ਇੰਗਲੈਂਡ ਤੋਂ ਆਏ ਨੌਜਵਾਨਾਂ ਵਲੋਂ ਪੰਜਾਬ ਵਿਧਾਨ ਸਭਾ ਤੇ ਸੁਖਨਾ ਝੀਲ ਦਾ ਦੌਰਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

'ਆਪਣੀਆਂ ਜੜ੍ਹਾਂ ਨਾਲ ਜੁੜੋ' ਪ੍ਰੋਗਰਾਮ ਤਹਿਤ ਇੰਗਲੈਂਡ ਤੋਂ ਆਏ 14 ਨੌਜਵਾਨਾਂ ਨੇ ਅੱਜ ਇਥੇ ਪੰਜਾਬ ਵਿਧਾਨ ਸਭਾ ਅਤੇ ਸੁਖਨਾ ਝੀਲ ਦਾ ਦੌਰਾ ਕੀਤਾ............

Boys and Girls from England on Sukhna Lake

ਚੰਡੀਗੜ੍ਹ : 'ਆਪਣੀਆਂ ਜੜ੍ਹਾਂ ਨਾਲ ਜੁੜੋ' ਪ੍ਰੋਗਰਾਮ ਤਹਿਤ ਇੰਗਲੈਂਡ ਤੋਂ ਆਏ 14 ਨੌਜਵਾਨਾਂ ਨੇ ਅੱਜ ਇਥੇ ਪੰਜਾਬ ਵਿਧਾਨ ਸਭਾ ਅਤੇ ਸੁਖਨਾ ਝੀਲ ਦਾ ਦੌਰਾ ਕੀਤਾ। ਸਰਕਾਰੀ ਬੁਲਾਰੇ ਨੇ ਦਸਿਆ ਕਿ ਇਹ ਨੌਜਵਾਨ ਪੰਜਾਬ ਵਿਧਾਨ ਸਭਾ ਦੇ ਸਦਨ ਅਤੇ ਲਾਇਬਰੇਰੀ ਵਿਚ ਗਏ, ਜਿਥੇ ਵਿਧਾਨ ਸਭਾ ਦੇ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਵਿਸਥਾਰ ਵਿਚ ਸਮੁੱਚੀ ਪ੍ਰਕਿਰਿਆ ਬਾਰੇ ਜਾਣੂ ਕਰਵਾਇਆ। ਗਰੁੱਪ ਨੇ ਵਿਧਾਨ ਸਭਾ ਦੇ ਮੁਲਾਜ਼ਮਾਂ ਪਾਸੋਂ ਸਦਨ ਦੇ ਵਿਧਾਨਕ ਕੰਮ-ਕਾਜ ਅਤੇ ਮਰਯਾਦਾ ਦੇ ਨਿਯਮਾਂ ਬਾਰੇ ਜਾਣਕਾਰੀ ਹਾਸਲ ਕੀਤੀ।

ਉਨ੍ਹਾਂ ਪੰਜਾਬ ਵਿਧਾਨ ਸਭਾ ਅਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਜੋ ਕੈਪੀਟਲ ਕੰਪਲੈਕਸ ਦਾ ਹਿੱਸਾ ਹੈ, ਦਰਮਿਆਨ ਖੁਲ੍ਹੇ ਮੈਦਾਨ ਦਾ ਵੀ ਦੌਰਾ ਕੀਤਾ। ਇਸ ਤੋਂ ਬਾਅਦ ਸੁਖਨਾ ਝੀਲ ਦਾ ਦੌਰਾ ਕਰ ਕੇ ਕਰੂਜ਼ ਦੀ ਸਵਾਰੀ ਦਾ ਆਨੰਦ ਮਾਣਿਆ।  ਗਰੁੱਪ ਦੇ ਮੈਂਬਰ ਗੁਰਜੋਤ ਸਿੰਘ ਤਨੇਜਾ ਨੇ ਦਸਿਆ ਕਿ ਇਹ ਦੌਰਾ ਉਨ੍ਹਾਂ ਲਈ ਬਹੁਤ ਉਤਸੁਕਤਾ ਭਰਿਆ ਹੈ, ਖ਼ਾਸ ਕਰ ਕੇ ਪੰਜਾਬ ਵਿਧਾਨ ਸਭਾ ਦਾ ਦੌਰਾ ਕਰਨਾ ਜਿਥੇ ਉਨ੍ਹਾਂ ਨੂੰ ਵਿਧਾਨ ਕੰਮ-ਕਾਜ ਬਾਰੇ ਜਾਣਕਾਰੀ ਦਿਤੀ ਗਈ।

 ਇਨ੍ਹਾਂ ਨੌਜਵਾਨਾਂ ਨੇ 'ਅਪਣੀਆਂ ਜੜ੍ਹਾਂ ਨਾਲ ਜੁੜੋ' ਪ੍ਰੋਗਰਾਮ ਨੂੰ ਸ਼ੁਰੂ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵਿਲੱਖਣ ਉਪਰਾਲੇ ਦੀ ਸ਼ਲਾਘਾ ਕੀਤੀ। ਮੁੱਖ ਮੰਤਰੀ ਨੇ ਵਿਸ਼ਵ ਭਰ ਵਿੱਚ ਵਸਦੇ ਪੰਜਾਬੀ ਨੌਜਵਾਨਾਂ ਖਾਸ ਕਰਕੇ ਹੁਣ ਤੱਕ ਪੰਜਾਬ ਨਾ ਆਉਣ ਵਾਲੇ ਨੌਜਵਾਨਾਂ ਨੂੰ ਸੂਬੇ ਵਿੱਚ ਆਉਣ ਦਾ ਸੱਦਾ ਦਿੱਤਾ ਹੈ। ਉਥੇ ਹੀ ਇਸ ਗਰੁੱਪ ਨੇ ਮੰਗਲਵਾਰ ਨੂੰ ਪੀ.ਏ.ਪੀ. 82 ਬਟਾਲੀਅਨ ਵਿਖੇ ਰਾਤਰੀ ਭੋਜਨ ਦੌਰਾਨ ਸਿਵਲ ਤੇ ਪੁਲੀਸ ਦੇ ਉਚ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਡੀ.ਜੀ.ਪੀ. ਸੁਰੇਸ਼ ਅਰੋੜਾ ਅਤੇ ਡੀ.ਜੀ.ਪੀ. ਦਿਨਕਰ ਗੁਪਤਾ ਨੇ ਨੌਜਵਾਨਾਂ ਨਾਲ ਖੁੱਲ੍ਹ ਕੇ ਗੱਲਬਾਤ ਕੀਤੀ।