ਮੌਜੂਦਾ ਕਮੇਟੀ ਨੂੰ ਤੁਰਤ ਭੰਗ ਕਰ ਕੇ ਚੋਣਾਂ ਕਰਵਾਈਆਂ ਜਾਣ : ਪੰਥਕ ਤਾਲਮੇਲ ਸੰਗਠਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦਾਤਿਆਂ ਦੀ ਕੌਮ ਨੂੰ ਮੰਗਤਿਆਂ ਦੀ ਕੌਮ ਬਣਾ ਕੇ ਰੱਖ ਦਿਤਾ

File Photo

ਜੰਮੂ, 8 ਜੁਲਾਈ (ਸਰਬਜੀਤ ਸਿੰਘ): ਜੰਮੂ-ਕਸ਼ਮੀਰ ਵਿਚ ਗੁਰਦਵਾਰਾ ਚੋਣਾਂ ਨੂੰ ਲੈ ਕੇ ਜਿਥੇ ਸਰਗਰਮੀਆਂ ਤੇਜ਼ ਹੋ ਗਈਆਂ ਹਨ ਉਥੇ ਪੰਥਕ ਤਾਲਮੇਲ ਸੰਗਠਨ ਵਲੋਂ ਇਕ ਬਿਆਨ ਜਾਰੀ ਕਰ ਕੇ ਮੌਜੂਦਾ ਕਮੇਟੀ ਦੀ ਸਥਿਤੀ ਤੋਂ ਜੰਮੂ ਕਸ਼ਮੀਰ ਦੀਆਂ ਸੰਗਤਾਂ ਨੂੰ ਜਾਗਰੂਕ ਕੀਤਾ ਹੈ। ਪੰਥਕ ਤਾਲਮੇਲ ਸੰਗਠਨ ਜੰਮੂ ਕਸ਼ਮੀਰ ਨੇ ਜ਼ਿਲ੍ਹਾ ਗੁਰਦੁਆਰਾ  ਪ੍ਰਬੰਧਕ ਕਮੇਟੀ ਜੰਮੂ ਉਪਰ ਤਿੱਖਾ ਹਮਲਾ ਕਰਦੇ ਹੋਏ ਕਿਹਾ ਕਿ ਛੇ ਜੁਲਾਈ ਨੂੰ ਮੌਜੂਦਾ ਕਮੇਟੀ ਦੇ ਮੈਂਬਰਾਂ ਨੇ ਅਪਣੀ ਕਮੇਟੀ ਦੀ ਹੋਂਦ ਨੂੰ ਬਚਾਉਣ ਲਈ ਇਕ ਪੱਤਰਕਾਰ ਕਾਨਫ਼ਰੰਸ ਦੌਰਾਨ ਸਰਕਾਰ ਦੇ ਤਰਲੇ ਮਾਰੇ ਸਨ।

ਬਿਆਨ ਵਿਚ ਕਿਹਾ ਗਿਆ ਕਿ ਨਾਨਕਸ਼ਾਹੀ ਕੈਲੰਡਰ ਨੂੰ ਜਾਰੀ ਕਰਵਾਉਣ ਦੀਆਂ ਕਸਮਾਂ ਖਾਣ ਵਾਲੇ,  ਜੈਕਾਰੇ, ਅਰਦਾਸਾਂ, ਹੁਕਮਨਾਮੇ ਅਤੇ ਪ੍ਰਵਾਨਗੀਆਂ ਲੈਣ ਵਾਲੇ ਦੋ ਸਾਲਾਂ ਦੇ ਅੰਦਰ ਹੀ ਗੁਰੂ ਨਾਨਕ ਸਾਹਿਬ ਨੂੰ ਬੇਦਾਵਾ ਦੇ ਗਏ ਸਨ। ਇਥੇ ਹੀ ਬਸ ਨਹੀਂ ਇਸ ਕਮੇਟੀ ਨੇ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਦਾ ਵਿਰੋਧ ਕਰਨ ਵਾਲਿਆਂ ਦੇ ਗਲ ਵਿਚ ਹਾਰ ਪਾਏ ਅਤੇ ਉਨ੍ਹਾਂ ਦੀ ਤਰੀਫ਼ਾਂ ਦੇ ਪੁਲ ਬਣਦੇ ਰਹੇ।

ਬਿਆਨ ਵਿਚ ਕਿਹਾ ਗਿਆ ਕਿ ਦਾਤਿਆਂ ਦੀ ਕੌਮ ਨੂੰ ਇਨ੍ਹਾਂ ਮੰਗਤਿਆਂ ਦੀ ਕੌਮ ਬਣਾ ਕੇ ਰੱਖ ਦਿਤਾ। ਹਰ ਸਾਲ ਗੁਰਦੁਆਰਾ ਕਮੇਟੀ ਮੈਂਬਰਾਂ ਨੇ ਸਟੇਜਾਂ ਉਪਰੋਂ ਸਰਕਾਰ ਕੋਲੋਂ ਕਦੇ ਬੰਦਾ ਸਿੰਘ ਬਹਾਦਰ ਦਾ ਬੁੱਤ ਲਾਉਣ ਦੀ ਮੰਗ, ਗੁਰੂ ਸਾਹਿਬ ਦੇ ਨਾਮ ਉਪਰ ਸੜਕ ਦਾ ਨਾਮ ਰੱਖਣ ਦੀ ਮੰਗ,  ਕਦੇ ਇਕ ਸਿੱਖ ਨੂੰ ਮੰਤਰੀ, ਕਦੇ ਜੱਜ ਲਗਾਉਣ ਅਤੇ ਹੁਣ ਪਬਲਿਕ ਸਰਵਿਸ ਕਮਿਸ਼ਨ ਦਾ ਮੈਂਬਰ ਲਏ ਜਾਣ ਦੀ ਮੰਗ ਹੱਥ ਅੱਡ ਕੇ ਕੀਤੀ ਜਾ ਰਹੀ ਹੈ।

ਮੌਜੂਦਾ ਕਮੇਟੀ 'ਤੇ ਤਿੱਖਾ ਹਮਲਾ ਕਰਦੇ ਹੋਏ ਸੰਗਠਨ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ 'ਤੇ ਨਿਕਲੇ ਨਗਰ ਕੀਰਤਨ ਵਿਚ ਭੇਟਾਵਾਂ ਦੇ ਰੂਪ ਵਿਚ ਗੁਰੂ ਦੀ ਗੋਲਕ ਨੂੰ ਖੁੱਲ੍ਹਾ ਵੰਡਿਆ ਗਿਆ। ਇਹ ਮਾਇਆ ਸੰਗਤਾਂ ਦੀ ਕਿਰਤ ਕਮਾਈ ਦੀ ਸੀ ਜਿਸ ਨੂੰ ਨਗਰ ਕੀਰਤਨ ਵਿਚ ਲੁਟਾਇਆ ਗਿਆ। ਇਕ ਲੱਖ ਬੱਤੀ ਹਜ਼ਾਰ ਰੁਪਏ ਸਿਰਫ਼ ਭੇਟਾ ਵੰਡੀ ਗਈ, ਸ਼੍ਰੋਮਣੀ ਕਮੇਟੀ ਦੇ ਡਾ. ਰੂਪ ਸਿੰਘ ਨੂੰ 21 ਹਜ਼ਾਰ ਰੁਪਏ ਦਿਤੇ ਗਏ, ਕਿਉਂ?

ਜਿਸ ਕਿਸੇ ਨੇ ਇਕ ਕਵਿਤਾ ਪੜ੍ਹੀ ਉਸ ਨੂੰ 5 ਹਜ਼ਾਰ, ਜਿਸ ਨੇ ਇਕ ਸ਼ਬਦ ਪੜ੍ਹਿਆ ਉਸ ਨੂੰ 5 ਹਜ਼ਾਰ, ਜਿਸਨੇ ਲੈਕਚਰ ਕੀਤਾ ਉਸ ਨੂੰ 10 ਹਜ਼ਾਰ , ਢਾਡੀ ਜਥੇ ਨੂੰ 5 ਹਜ਼ਾਰ, ਇਸ ਤਰ੍ਹਾਂ ਕਰ ਕੇ 1 ਲੱਖ 32 ਹਜਾਰ ਰੁਪਏ ਨੂੰ ਭੇਟਾ ਦੇ ਰੂਪ ਵਿਚ ਲੁਟਾਇਆ ਗਿਆ । ਕੋਰੋਨਾ ਦੌਰਾਨ ਲੱਖਾਂ ਰੁਪਏ ਗੋਲਕ ਵਿਚੋਂ ਕੱਢ ਕੇ ਗ਼ਰੀਬਾਂ ਦੇ ਨਾਂ ਤੇ ਰਾਸ਼ਨ ਵੰਡਿਆ ਗਿਆ। ਅਪਣੀਆਂ ਵੋਟਾਂ ਨੂੰ ਪੱਕਿਆਂ ਕਰਨ ਲਈ ਕਮੇਟੀ ਦਾ ਖ਼ਜ਼ਾਨਾ ਖ਼ਾਲੀ ਕਰ ਦਿਤਾ ਗਿਆ।

ਸਾਰੇ ਮੈਂਬਰਾਂ ਨੇ ਅਪਣੇ-ਅਪਣੇ ਹਲਕੇ ਵਿਚ ਰਾਸ਼ਨ ਵੰਡਿਆ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਜੰਮੂ ਕਮੇਟੀ ਦੇ ਇਸ ਘਪਲਿਆਂ ਦੀ ਜਾਂਚ ਕੌਣ ਕਰੇਗਾ? ਦੂਜੀ ਗੱਲ ਜ਼ਿਲ੍ਹਾ ਗੁਰਦਵਾਰਾ ਪ੍ਰਬੰਧਕ ਕਮੇਟੀ ਲੋਕਤੰਤਰ ਢੰਗ ਨਾਲ ਚੁਣੀ ਗਈ ਕਮੇਟੀ ਨੂੰ ਭੰਗ ਕਿਉਂ ਨਾ ਕੀਤਾ ਜਾਵੇ?  ਜਦਕਿ ਰਿਆਸਤ ਵਿਚ ਵੀ ਲੋਕਤੰਤਰ ਢੰਗ ਨਾਲ ਚੁਣੇ ਗਏ ਐਮਐਲਏ 5 ਸਾਲ ਤੋਂ ਪਹਿਲਾਂ ਉਨ੍ਹਾਂ ਦੀ ਮਿਆਦ ਖ਼ਤਮ ਕਰ ਦਿਤੀ ਜਾਂਦੀ ਹੈ ਅਤੇ ਜੰਮੂ ਗੁਰਦੁਆਰਾ ਕਮੇਟੀ ਨੇ ਵੀ ਅਪਣੇ 5 ਸਾਲ ਪੂਰੇ ਕਰ ਲਏ ਹਨ ਅਤੇ ਇਸ ਕਮੇਟੀ ਨੂੰ ਵੀ ਤੁਰਤ ਭੰਗ ਕਰ ਕੇ ਨਵੀਆਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਰਵਾਈਆਂ ਜਾਣ।