ਮੁਨੀ ਦੇ ਚੰਡੀਗੜ੍ਹ ਆਉਣ 'ਤੇ ਮੰਦਰ ਪੁਲਿਸ ਛਾਉਣੀ 'ਚ ਤਬਦੀਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਇਕ ਇਤਰਾਜ਼ਯੋਗ ਵਾਇਰਲ ਵਿਡੀਉ ਕਰ ਕੇ ਸੁਰਖ਼ੀਆਂ ਵਿਚ ਆਏ ਜੈਨ ਮੁਨੀ ਨਯਨ ਸਾਗਰ ਦੇ ਬੁਧਵਾਰ ਚੰਡੀਗੜ੍ਹ ਦੇ ਸੈਕਟਰ-27 'ਚ ਦਿਗੰਬਰ ਜੈਨ ਮੰਦਰ ਵਿਚ ਪਹੁੰਚਣ..............

Police Standing Outside the Temple

ਚੰਡੀਗੜ੍ਹ : ਇਕ ਇਤਰਾਜ਼ਯੋਗ ਵਾਇਰਲ ਵਿਡੀਉ ਕਰ ਕੇ ਸੁਰਖ਼ੀਆਂ ਵਿਚ ਆਏ ਜੈਨ ਮੁਨੀ ਨਯਨ ਸਾਗਰ ਦੇ ਬੁਧਵਾਰ ਚੰਡੀਗੜ੍ਹ ਦੇ ਸੈਕਟਰ-27 'ਚ ਦਿਗੰਬਰ ਜੈਨ ਮੰਦਰ ਵਿਚ ਪਹੁੰਚਣ 'ਤੇ ਜੈਨ ਸਮਾਜ ਦੀਆਂ ਦੋ ਧਿਰਾਂ ਵਿਖਾਈ ਦਿਤੀਆਂ। ਇਕ ਧਿਰ ਜੈਨ ਮੁਨੀ ਦਾ ਵਿਰੋਧ ਕਰ ਰਹੀ ਸੀ ਜਦਕਿ ਦੂਜੀ ਇਸ ਵਾਇਰਲ ਵਿਡੀਉ ਨੂੰ ਸਾਜ਼ਸ਼ ਦੱਸ ਰਹੀ ਸੀ। ਮਾਹੌਲ ਤਣਾਅਪੂਰਨ ਹੋਣ ਕਾਰਨ ਮੌਕੇ 'ਤੇ ਚੰਡੀਗੜ੍ਹ ਪੁਲਿਸ ਨੂੰ ਤੈਨਾਤ ਕੀਤਾ ਗਿਆ। ਵੇਖਦੇ ਹੀ ਵੇਖਦੇ ਮੰਦਰ ਪੁਲਿਸ ਛਾਉਣੀ ਵਿਚ ਤਬਦੀਲ ਹੋ ਗਿਆ। ਪੁਲਿਸ ਦੇ ਅਧਿਕਾਰੀ ਜੈਨ ਸਮਾਜ ਦੇ ਲੋਕਾਂ ਨੂੰ ਸਮਝਾਉਂਦੇ ਹੋਏ ਨਜ਼ਰ ਆਏ ਤਾਕਿ ਮਾਹੌਲ ਸ਼ਾਂਤ ਰਖਿਆ ਜਾ ਸਕੇ।

ਪੁਲਿਸ ਨੂੰ ਗੁਪਤ ਸੂਚਨਾ ਮਿਲੀ ਕਿ ਜੈਨ ਮੁਨੀ ਦਾ ਵਿਰੋਧ ਕਰਨ ਲਈ ਕਾਫ਼ੀ ਗਿਣਤੀ ਵਿਚ ਲੋਕ ਬਾਹਰ ਦੇ ਰਾਜਾਂ ਤੋਂ ਸੈਕਟਰ 27 ਦੇ ਜੈਨ ਮੰਦਰ ਪਹੁੰਚ ਰਹੇ ਹਨ। ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਦਿੱਲੀ ਅਤੇ ਯੂਪੀ ਤੋਂ ਗੁੱਸੇ ਵਿਚ ਆਏ ਜੈਨ ਸਮਾਜ ਦੇ ਲੋਕ ਇਥੇ ਹੰਗਾਮਾ ਕਰ ਸਕਦੇ ਹਨ, ਜਿਸ ਕਰ ਕੇ ਪੁਲਿਸ ਨੇ ਸੁਰੱਖਿਆ ਦੇ ਮੱਦੇਨਜ਼ਰ ਭਾਰੀ ਪੁਲਿਸ ਬਲ ਇਥੇ ਤੈਨਾਤ ਕਰ ਦਿਤਾ। ਮੌਕੇ 'ਤੇ ਪਹੁੰਚੀ ਡੀਐਸਪੀ ਈਸਟ ਹਰਜੀਤ ਕੌਰ ਨੇ ਭੜਕੇ ਹੋਏ ਲੋਕਾਂ ਨੂੰ ਸ਼ਾਂਤ ਕੀਤਾ। ਲੋਕ ਜੈਨ ਮੁਨੀ ਦੇ ਵਿਰੁਧ ਨਾਹਰੇ ਲਗਾ ਰਹੇ ਸਨ। ਜ਼ਿਕਰਯੋਗ ਹੈ ਕਿ ਜੈਨ ਮੁਨੀ ਨਯਨ ਸਾਗਰ ਨੂੰ ਲੈ ਕੇ ਇਕ ਵਿਡੀਉ ਵਾਇਰਲ ਹੋਇਆ ਸੀ।

 ਵਿਡੀਉ ਵਿਚ ਨਜ਼ਰ ਆ ਰਿਹਾ ਹੈ ਕਿ ਯੂਪੀ ਦੇ ਵਹਿਲਨਾ ਦੇ ਮੰਦਰ ਵਿਚ 23 ਜੂਨ ਦੀ ਰਾਤ ਨੂੰ ਇਕ ਲੜਕੀ ਅੱਧੇ ਕਪੜਿਆਂ ਵਿਚ ਕਮਰੇ ਤੋਂ ਬਾਹਰ ਆਉਂਦੀ ਹੈ ਅਤੇ ਉਹ ਜੈਨ ਮੁਨੀ ਦੇ ਕਮਰੇ ਵਿਚ ਝਾਂਕਣ ਦੀ ਕੋਸ਼ਿਸ਼ ਕਰਦੀ ਹੈ। ਹਰਿਦੁਆਰ ਵਿਚ ਜੈਨ ਮੁਨੀ ਵਿਰੁਧ ਲੜਕੀ ਦੇ ਪਰਵਾਰ ਨੇ ਅਗਵਾ ਦਾ ਮਾਮਲਾ ਦਰਜ ਕਰਵਾਇਆ ਸੀ। ਇਸਤੋਂ ਬਾਅਦ ਲੜਕੀ ਨੇ ਖੁਦ ਥਾਣੇ ਵਿਚ ਪਹੁੰਚ ਕੇ ਜੈਨ ਮੁਨੀ 'ਤੇ ਲੱਗੇ ਦੋਸ਼ਾਂ ਨੂੰ ਗਲਤ ਦਸਿਆ ਸੀ ਅਤੇ ਕਿਹਾ ਸੀ ਕਿ ਉਹ ਬਾਲਗ ਹੈ

ਅਤੇ ਅਪਣੇ ਘਰ ਨਹੀ ਜਾਣਾ ਚਾਹੁੰਦੀ ਹੈ। ਦੂਜੇ ਪਾਸੇ ਇਸ ਮਾਮਲੇ ਵਿਚ ਜੈਨ ਸਮਾਜ ਦੋ ਧਿਰਾਂ ਵਿਚ ਵੰਡ ਚੁੱਕਾ ਹੈ। ਇਕ ਧਿਰ ਇਸ ਦਾ ਵਿਰੋਧ ਕਰ ਰਹੀ ਹੈ ਤੇ ਦੂਜੀ ਇਸ ਨੂੰ ਸਾਜ਼ਸ਼ ਦਾ ਨਾਮ ਦੇ ਰਹੀ ਹੈ। ਫਿਲਹਾਲ ਚੰਡੀਗੜ੍ਹ ਵਿਚ ਪੁਲਿਸ ਇਸ ਮੁੱਦੇ ਨੂੰ ਲੈ ਕੇ ਪੂਰੀ ਤਰ੍ਹਾਂ ਨਾਲ ਚੌਕਸ ਹੈ ਅਤੇ ਕਿਸੇ ਵੀ ਮਾੜੀ ਸਥਿਤੀ ਤੋਂ ਨਿਪਟਣ ਲਈ ਤਿਆਰ ਖੜੀ ਹੈ।