ਭਾਰਤ ਦੀ ਵੰਡ ਨਾ ਹੁੰਦੀ ਜੇ ਜਿਨਾਹ ਪ੍ਰਧਾਨ ਮੰਤਰੀ ਬਣਨ ਦਿਤੇ ਜਾਂਦੇ : ਦਲਾਈ ਲਾਮਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਤਿੱਬਤ ਦੇ ਧਾਰਮਕ ਆਗੂ ਦਲਾਈ ਲਾਮਾ ਨੇ ਕਿਹਾ ਕਿ ਜਵਾਹਰ ਲਾਲ ਨਹਿਰੂ ਦਾ ਭਾਰਤ ਦਾ ਪਹਿਲਾ ਪ੍ਰਧਾਨ ਮੰਤਰੀ ਬਣਨ ਲਈ 'ਸਵੈ ਕੇਂਦਰਤ ਰਵਈਆ' ਸੀ..............

Dalai Lama

ਪਣਜੀ : ਤਿੱਬਤ ਦੇ ਧਾਰਮਕ ਆਗੂ ਦਲਾਈ ਲਾਮਾ ਨੇ ਕਿਹਾ ਕਿ ਜਵਾਹਰ ਲਾਲ ਨਹਿਰੂ ਦਾ ਭਾਰਤ ਦਾ ਪਹਿਲਾ ਪ੍ਰਧਾਨ ਮੰਤਰੀ ਬਣਨ ਲਈ 'ਸਵੈ ਕੇਂਦਰਤ ਰਵਈਆ' ਸੀ ਹਾਲਾਂਕਿ ਮਹਾਤਮਾ ਗਾਂਧੀ ਮੁਹੰਮਦ ਅਲੀ ਜਿਨਾਹ ਨੂੰ ਭਾਰਤ ਦਾ ਪਹਿਲਾ ਪ੍ਰਧਾਨ ਮੰਤਰੀ ਬਣਾਉਣਾ ਚਾਹੁੰਦੇ ਸਨ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਭਾਰਤ ਦੀ ਵੰਡ ਨਾ ਹੁੰਦੀ ਜੇ ਮਹਾਤਮਾ ਗਾਂਧੀ ਦੀ ਜਿਨਾਹ ਨੂੰ ਪ੍ਰਧਾਨ ਮੰਤਰੀ ਬਣਾਉਣ ਦੀ ਇੱਛਾ ਪੂਰੀ ਹੋ ਜਾਂਦੀ। 83 ਸਾਲਾ ਸੰਤ ਇਥੇ ਕਿਸੇ ਵਿਦਿਅਕ ਅਦਾਰੇ ਵਿਚ ਹੋਏ ਸਮਾਗਮ ਵਿਚ ਬੋਲ ਰਹੇ ਸਨ।

ਵਿਦਿਆਰਥੀ ਦੇ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ, 'ਮੈਂ ਮਹਿਸੂਸ ਕਰਦਾ ਹਾਂ ਕਿ ਜਮਹੂਰੀ ਪ੍ਰਬੰਧ ਜਗੀਰਦਾਰੂ ਪ੍ਰਬੰਧ ਨਾਲੋਂ ਬਿਹਤਰ ਹਨ। ਜਗੀਰਦਾਰੂ ਪ੍ਰਬੰਧ ਸਿਰਫ਼ ਕੁੱਝ ਲੋਕਾਂ ਨੂੰ ਫ਼ੈਸਲੇ ਕਰਨ ਦੇ ਅਧਿਕਾਰ ਦਿੰਦਾ ਹੈ ਜੋ ਜ਼ਿਆਦਾ ਖ਼ਤਰਨਾਕ ਹੈ। ਉਨ੍ਹਾਂ ਕਿਹਾ, 'ਭਾਰਤ ਵਲ ਵੇਖੋ। ਮਹਾਤਮਾ ਗਾਂਧੀ ਜਿਨਾਹ ਨੂੰ ਪ੍ਰਧਾਨ ਮੰਤਰੀ ਬਣਾਉਣਾ ਚਾਹੁੰਦੇ ਸਨ ਪਰ ਪੰਡਤ ਨਹਿਰੂ ਨੇ ਇਨਕਾਰ ਕਰ ਦਿਤਾ ਕਿਉਂਕਿ ਉਹ ਖ਼ੁਦ ਪ੍ਰਧਾਨ ਮੰਤਰੀ ਬਣਨਾ ਚਾਹੁੰਦੇ ਸਨ। ਮੇਰਾ ਖ਼ਿਆਲ ਹੈ ਕਿ ਪੰਡਤ ਨਹਿਰੂ ਦਾ ਇਹ ਸਵੈ ਕੇਂਦਰਤ ਰਵਈਆ ਸੀ ਕਿ ਉਹ ਪ੍ਰਧਾਨ ਮੰਤਰੀ ਬਣੇ।'

ਉਨ੍ਹਾਂ ਕਿਹਾ ਕਿ ਪੰਡਤ ਨਹਿਰੂ ਬਹੁਤ ਹੀ ਸੁਲਝੇ ਹੋਏ ਸ਼ਖ਼ਸ ਸਨ, ਬਹੁਤ ਹੀ ਸਿਆਣੇ ਪਰ ਕਦੇ-ਕਦਾਈਂ ਗ਼ਲਤੀਆਂ ਵੀ ਹੋ ਜਾਂਦੀਆਂ ਹਨ। ਜਦ ਉਨ੍ਹਾਂ ਨੂੰ ਪੁਛਿਆ ਗਿਆ ਕਿ ਉਨ੍ਹਾਂ ਦਾ ਸੱਭ ਤੋਂ ਵੱਡਾ ਡਰ ਕਿਹੜਾ ਸੀ ਜਿਸ ਦਾ ਜ਼ਿੰਦਗੀ ਵਿਚ ਸਾਹਮਣਾ ਕੀਤਾ ਤਾਂ ਉਨ੍ਹਾਂ ਕਿਹਾ, '17 ਮਾਰਚ 1959 ਦੀ ਰਾਤ ਨੂੰ ਉਨ੍ਹਾਂ ਨੂੰ ਅਪਣੇ ਸਮਰਥਕਾਂ ਨਾਲ ਤਿੱਬਤ ਤੋਂ ਭੱਜਣਾ ਪਿਆ।

ਉਨ੍ਹਾਂ ਦਸਿਆ ਕਿ ਤਿੱਬਤ ਦੀ ਚੀਨ ਨਾਲ ਸਮੱਸਿਆ ਵਿਗੜਨ ਲੱਗੀ ਸੀ। ਲਾਮਾ ਨੇ ਕਿਹਾ ਕਿ ਜਿਥੋਂ ਉਹ ਭੱਜੇ ਸਨ, ਉਹ ਰੂਟ ਚੀਨੀ ਫ਼ੌਜ ਦੇ ਅੱਡੇ ਦੇ ਲਾਗੇ ਹੀ ਸੀ। ਦਰਿਆ ਕੋਲੋਂ ਲੰਘਦਿਆਂ ਉਹ ਚੀਨੀ ਫ਼ੌਜੀਆਂ ਨੂੰ ਵੇਖ ਸਕਦੇ ਸੀ। ਉਨ੍ਹਾਂ ਕਿਹਾ, 'ਅਸੀਂ ਬਿਲਕੁਲ ਚੁੱਪ ਸਾਂ ਪਰ ਘੋੜਿਆਂ ਦੇ ਪੈਰਾਂ ਦੇ ਖੜਾਕ ਨੂੰ ਕਾਬੂ ਨਹੀਂ ਕਰ ਸਕਦੇ ਸਾਂ। ਅਸੀਂ ਬਹੁਤ ਡਰੇ ਹੋਏ ਸਾਂ ਜਦ ਭਾਰਤ ਵਿਚ ਦਾਖ਼ਲ ਹੋ ਰਹੇ ਸਾਂ। ਚੀਨ ਦੀ ਤਾਕਤ ਇਸ ਦੀ ਫ਼ੌਜ ਹੈ।'  (ਪੀਟੀਆਈ)