ਦਿੱਲੀ ’ਚ 1982 ਤੋਂ ਬਾਅਦ ਜੁਲਾਈ ਮਹੀਨੇ ਦੌਰਾਨ ਇਕ ਦਿਨ ਦਾ ਸਭ ਤੋਂ ਵੱਧ ਮੀਂਹ ਦਰਜ ਕੀਤਾ ਗਿਆ
ਕੇਜਰੀਵਾਲ ਨੇ ਅਧਿਕਾਰੀਆਂ ਦੀ ਐਤਵਾਰ ਦੀ ਛੁੱਟੀ ਰੱਦ ਕੀਤੀ
ਨਵੀਂ ਦਿੱਲੀ: ਦੇਸ਼ ਦੀ ਰਾਜਧਾਨੀ ਵਿਚ ਐਤਵਾਰ ਸਵੇਰੇ 8.30 ਵਜੇ ਖ਼ਤਮ ਹੋਏ 24 ਘੰਟਿਆਂ ਦੌਰਾਨ 153 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ, ਜੋ ਕਿ 1982 ਤੋਂ ਬਾਅਦ ਜੁਲਾਈ ਵਿਚ ਇਕ ਦਿਨ ਦਾ ਸਭ ਤੋਂ ਵੱਧ ਅੰਕੜਾ ਹੈ। ਭਾਰਤ ਮੌਸਮ ਵਿਭਾਗ ਨੇ ਇਹ ਜਾਣਕਾਰੀ ਦਿਤੀ। ਮੌਸਮ ਵਿਭਾਗ ਅਨੁਸਾਰ, ਪਛਮੀ ਗੜਬੜ ਅਤੇ ਮਾਨਸੂਨ ਹਵਾਵਾਂ ਨਾਲ ਉੱਤਰੀ-ਪਛਮੀ ਭਾਰਤ ’ਚ ਭਾਰੀ ਬਾਰਸ਼ ਹੋਈ ਅਤੇ ਦਿੱਲੀ ’ਚ ਮੌਸਮ ਦੀ ਪਹਿਲੀ 'ਬਹੁਤ ਭਾਰੀ ਬਾਰਿਸ਼' ਦਰਜ ਕੀਤੀ ਗਈ।
ਮੌਸਮ ਵਿਭਾਗ ਦੇ ਇਕ ਅਧਿਕਾਰੀ ਨੇ ਦਸਿਆ ਕਿ ਸਫ਼ਦਰਜੰਗ ਆਬਜ਼ਰਵੇਟਰੀ ਨੇ ਐਤਵਾਰ ਸਵੇਰੇ 8.30 ਵਜੇ ਤਕ ਪਿਛਲੇ 24 ਘੰਟਿਆਂ ਵਿਚ 153 ਮਿਲੀਮੀਟਰ ਮੀਂਹ ਰੀਕਾਰਡ ਕੀਤਾ, ਜੋ ਕਿ 25 ਜੁਲਾਈ 1982 ਤੋਂ ਬਾਅਦ ਸਭ ਤੋਂ ਵੱਧ ਹੈ ਜਦੋਂ ਇਕ ਦਿਨ ਵਿਚ 169.9 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ।
ਅਧਿਕਾਰੀ ਅਨੁਸਾਰ ਸ਼ਹਿਰ ਵਿਚ 10 ਜੁਲਾਈ 2003 ਨੂੰ 133.4 ਮਿਲੀਮੀਟਰ ਮੀਂਹ ਦਰਜ ਕੀਤੀ ਗਈ ਸੀ ਅਤੇ ਹੁਣ ਤਕ ਦਾ ਸਭ ਤੋਂ ਵੱਧ 266.2 ਮਿਲੀਮੀਟਰ ਮੀਂਹ 21 ਜੁਲਾਈ 1958 ਨੂੰ ਦਰਜ ਕੀਤਾ ਗਿਆ ਸੀ।
ਇਹ ਵੀ ਪੜ੍ਹੋ: ਵਿਅਕਤੀ ਨੇ ਪੱਖੇ ਨਾਲ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ
ਮੌਸਮ ਵਿਭਾਗ ਨੇ ਦਿੱਲੀ ਵਿਚ ਦਰਮਿਆਨੀ ਬਾਰਿਸ਼ ਦੀ ਭਵਿੱਖਬਾਣੀ ਕਰਦਿਆਂ ‘ਯੈਲੋ ਅਲਰਟ’ ਜਾਰੀ ਕੀਤਾ ਹੈ। ਰਿਜ, ਲੋਧੀ ਰੋਡ ਅਤੇ ਦਿੱਲੀ ਯੂਨੀਵਰਸਿਟੀ ਦੇ ਮੌਸਮ ਸਟੇਸ਼ਨਾਂ ’ਤੇ ਲੜੀਵਾਰ 134.5 ਮਿਲੀਮੀਟਰ, 123.4 ਮਿਲੀਮੀਟਰ ਅਤੇ 118 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਮੌਸਮ ਵਿਭਾਗ ਅਨੁਸਾਰ 15 ਮਿਲੀਮੀਟਰ ਤੋਂ ਘੱਟ ਬਾਰਿਸ਼ 'ਹਲਕੀ', 15 ਮਿਲੀਮੀਟਰ ਤੋਂ 64.5 ਮਿਲੀਮੀਟਰ 'ਦਰਮਿਆਨੀ', 64.5 ਮਿਲੀਮੀਟਰ ਤੋਂ 115.5 ਮਿਲੀਮੀਟਰ 'ਭਾਰੀ' ਅਤੇ 115.6 ਮਿਲੀਮੀਟਰ ਤੋਂ 204.4 ਮਿਲੀਮੀਟਰ 'ਬਹੁਤ ਭਾਰੀ' ਹੈ। ਇਸ ਦੇ ਨਾਲ ਹੀ, ਜਦੋਂ 204.4 ਮਿਲੀਮੀਟਰ ਤੋਂ ਵੱਧ ਬਾਰਿਸ਼ ਦਰਜ ਕੀਤੀ ਜਾਂਦੀ ਹੈ, ਤਾਂ ਇਸ ਨੂੰ 'ਬਹੁਤ ਭਾਰੀ' ਬਾਰਿਸ਼ ਦੀ ਸ਼੍ਰੇਣੀ ਵਿਚ ਰਖਿਆ ਜਾਂਦਾ ਹੈ।
ਭਾਰੀ ਮੀਂਹ ਕਾਰਨ ਸ਼ਹਿਰ ਦੇ ਕਈ ਮੈਦਾਨਾਂ, ਅੰਡਰਪਾਸ, ਬਾਜ਼ਾਰ ਅਤੇ ਇੱਥੋਂ ਤਕ ਕਿ ਹਸਪਤਾਲਾਂ ਤਕ ’ਚ ਪਾਣੀ ਭਰ ਗਿਆ ਅਤੇ ਸੜਕਾਂ ਜਾਮ ਹੋ ਗਈਆਂ।
ਸੜਕਾਂ ’ਤੇ ਗੋਡੇ-ਗੋਡੇ ਪਾਣੀ ’ਚੋਂ ਲੰਘਣ ਵਾਲੇ ਲੋਕਾਂ ਦੀਆਂ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ਫੋਰਮਾਂ ’ਤੇ ਵਾਇਰਲ ਹੋ ਗਈਆਂ, ਜਿਸ ਨੇ ਸ਼ਹਿਰ ਦੇ ਡਰੇਨੇਜ ਢਾਂਚੇ ’ਤੇ ਸਵਾਲ ਖੜੇ ਕੀਤੇ। ਤੇਜ਼ ਹਵਾਵਾਂ ਅਤੇ ਮੀਂਹ ਕਾਰਨ ਕਈ ਇਲਾਕਿਆਂ ਵਿਚ ਬਿਜਲੀ ਅਤੇ ਇੰਟਰਨੈੱਟ ਸੇਵਾਵਾਂ ਵੀ ਪ੍ਰਭਾਵਿਤ ਹੋਈਆਂ।
ਅਧਿਕਾਰੀਆਂ ਦੀ ਐਤਵਾਰ ਦੀ ਛੁੱਟੀ ਰੱਦ, ਸੋਮਵਾਰ ਨੂੰ ਸਕੂਲ ਬੰਦ ਰਹਿਣਗੇ
ਭਾਰੀ ਮੀਂਹ ਦੇ ਮੱਦੇਨਜ਼ਰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸਾਰੇ ਸਰਕਾਰੀ ਅਧਿਕਾਰੀਆਂ ਦੀਆਂ ਛੁੱਟੀਆਂ ਰੱਦ ਕਰ ਦਿਤੀਆਂ ਹਨ ਅਤੇ ਉਨ੍ਹਾਂ ਨੂੰ ਪ੍ਰਭਾਵਿਤ ਇਲਾਕਿਆਂ ਵਿਚ ਜਾਣ ਦੇ ਹੁਕਮ ਦਿਤੇ ਹਨ। ਕੇਜਰੀਵਾਲ ਨੇ ਇਹ ਵੀ ਕਿਹਾ ਕਿ ਦਿੱਲੀ ਦੇ ਕੈਬਨਿਟ ਮੰਤਰੀ ਅਤੇ ਮੇਅਰ ਸ਼ੈਲੀ ਓਬਰਾਏ ਵੀ ਰਾਸ਼ਟਰੀ ਰਾਜਧਾਨੀ ਵਿਚ "ਸਮੱਸਿਆ ਵਾਲੇ ਖੇਤਰਾਂ" ਦਾ ਦੌਰਾ ਕਰਨਗੇ।
ਮੁੱਖ ਮੰਤਰੀ ਨੇ ਸੋਮਵਾਰ ਨੂੰ ਵੀ ਭਾਰੀ ਮੀਂਹ ਦੀ ਮੌਸਮ ਵਿਭਾਗ ਦੀ ਭਵਿੱਖਬਾਣੀ ਦੇ ਮੱਦੇਨਜ਼ਰ ਦਿੱਲੀ ਦੇ ਸਾਰੇ ਸਕੂਲਾਂ ’ਚ ਛੁੱਟੀ ਦਾ ਐਲਾਨ ਕਰ ਦਿਤਾ ਹੈ।
ਮੁੱਖ ਮੰਤਰੀ ਨੇ ਟਵੀਟ ਕੀਤਾ, “ਦਿੱਲੀ ਵਿਚ ਕੱਲ੍ਹ 126 ਮਿਲੀਮੀਟਰ ਮੀਂਹ ਪਿਆ। ਮੌਨਸੂਨ ਸੀਜ਼ਨ ਦੌਰਾਨ ਕੁੱਲ ਬਾਰਿਸ਼ ਦਾ 15 ਫੀ ਸਦੀ 12 ਘੰਟਿਆਂ ਵਿਚ ਦਰਜ ਕੀਤਾ ਗਿਆ। ਪਾਣੀ ਭਰਨ ਕਾਰਨ ਲੋਕ ਕਾਫੀ ਪ੍ਰੇਸ਼ਾਨ ਸਨ। ਅੱਜ ਦਿੱਲੀ ਦੇ ਸਾਰੇ ਮੰਤਰੀ ਅਤੇ ਮੇਅਰ ਸਮੱਸਿਆ ਵਾਲੇ ਖੇਤਰਾਂ ਦਾ ਦੌਰਾ ਕਰਨਗੇ। ਸਾਰੇ ਵਿਭਾਗ ਦੇ ਅਧਿਕਾਰੀਆਂ ਦੀ ਐਤਵਾਰ ਦੀ ਛੁੱਟੀ ਰੱਦ ਕਰਦਿਆਂ ਉਨ੍ਹਾਂ ਨੂੰ ਇਲਾਕੇ ਵਿੱਚ ਜਾਣ ਦੇ ਹੁਕਮ ਦਿਤੇ ਗਏ ਹਨ।’’
ਦਿੱਲੀ ’ਚ ਯਮੁਨਾ ਨਦੀ ’ਚ ਪਾਣੀ ਦਾ ਪੱਧਰ ਮੰਗਲਵਾਰ ਨੂੰ ਖ਼ਤਰੇ ਦਾ ਨਿਸ਼ਾਨ ਪਾਰ ਕਰਨ ਦਾ ਖਦਸ਼ਾ
ਦਿੱਲੀ ’ਚ ਯਮੁਨਾ ਨਦੀ ਦੇ ਪਾਣੀ ਦਾ ਪੱਧਰ ਵਧ ਰਿਹਾ ਹੈ ਅਤੇ ਇਸ ਦੇ ਮੰਗਲਵਾਰ ਨੂੰ ਖ਼ਤਰੇ ਦਾ ਨਿਸ਼ਾਨ 205.33 ਮੀਟਰ ਪਾਰ ਕਰਨ ਦਾ ਖਦਸ਼ਾ ਹੈ ਕੇਂਦਰੀ ਜਲ ਕਮਿਸ਼ਨ ਦੇ ਹੜ੍ਹ ਨਿਗਰਾਨੀ ਪੋਰਟਲ ਅਨੁਸਾਰ ਓਲਡ ਰੇਲਵੇ ਬ੍ਰਿਜ ’ਤੇ ਯਮੁਨਾ ਦੇ ਪਾਣੀ ਦਾ ਪੱਧਰ ਐਤਵਾਰ ਦੁਪਹਿਰ 1 ਵਜੇ 203.18 ਮੀਟਰ ਸੀ, ਜਦਕਿ ਖ਼ਤਰੇ ਦਾ ਪੱਧਰ 204.5 ਮੀਟਰ ਹੈ। ਕਮਿਸ਼ਨ ਨੇ ਇਕ ਸਲਾਹ ’ਚ ਕਿਹਾ ਹੈ ਕਿ ਮੰਗਲਵਾਰ ਨੂੰ ਸਵੇਰੇ 11 ਵਜੇ ਤੋਂ ਦੁਪਹਿਰ 1 ਵਜੇ ਵਿਚਕਾਰ ਪਾਣੀ ਦਾ ਪੱਧਰ 205.5 ਮੀਟਰ ਤਕ ਰਹਿਣ ਦਾ ਖਦਸ਼ਾ ਹੈ।
ਮੌਸਮ ਵਿਭਾਗ ਨੇ ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਵਿਚ ਵੀ ਦਿਨ ਭਰ ਰੁਕ-ਰੁਕ ਕੇ ਭਾਰੀ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। ਸੋਮਵਾਰ ਤਕ ਜੰਮੂ-ਕਸ਼ਮੀਰ ਦੇ ਅਲੱਗ-ਥਲੱਗ ਖੇਤਰਾਂ ਅਤੇ ਪੂਰਬੀ ਰਾਜਸਥਾਨ, ਹਰਿਆਣਾ, ਚੰਡੀਗੜ੍ਹ, ਦਿੱਲੀ ਅਤੇ ਪੰਜਾਬ ਵਿਚ ਐਤਵਾਰ ਨੂੰ ਭਾਰੀ ਤੋਂ ਬਹੁਤ ਭਾਰੀ ਮੀਂਹ ਦੀ ਸੰਭਾਵਨਾ ਹੈ।
ਮੌਸਮ ਵਿਭਾਗ ਦੇ ਅਨੁਸਾਰ, 11 ਜੁਲਾਈ ਤੋਂ ਖੇਤਰ ਵਿਚ ਭਾਰੀ ਮੀਂਹ ਦੀ ਸੰਭਾਵਨਾ ਹੈ।
ਦਿੱਲੀ ਦੇ ਨਿਕਾਸੀ ਪ੍ਰਬੰਧਾਂ ਤੋਂ ਲੋਕ ਨਾਰਾਜ਼
ਦਿੱਲੀ ’ਚ ਸੜਕਾਂ ’ਤੇ ਪਾਣੀ ਭਰਨ ਅਤੇ ਗੱਡੀਆਂ ਦੇ ਪਾਣੀ ’ਚ ਫਸੇ ਹੋਣ ਦੀਆਂ ਤਸਵੀਰਾਂ ਸਾਹਮਣੇ ਆਉਣ ਤੋਂ ਬਾਅਦ ਇਕ ਵਾਰੀ ਫਿਰ ਦਿੱਲੀ ’ਚ ਜਲ ਨਿਕਾਸੀ ਦੇ ਪ੍ਰਬੰਧਾਂ ਨੂੰ ਲੈ ਕੇ ਲੋਕਾਂ ਨੇ ਨਾਰਾਜ਼ਗੀ ਜ਼ਾਹਰ ਕੀਤੀ।
ਦਿੱਲੀ ’ਚ ਜਲ ਨਿਕਾਸੀ ਲਈ ਤਿੰਨ ਪ੍ਰਮੁੱਖ ਨਾਲਾ, ਨਜਫ਼ਗੜ੍ਹ, ਬਾਰਾਪੁਲਾ ਅਤੇ ਟਰਾਂਸ-ਯਮੁਨਾ ਹਨ। ਮੀਂਹ ਦੌਰਾਨ ਮੱਧ ਰਿੱਜ ਦੇ ਪੂਰਬੀ ਹਿੱਸੇ ਦਾ ਪਾਣੀ ਸਿੱਧਾ ਯਮੁਨਾ ’ਚ ਜਾਂਦਾ ਹੈ। ਪੱਛਮ ’ਚ ਛੋਟ ਨਾਲਿਆਂ ਦਾ ਪਾਣੀ ਨਜਫ਼ਗੜ੍ਹ ਨਾਲੇ ’ਚ ਜਾਂਦਾ ਹੈ, ਜੋ ਅਖ਼ੀਰ ਨਦੀ ’ਚ ਮਿਲ ਜਾਂਦਾ ਹੈ।
ਦਿੱਲੀ ਦਾ ਪੂਰਬੀ ਖੇਤਰ ਇਕ ਨੀਵਾਂ ਇਲਾਕਾ ਹੈ ਅਤੇ ਮੂਲ ਰੂਪ ਵਿਚ ਯਮੁਨਾ ਦੇ ਹੜ੍ਹ ਇਲਾਕੇ ਦਾ ਹਿੱਸਾ ਹੈ। ਦਿੱਲੀ ’ਚ ਬਾਰਸ਼ ਕਾਰਨ ਪਾਣੀ ਜ਼ਿਆਦਾ ਹੋਣ ਕਾਰਨ ਡਰੇਨੇਜ ਸਿਸਟਮ ਦੇ ਕੰਮ ਨਾ ਹੋਣ ਦਾ ਖਤਰਾ ਹੈ। ਇਸ ਦਾ ਮੁੱਖ ਕਾਰਨ ਕੂੜਾ ਅਤੇ ਸੀਵਰੇਜ ਹੈ, ਜਿਸ ਨਾਲ ਪਾਣੀ ਦੀ ਨਿਕਾਸੀ ਹੌਲੀ ਹੋ ਜਾਂਦੀ ਹੈ।
ਦਿੱਲੀ ਦੇ ਵੱਖ-ਵੱਖ ਹਿੱਸਿਆਂ ਵਿਚ ਬਹੁਤ ਜ਼ਿਆਦਾ ਕੰਕਰੀਟ ਦੇ ਢਾਂਚਿਆਂ ਕਾਰਨ, ਜ਼ਮੀਨਦੋਜ਼ ਪਾਣੀ ਦੇ ਸਟੋਰੇਜ ਦੀ ਘਾਟ, ਤੂਫਾਨ ਵਾਲੇ ਪਾਣੀ ਦੇ ਨਾਲਿਆਂ 'ਤੇ ਕਬਜ਼ੇ ਅਤੇ ਸੀਵਰੇਜ ਦੇ ਨਿਕਾਸੀ ਦੇ ਕਾਰਨ, ਰਾਸ਼ਟਰੀ ਰਾਜਧਾਨੀ ਹਰ ਵਾਰ ਜਦੋਂ ਭਾਰੀ ਬਾਰਸ਼ ਹੁੰਦੀ ਹੈ ਤਾਂ ਪਾਣੀ ਵਿਚ ਡੁੱਬ ਜਾਂਦੀ ਹੈ।
ਜਲਵਾਯੂ ਪਰਿਵਰਤਨ 'ਤੇ ਦਿੱਲੀ ਸਰਕਾਰ ਦੀ ਕਾਰਜ ਯੋਜਨਾ ਦੇ ਅਨੁਸਾਰ, ਕਈ ਏਜੰਸੀਆਂ ਡਰੇਨੇਜ ਪ੍ਰਣਾਲੀ ਦੇ ਪ੍ਰਬੰਧਨ ਵਿਚ ਸ਼ਾਮਲ ਹਨ, ਸਥਿਤੀ ਨੂੰ ਹੋਰ ਗੁੰਝਲਦਾਰ ਬਣਾਉਂਦੀਆਂ ਹਨ।
ਪਿਛਲੀ ਵਾਰ ਦਿੱਲੀ ਲਈ ਡਰੇਨੇਜ 'ਤੇ ਇਕ ਮਾਸਟਰ ਪਲਾਨ 1976 ਵਿੱਚ ਉਲੀਕਿਆ ਗਿਆ ਸੀ, ਜਦੋਂ ਸ਼ਹਿਰ ਦੀ ਆਬਾਦੀ ਲਗਭਗ 60 ਲੱਖ ਸੀ।
ਸਰਕਾਰ ਨੇ ਆਈਆਈਟੀ (ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ), ਦਿੱਲੀ ਨੂੰ ਰਾਸ਼ਟਰੀ ਰਾਜਧਾਨੀ ਖੇਤਰ ਦਿੱਲੀ (ਐਨਸੀਟੀ) ਲਈ ਇੱਕ ਨਵਾਂ 'ਡਰੇਨੇਜ ਮਾਸਟਰ ਪਲਾਨ' ਤਿਆਰ ਕਰਨ ਲਈ ਕਿਹਾ ਸੀ।
ਸੰਸਥਾ ਨੇ 2018 ਵਿਚ ਇਕ ਅੰਤਮ ਰੀਪੋਰਟ ਪੇਸ਼ ਕੀਤੀ ਸੀ, ਪਰ ਦਿੱਲੀ ਸਰਕਾਰ ਦੀ ਤਕਨੀਕੀ ਕਮੇਟੀ ਨੇ "ਡਾਟਾ ਵਿੱਚ ਅੰਤਰ" ਦਾ ਹਵਾਲਾ ਦਿੰਦੇ ਹੋਏ ਇਸਨੂੰ ਰੱਦ ਕਰ ਦਿਤਾ ਸੀ। ਇਸ ਸਾਲ ਦੇ ਸ਼ੁਰੂ ਵਿਚ, ਸਰਕਾਰ ਨੇ ਲੋਕ ਭਲਾਈ ਵਿਭਾਗ ਨੂੰ ਇਕ ਨਵੀਂ ਯੋਜਨਾ ਤਿਆਰ ਕਰਨ ਦਾ ਕੰਮ ਸੌਂਪਿਆ ਸੀ।
ਅਧਿਕਾਰੀਆਂ ਮੁਤਾਬਕ ਦਿੱਲੀ ਦੀ ਪੁਰਾਣੀ ਨਿਕਾਸੀ ਪ੍ਰਣਾਲੀ 24 ਘੰਟਿਆਂ 'ਚ ਸਿਰਫ 50 ਮਿਲੀਮੀਟਰ ਤਕ ਹੀ ਬਰਸਾਤ ਨੂੰ ਸੰਭਾਲ ਸਕਦੀ ਹੈ।