ਭਗੌੜੇ ਹੀਰਾ ਕਾਰੋਬਾਰੀ ਨੀਰਵ ਮੋਦੀ ਦੀ 327 ਕਰੋੜ ਦੀ ਜਾਇਦਾਦ ਜ਼ਬਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਇਨਫ਼ੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਭਗੌੜੇ ਹੀਰੇ ਦੇ ਵਪਾਰੀ ਨੀਰਵ ਮੋਦੀ ਵਿਰੁਧ ਵੱਡੀ ਕਾਰਵਾਈ ਕੀਤੀ ਹੈ।

Nirav Modi

ਨਵੀਂ ਦਿੱਲੀ, 8 ਜੁਲਾਈ : ਇਨਫ਼ੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਭਗੌੜੇ ਹੀਰੇ ਦੇ ਵਪਾਰੀ ਨੀਰਵ ਮੋਦੀ ਵਿਰੁਧ ਵੱਡੀ ਕਾਰਵਾਈ ਕੀਤੀ ਹੈ। ਇਨਫ਼ੋਰਸਮੈਂਟ ਡਾਇਰੈਕਟੋਰੇਟ ਨੇ ਦਸਿਆ ਹੈ ਕਿ ਨੀਰਵ ਮੋਦੀ ਦੀ 326.99 ਕਰੋੜ ਦੀ ਜਾਇਦਾਦ ਭਗੌੜੇ ਆਰਥਿਕ ਅਪਰਾਧ ਐਕਟ ਤਹਿਤ ਜ਼ਬਤ ਕਰ ਲਈ ਗਈ ਹੈ।
ਮਹੱਤਵਪੂਰਨ ਗੱਲ ਇਹ ਹੈ ਕਿ ਜੂਨ ਦੇ ਸ਼ੁਰੂਆਤੀ ਹਫ਼ਤੇ ਪੀਐਮਐਲਏ ਅਦਾਲਤ ਨੇ ਆਦੇਸ਼ ਦਿਤਾ ਸੀ ਕਿ ਨੀਰਵ ਮੋਦੀ ਦੀ ਸਾਰੀ ਜਾਇਦਾਦ ਜ਼ਬਤ ਕਰ ਲਈ ਜਾਵੇ। ਇਸ ਆਦੇਸ਼ ਦੇ ਬਾਅਦ ਹੁਣ ਨੀਰਵ ਦੀਆਂ ਸਾਰੀਆਂ ਜਾਇਦਾਦਾਂ 'ਤੇ ਭਾਰਤ ਸਰਕਾਰ ਦਾ ਅਧਿਕਾਰ ਹੈ।

ਇਨਫ਼ੋਰਸਮੈਂਟ ਡਾਇਰੈਕਟੋਰੇਟ ਨੇ ਕਿਹਾ ਹੈ ਕਿ ਨੀਰਵ ਮੋਦੀ ਦੀਆਂ ਜ਼ਬਤ ਕੀਤੀਆਂ ਜਾਇਦਾਦਾਂ ਵਿਚ ਮੁੰਬਈ ਵਿਚ ਚਾਰ ਫ਼ਲੈਟ, ਅਲੀਬਾਗ਼ ਵਿਚ ਜ਼ਮੀਨ, ਇਕ ਫ਼ਾਰਮ ਹਾਊਸ, ਲੰਦਨ ਵਿਚ ਫ਼ਲੈਟ, ਯੂਏਈ ਵਿਚ ਇਕ ਫ਼ਲੈਟ, ਜੈਸਲਮੇਰ ਵਿਚ ਇਕ ਵਿੰਡ ਮਿੱਲ ਅਤੇ ਬੈਂਕਾਂ ਅਤੇ ਸ਼ੇਅਰਾਂ ਵਿਚ ਜਮ੍ਹਾਂ ਪੈਸੇ ਸ਼ਾਮਲ ਹਨ। ਕਿਹਾ ਜਾ ਰਿਹਾ ਹੈ ਕਿ ਈਡੀ ਦੀ ਇਸ ਵੱਡੀ ਕਾਰਵਾਈ ਕਾਰਨ ਨੀਰਵ ਮੋਦੀ ਨੂੰ ਬਹੁਤ ਨੁਕਸਾਨ ਝਲਣਾ ਪਿਆ ਹੈ। ਹਾਲਾਂਕਿ ਇਸ ਤੋਂ ਪਹਿਲਾਂ ਨੀਰਵ ਮੋਦੀ 'ਤੇ ਈ.ਡੀ. ਦੁਆਰਾ ਜ਼ਬਤ ਕਰਨ ਦੀ ਕਾਰਵਾਈ ਕੀਤੀ ਜਾ ਚੁੱਕੀ ਹੈ।

ਮਾਰਚ 2020 ਵਿਚ ਹੋਈ ਨੀਰਵ ਮੋਦੀ ਦੀ ਜਾਇਦਾਦਾਂ ਦੀ ਨਿਲਾਮੀ ਤੋਂ 51 ਕਰੋੜ ਪ੍ਰਾਪਤ ਹੋਏ ਸਨ। ਇਹ ਸੰਪਤੀਆਂ ਈਡੀ ਨੇ ਜ਼ਬਤ ਕਰ ਲਈਆਂ ਸਨ। ਨਿਲਾਮੀ ਕੀਤੀ ਗਈ ਜਾਇਦਾਦਾਂ ਵਿਚ ਰੋਲਜ਼ ਰਾਇਸ ਕਾਰਾਂ, ਐਮਐਫ ਹੁਸੈਨ ਅਤੇ ਅਮ੍ਰਿਤਾ ਸ਼ੇਰ-ਗਿੱਲ ਪੇਂਟਿੰਗਜ਼ ਅਤੇ ਡਿਜ਼ਾਈਨਰ ਹੈਂਡਬੈਗ ਸ਼ਾਮਲ
ਸਨ।  (ਏਜੰਸੀ)