'ਲਾਟ ਸਾਹਿਬ' ਮੁੜ ਤੋਂ ਲਾਇਆ ਕਰਨਗੇ ਦਰਬਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਯੂ.ਟੀ. ਪ੍ਰਸ਼ਾਸਕ ਅਤੇ ਪੰਜਾਬ ਦੇ ਰਾਜਪਾਲ ਲਗਪਗ ਦੋ ਸਾਲਾਂ ਦੇ ਵਕਫ਼ੇ ਬਾਅਦ ਚਡੀਗੜ੍ਹ ਸ਼ਹਿਰ ਵਾਸੀਆਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਲਈ............

Raj Bhavan

ਚੰਡੀਗੜ੍ਹ : ਯੂ.ਟੀ. ਪ੍ਰਸ਼ਾਸਕ ਅਤੇ ਪੰਜਾਬ ਦੇ ਰਾਜਪਾਲ ਲਗਪਗ ਦੋ ਸਾਲਾਂ ਦੇ ਵਕਫ਼ੇ ਬਾਅਦ ਚਡੀਗੜ੍ਹ ਸ਼ਹਿਰ ਵਾਸੀਆਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਲਈ ਲਗਾਤਾਰ ਲੋਕ ਦਰਬਾਰ ਲਾਇਆ ਕਰਨਗੇ। ਮੀਡੀਆ ਵਿਚ ਆਲੋਚਨਾ ਸਹਿਣ ਮਗਰੋਂ ਬਦਨੌਰ ਨੇ ਅਪਣੇ ਸਲਾਹਕਾਰ ਪ੍ਰੀਮਲ ਰਾਏ, ਗ੍ਰਹਿ ਸਕੱਤਰ ਅਰੁਣ ਕੁਮਾਰ ਗੁਪਤਾ, ਗ੍ਰਹਿ ਸਕੱਤਰ, ਅਜੋਏ ਸਿਨਹਾ ਵਿੱਤ ਸਕੱਤਰ ਅਤੇ ਉਨ੍ਹਾਂ ਦੇ ਨਿਜੀ ਸਕੱਤਰ ਜੇ.ਐਸ. ਬਾਲਾਪੁਰ ਰਾਮ ਨਾਲ ਸਿਵਲ ਸਕੱਤਰੇਤ ਸੈਕਟਰ-9 'ਚ ਮੀਟਿੰਗ ਕੀਤੀ। ਬਦਨੌਰ ਨੇ ਅਧਿਕਾਰੀਆਂ ਨੂੰ ਖੁਲ੍ਹਾ ਦਰਬਾਰ ਅਤੇ ਆਨਲਾਈਨ ਲੋਕਾਂ ਦੀਆਂ ਪੁੱਜੀਆਂ ਸ਼ਿਕਾਇਤਾਂ

ਦੇ ਹੱਲ ਲਈ ਛੇਤੀ ਤੋਂ ਛੇਤੀ ਨੀਤੀ ਬਣਾਉਣ 'ਤੇ ਜ਼ੋਰ ਦਿਤਾ ਹੈ। ਖੁਲ੍ਹੇ ਦਰਬਾਰ ਵਿਚ ਸ਼ਿਕਾਇਤਾਂ ਦਾ ਨਿਪਟਾਰਾ : ਬਦਨੌਰ ਨੇ ਉੱਚ ਅਫ਼ਸਰਾਂ ਨੂੰ ਸਿਵਲ ਸਕੱਤਰੇਤ ਸੈਕਟਰ-9 'ਚ ਸ਼ਿਕਾਇਤਾਂ ਲਈ ਬਾਕਸ ਲਾਉਣ ਲਈ ਜ਼ੋਰ ਦਿੰਦਿਆਂ ਕਿਹਾ ਕਿ ਇਸ ਬਾਕਸ ਵਿਚ ਪੁੱਜੀਆਂ ਸ਼ਿਕਾਇਤਾਂ ਦਾ ਫ਼ੀਡਬੈਂਕ ਦੇਣ ਲਈ ਤੁਰਤ ਢੁਕਵੀਂ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਇਨ੍ਹਾਂ ਦੇ ਹੱਲ ਲਈ ਪ੍ਰਸ਼ਾਸਕ ਨਾਲ ਮੀਟਿੰਗ ਤੋਂ ਪਹਿਲਾਂ ਹੀ ਛਾਂਟੀ ਕੀਤੀ ਜਾਵੇ ਅਤੇ ਸ਼ਹਿਰ ਦੇ ਕੋਈ ਵੀ ਸ਼ਿਕਾਇਤਕਰਤਾ ਕਿਸੇ ਸਮੇਂ ਵੀ ਸ਼ਿਕਾਇਤਾਂ ਭੇਜ ਸਕਣਗੇ ਜਦਕਿ ਇਸ ਤੋਂ ਪਹਿਲਾਂ ਉੱਚ ਅਧਿਕਾਰੀ ਲੋਕਾਂ ਦੀਆਂ ਸ਼ਿਕਾਇਤਾਂ ਪ੍ਰਸ਼ਾਸਕ ਕੋਲ ਪੁੱਜਣ ਹੀ ਨਹੀਂ ਦਿੰਦੇ ਸਨ

ਅਤੇ ਜੋ ਪੁਜਦੀਆਂ ਸਨ, ਉਹ ਗਿਣਤੀ ਦੀਆਂ 3-4 ਹੀ ਹੱਲ ਹੁੰਦੀਆਂ ਸਨ। ਹੁਣ ਅਫ਼ਸਰ ਨਾਲੋ-ਨਾਲ ਸਬੰਧਤ ਵਿਭਾਗਾਂ ਕੋਲੋਂ ਸਬੰਧਤ ਜਾਣਕਾਰੀ ਲੈ ਕੇ ਫ਼ਾਈਲਾਂ ਵੱਖ-ਵੱਖ ਤਿਆਰ ਕਰਿਆ ਕਰਨਗੇ। ਆਨਲਾਈਨ ਸ਼ਿਕਾਇਤ : ਯੂ.ਟੀ. ਪ੍ਰਸ਼ਾਸਕ ਨੇ ਉੱਚ ਅਧਿਕਾਰੀਆਂ ਨੂੰ ਲੋਕਾਂ ਦੀਆਂ ਸ਼ਿਕਾਇਤਾਂ ਪ੍ਰਸ਼ਾਸਨ ਦੀ ਵੈੱਬਸਾਈਟ 'ਤੇ ਭੇਜਣ ਲਈ ਯੋਜਨਾ ਬਣਾਈ ਹੈ ਤਾਕਿ ਲੋਕਾਂ ਦਾ ਸਮਾਂ ਅਤੇ ਪੈਸੇ ਦੀ ਬਰਬਾਦੀ ਰੋਕੀ ਜਾ ਸਕੇ। ਇਨ੍ਹਾਂ ਸ਼ਿਕਾਇਤਾਂ ਵਿਚ ਰਿਹਾਇਸ਼ੀ ਵੈਲਫ਼ੇਅਰ ਸੰਸਥਾਵਾਂ, ਅਵਾਰਾ ਕੁੱਤਿਆਂ ਨੂੰ ਕੰਟਰੋਲ ਕਰਨਾ, ਉਦਯੋਗਪਤੀਆਂ ਦੀਆਂ ਦਰਪੇਸ਼ ਮੁਸ਼ਕਲਾਂ ਦੇ ਹੱਲ ਅਤੇ ਸ਼ਿਕਾਇਤਾਂ ਦੇ ਨਿਪਟਾਰੇ ਲਈ ਤੇਜ਼ੀ ਨਾਲ ਕੰਮ ਕਰਨ ਲਈ ਨੀਤੀ ਬਣੇਗੀ।

ਬਦਨੌਰ ਨੇ ਸ਼ਹਿਰ ਵਿਚ ਸਰੀਰਕ ਪੱਖੋਂ ਕਮਜ਼ੋਰ ਅਤੇ ਅਪਾਹਜ ਵਿਅਕਤੀਆਂ ਦੇ ਮਾਮਲਿਆਂ ਵਿਚ ਦੋਸਤਾਨਾ ਮਾਹੌਲ ਤਿਆਰ ਕਰਨ ਅਤੇ ਚੰਡੀਗੜ੍ਹ ਸ਼ਹਿਰ ਨੂੰ ਸਾਫ਼-ਸੁਥਰਾ ਤੇ ਖ਼ੂਬਸੂਰਤ ਬਣਾਉਣ ਲਈ ਆਈਆਂ ਸ਼ਿਕਾਇਤਾਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕਰਨ ਲਈ ਆਖਿਆ। ਇਸ ਮੌਕੇ ਨਗਰ ਨਿਗਮ ਦੇ ਕਮਿਸ਼ਨਰ ਕਮਲ ਕਿਸ਼ੋਰ ਯਾਦਵ, ਜਤਿੰਦਰ ਯਾਦਵ ਐਮ.ਡੀ. ਸਿਟਕੋ, ਸੰਤੋਸ਼ ਕੁਮਾਰ, ਰਾਕੇਸ਼ ਕੁਮਾਰ ਪੋਪਲੀ ਆਦਿ ਹਾਜ਼ਰ ਸਨ। 

ਜ਼ਿਕਰਯੋਗ ਹੈ ਕਿ ਯੂ.ਟੀ. ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ ਵਲੋਂ ਪਿਛਲੇ ਦੋ ਸਾਲਾਂ ਦੇ ਕਾਰਜਕਾਲ ਵਿਚ ਸਿਰਫ਼ ਇਕ ਵਾਰੀ ਹੀ ਸ਼ਹਿਰ ਵਾਸੀਆਂ ਨਾਲ ਸਿੱਧਾ ਸੰਪਰਕ ਸਾਧਣ ਲਈ ਲੋਕ ਦਰਬਾਰ ਮਈ ਮਹੀਨੇ ਲਾਇਆ ਸੀ ਪਰ ਅਧਿਕਾਰੀਆਂ ਦੀ ਲਾਪ੍ਰਵਾਹੀ ਸਦਕਾ ਉਸ ਵਿਚ ਸਿਰਫ਼ 10-12 ਲੋਕ ਹੀ ਅਪਣੀਆਂ ਸ਼ਿਕਾਇਤਾਂ ਲੈ ਕੇ ਪੁੱਜੇ ਸਨ ਪਰ ਉਨ੍ਹਾਂ ਦਾ ਵੀ ਹੱਲ ਸਹੀ ਸਮੇਂ ਨਹੀਂ ਹੋ ਸਕਿਆ। ਇਸ ਤੋਂ ਇਲਾਵਾ ਉਨ੍ਹਾਂ ਦੇ ਸਲਾਹਕਾਰ ਪ੍ਰੀਮਲ ਰਾਏ ਨੇ ਵੀ ਕਦੇ ਸ਼ਹਿਰ ਵਾਸੀਆਂ ਨਾਲ ਸਿੱਧਾ ਰਾਬਤਾ ਕਾਇਮ ਨਹੀਂ ਕੀਤਾ।