ਜ਼ਿਆਦਾ ਅਬਾਦੀ ਦੇ ਬਾਵਜੂਦ ਭਾਰਤ ਵਿਚ ਹਾਲਾਤ ਬਿਹਤਰ- ਸਿਹਤ ਮੰਤਰਾਲਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਦੇਸ਼ ਵਿਚ ਕੋਰੋਨਾ ਵਾਇਰਸ ਦੇ ਮੌਜੂਦਾ ਹਾਲਾਤਾਂ ਨੂੰ ਲੈ ਕੇ ਵੀਰਵਾਰ ਨੂੰ ਸਿਹਤ ਮੰਤਰਾਲੇ ਨੇ ਪ੍ਰੈੱਸ ਕਾਨਫਰੰਸ ਕੀਤੀ।

Corona virus

ਨਵੀਂ ਦਿੱਲੀ: ਦੇਸ਼ ਵਿਚ ਕੋਰੋਨਾ ਵਾਇਰਸ ਦੇ ਮੌਜੂਦਾ ਹਾਲਾਤਾਂ ਨੂੰ ਲੈ ਕੇ ਵੀਰਵਾਰ ਨੂੰ ਸਿਹਤ ਮੰਤਰਾਲੇ ਨੇ ਪ੍ਰੈੱਸ ਕਾਨਫਰੰਸ ਕੀਤੀ। ਮੰਤਰਾਲੇ ਨੇ ਕਿਹਾ ਕਿ ਅਬਾਦੀ ਦੇ ਅਧਾਰ ‘ਤੇ ਭਾਰਤ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਦੇਸ਼ ਹੈ। ਇੰਨੀ ਵੱਡੀ ਗਿਣਤੀ ਹੋਣ ਦੇ ਬਾਵਜੂਦ ਅਸੀਂ ਕੋਰੋਨਾ ‘ਤੇ ਸੰਤੁਸ਼ਟੀ ਵਾਲਾ ਕੰਮ ਕੀਤਾ ਹੈ। ਅਬਾਦੀ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਕੋਰੋਨਾ ਨੂੰ ਲੈ ਕੇ ਭਾਰਤ ਦੁਨੀਆ ਦੇ ਹੋਰ ਦੇਸ਼ਾਂ ਦੀ ਤੁਲਨਾ ਵਿਚ ਸਭ ਤੋਂ ਹੇਠਾਂ ਹੈ।

ਸਿਹਤ ਮੰਤਰਾਲੇ ਨੇ ਕਿਹਾ ਕਿ ਪ੍ਰਤੀ 10 ਲੱਖ ਅਬਾਦੀ ਦੇ ਹਿਸਾਬ ਨਾਲ ਅੱਜ 538 ਮਾਮਲੇ ਹਨ। ਅਬਾਦੀ ਨੂੰ ਧਿਆਨ ਵਿਚ ਰੱਖਦੇ ਹੋਏ ਕਈ ਦੇਸ਼ਾਂ ਵਿਚ ਤਾਂ ਭਾਰਤ ਤੋਂ 16-17 ਗੁਣਾ ਜ਼ਿਆਦਾ ਮਾਮਲੇ ਹਨ। ਭਾਰਤ ਵਿਚ ਮੌਤ ਦਰ ਵੀ ਕਾਫੀ ਘੱਟ ਹੈ। ਮੰਤਰਾਲੇ ਨੇ ਕਿਹਾ ਕਿ ਦੇਸ਼ ਵਿਚ ਪ੍ਰਤੀ 10 ਲੱਖ ਜਨਸੰਖਿਆ ‘ਤੇ 15 ਮੌਤਾਂ ਹਨ।

ਉੱਥੇ ਹੀ ਕੁਝ ਅਜਿਹੇ ਦੇਸ਼ ਹਨ, ਜਿੱਥੇ ਭਾਰਤ ਨਾਲੋਂ 40 ਗੁਣਾ ਮੌਤਾਂ ਹਨ। ਭਾਰਤ ਵਿਚ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ ਵਧ ਰਹੀ ਹੈ।  ਅੱਜ ਦੇਸ਼ ਵਿਚ ਕੋਰੋਨਾ ਦੇ 2,69,000 ਐਕਟਿਵ ਕੇਸ ਹਨ, ਜਦਕਿ 4,76,378 ਲੋਕ ਠੀਕ ਹੋ ਚੁੱਕੇ ਹਨ। ਕੋਰੋਨਾ ਨਾਲ 15 ਤੋਂ 29 ਸਾਲ ਦੇ ਉਮਰ ਦੇ ਲੋਕਾਂ ਦੀ ਮੌਤ ਦੀ ਗੱਲ ਕਰੀਏ ਤਾਂ ਸਿਰਫ ਤਿੰਨ ਫੀਸਦੀ ਹੈ। ਜਦਕਿ 30 ਤੋਂ 44 ਸਾਲ ਦੀ ਉਮਰ ਵਿਚ 11 ਫੀਸਦੀ ਮੌਤਾਂ ਹੋਈਆਂ ਹਨ।

ਸਿਹਤ ਮੰਤਰਾਲੇ ਦੇ ਸਕੱਤਰ ਰਾਜੇਸ਼ ਭੂਸ਼ਣ ਨੇ ਕਿਹਾ ਕਿ ਕੋਰੋਨਾ ਵਾਇਰਸ ਨਾਲ ਹੋਣ ਵਾਲੀਆਂ ਮੌਤਾਂ ਵਿਚ 60 ਤੋਂ 74 ਸਾਲ ਵਾਲਿਆਂ ਦੀ ਗਿਣਤੀ ਜ਼ਿਆਦਾ ਹੈ। 45 ਤੋਂ 75 ਸਾਲ ਵਾਲੇ ਜ਼ਿਆਦਾ ਚਪੇਟ ਵਿਚ ਆਏ ਹਨ ਅਤੇ ਇਸੇ ਵਰਗ ਵਿਚ ਮਰਨ ਵਾਲਿਆਂ ਦੀ ਗਿਣਤੀ ਵੀ ਜ਼ਿਆਦਾ ਰਹੀ ਹੈ।

ਉੱਥੇ ਹੀ ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ ਨੇ ਕਿਹਾ ਕਿ ਦੇਸ਼ ਵਿਚ ਲੈਬਾਂ ਦੀ ਗਿਣਤੀ ਵਧਾਉਣ ਦੀ ਕੋਸ਼ਿਸ਼ ਜਾਰੀ ਹੈ।  ਇਸ ਸਮੇਂ ਦੇਸ਼ ਵਿਚ 1132 ਲੈਬ ਓਪਰੇਸ਼ਨ ਹਨ। ਕਈ ਲੈਬ ਪਾਈਪਲਾਈਨ ਵਿਚ ਹਨ। ਆਈਸੀਐਮਆਰ ਵੱਲੋਂ ਕਿਹਾ ਗਿਆ ਹੈ ਕਿ ਹਰ ਦਿਨ ਔਸਤਨ 2.6 ਲੱਖ ਟੈਸਟਿੰਗ ਹੋ ਰਹੀ ਹੈ।