ਪਿੱਪਲੀ ਰੈਲੀ ਸਬੰਧੀ ਬੀਬੀ ਹਰਪਾਲ ਕੌਰ ਨੇ ਮੀਟਿੰਗ ਨੂੰ ਕੀਤਾ ਸੰਬੋਧਨ
ਸ਼੍ਰੋਮਣੀ ਅਕਾਲੀ ਦਲ ਮਹਿਲਾ ਵਿੰਗ ਹਰਿਆਣਾ ਦੀ ਸੰਯੁਕਤ ਸਕੱਤਰ ਬੀਬੀ ਹਰਪਾਲ ਕੌਰ ਸਿੱੱਧੂ ਨੇ ਕਿਹਾ ਹੈ............
ਸ਼ਾਹਬਾਦ ਮਾਰਕੰਡਾ : ਸ਼੍ਰੋਮਣੀ ਅਕਾਲੀ ਦਲ ਮਹਿਲਾ ਵਿੰਗ ਹਰਿਆਣਾ ਦੀ ਸੰਯੁਕਤ ਸਕੱਤਰ ਬੀਬੀ ਹਰਪਾਲ ਕੌਰ ਸਿੱੱਧੂ ਨੇ ਕਿਹਾ ਹੈ, ਕਿ ਗੁਰੂ ਨਾਨਕ ਦੇਵ ਜੀ ਨੇ ਔਰਤਾਂ ਨੂੰ ਪੁਰਸ਼ਾਂ ਨੂੰ ਬਰਾਬਰ ਦਾ ਦਰਜਾ ਦਿਤਾ ਹੈ। ਸਟੇਟ ਸਕੱਤਰ ਬੀਬੀ ਹਰਪਾਲ ਕੌਰ ਸਿੱਧੂ 19 ਅਗੱਸਤ ਨੂੰ ਪਿਪਲੀ ਹੋਣ ਵਾਲੀ ਪਾਰਟੀ ਦੀ ਰੈਲੀ ਸਬੰਧੀ ਰੇਲਵੇ ਸਟੇਸ਼ਨ ਦੇ ਨਜ਼ਦੀਕ ਕਾਹਨ ਚੰਦ ਮਾਰਕੀਟ ਵਿਚ ਭੁਪਿੰਦਰ ਸਿੰਘ ਕਲਸੀ ਦੇ ਨਿਵਾਸ ਵਿਖੇ ਮੁਹੱਲੇ ਦੀਆਂ ਔਰਤਾਂ ਨੂੰ ਰੈਲੀ ਲਈ ਪ੍ਰੇਰਿਤ ਕਰ ਰਹੇ ਸਨ। ਉਨ੍ਹਾਂ ਨੇ ਬੀਬੀਆਂ ਨੂੰ ਦਸਿਆ ਕਿ ਸ੍ਰੋਮਣੀ ਅਕਾਲੀ ਦਲ ਇਸ ਵਾਰ ਹਰਿਆਣਾ ਵਿਚ ਅਪਣੇ ਦਮ 'ਤੇ ਇਕੱਲੇ ਹੀ ਚੋਣਾਂ ਲੜੇਗਾ, ਜੋ ਕਿ ਸਾਡੇ ਸਾਰੀਆਂ ਲਈ ਇਹ ਚੰਗਾ ਮੌਕਾ ਹੈ।
ਉਨ੍ਹਾਂ ਨੇ ਔਰਤਾਂ ਨੂੰ ਕਿਹਾ ਕਿ ਉੁਹ ਘਰ ਦੀ ਚਾਰ ਦੀਵਾਰੀ ਤੋਂ ਬਾਹਰ ਨਿਕਲਣ ਅਤੇ ਸਮਾਜਕ, ਧਾਰਮਕ ਕੰਮਾਂ ਦੇ ਨਾਲ-ਨਾਲ ਰਾਜਨੀਤੀ ਵਿਚ ਵੀ ਰੁਚੀ ਲੈਣ। ਬੀਬੀ ਸਿੱਧੂ ਨੇ ਇਸ ਮੌਕੇ ਦਲਜੀਤ ਕੌਰ ਕਲਸੀ ਨੂੰ ਸ਼ਹਿਰੀ ਮੀਤ ਪ੍ਰਧਾਨ ਨਿਯੁਕਤ ਕੀਤਾ। ਇਸ ਮੌਕੇ ਪਾਰਟੀ ਦੇ ਬੀਸੀ ਸੈੱਲ ਦੇ ਜ਼ਿਲ੍ਹਾ ਪ੍ਰਧਾਨ ਪ੍ਰੀਤਮ ਸਿੰਘ ਸ਼ਿਗਾਰੀ ਨੇ ਕਿਹਾ ਕਿ ਪਿਪਲੀ ਰੈਲੀ ਨੂੰ ਲੈ ਕੇ ਲੋਕਾਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।
ਦਲਜੀਤ ਕੌਰ ਕਲਸੀ ਅਤੇ ਭੁਪਿੰਦਰ ਸਿੰਘ ਕਲਸੀ ਨੇ ਪਾਰਟੀ ਦਾ ਧਨਵਾਦ ਕਰਦੇ ਹੋਏ ਭਰੋਸਾ ਦਿਤਾ ਕਿ ਉਹ ਅਪਣੇ ਮੁਹੱਲੇ ਤੋਂ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਲੈ ਕੇ ਪਿਪਲੀ ਆਉਣਗੇ। ਇਸ ਮੌਕੇ ਰਾਮਗੜ੍ਹੀਆਂ ਸਮਾਜ ਦੇ ਧਾਰਮਕ ਅਤੇ ਸਮਾਜਕ ਨੇਤਾ ਜਰਨੈਲ ਸਿੰਘ ਠੇਕੇਦਾਰ ਵੀ ਹਾਜ਼ਰ ਸਨ।