਹਨ।     (ਏਜੰਸੀ)