ਕੇਰਲ 'ਚ ਜ਼ਮੀਨ ਖਿਸਕਣ ਕਾਰਨ ਮਲਬੇ 'ਚੋਂ 20 ਲਾਸ਼ਾਂ ਬਰਾਮਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੇਰਲ ਦੇ ਇਡੁੱਕੀ ਜ਼ਿਲ੍ਹੇ ਦੇ ਮੁੰਨਾਰ 'ਚ ਜ਼ਮੀਨ ਖਿੱਸਕਣ ਤੋਂ ਬਾਅਦ ਮਲਬੇ 'ਚ ਦੱਬੀਆਂ 20 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ।

20 bodies recovered from Idukki landslide debris in Kerala

ਇਡੁੱਕੀ, 8 ਅਗੱਸਤ : ਕੇਰਲ ਦੇ ਇਡੁੱਕੀ ਜ਼ਿਲ੍ਹੇ ਦੇ ਮੁੰਨਾਰ 'ਚ ਜ਼ਮੀਨ ਖਿੱਸਕਣ ਤੋਂ ਬਾਅਦ ਮਲਬੇ 'ਚ ਦੱਬੀਆਂ 20 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਰਾਹਤ ਅਤੇ ਬਚਾਅ ਮੁਹਿੰਮ ਦੇ ਅਧੀਨ 12 ਲੋਕਾਂ ਨੂੰ ਮੌਕੇ 'ਤੇ ਬਚਾਇਆ ਗਿਆ ਅਤੇ 48 ਹੋਰ ਲਾਪਤਾ ਲੋਕਾਂ ਦੀ ਭਾਲ ਜਾਰੀ ਹੈ। ਅਗੱਸਤ ਦੀ ਸ਼ੁਰੂਆਤ 'ਚ ਹੋਈ ਭਾਰੀ ਬਾਰਸ਼ ਨੇ ਪੂਰੇ ਕੇਰਲ ਅਤੇ ਖਾਸ ਕਰ ਕੇ ਇਡੁੱਕੀ ਜ਼ਿਲ੍ਹੇ 'ਚ ਤਬਾਹੀ ਮਚਾਈ ਹੈ।

ਜ਼ਮੀਨ ਖਿੱਸਕਣ ਕਾਰਨ 30 ਘਰਾਂ 'ਚ ਰਹਿਣ ਵਾਲੇ ਕੁਲ 79 ਲੋਕਾਂ 'ਚੋਂ 66 ਲੋਕ ਲਾਪਤਾ ਹੋ ਗਏ ਹਨ। ਇਨ੍ਹਾਂ ਘਰਾਂ 'ਚ ਰਹਿਣ ਵਾਲੇ ਜ਼ਿਆਦਾਤਰ ਚਾਹ ਬਗੀਚੇ 'ਚ ਮਜ਼ਦੂਰ ਜਾਂ ਫਿਰ ਟੈਕਸੀ ਚਾਲਕ ਹਨ।
ਸੂਤਰਾਂ ਨੇ ਸਨਿਚਰਵਾਰ ਨੂੰ ਦਸਿਆ ਕਿ ਇਹ ਖੇਤਰ ਜ਼ਮੀਨ ਖਿੱਸਕਣ ਦੇ ਖੇਤਰ ਦੇ ਰੂਪ 'ਚ ਸੂਚੀਬੱਧ ਨਹੀਂ ਸੀ।

ਰਾਸ਼ਟਰੀ ਆਫ਼ਤ ਪ੍ਰਕਿਰਿਆ ਫੋਰਸ ਵਲੋਂ ਲਾਪਤਾ ਲੋਕਾਂ ਦੀ ਭਾਲ ਜਾਰੀ ਹੈ ਪਰ ਭਾਰੀ ਬਾਰਸ਼ ਕਾਰਨ ਮੁਸ਼ਕਲਾਂ ਵਧੀਆਂ ਹਨ। ਜਿਨ੍ਹਾਂ ਲੋਕਾਂ ਨੂੰ ਬਚਾਇਆ ਗਿਆ ਹੈ, ਉਨ੍ਹਾਂ 'ਚੋਂ 11 ਦਾ ਵੱਖ-ਵੱਖ ਹਸਪਤਾਲਾਂ 'ਚ ਇਲਾਜ ਚੱਲ ਰਿਹਾ ਹੈ। ਇਨ੍ਹਾਂ 'ਚੋਂ 10 ਲੋਕਾਂ ਦੀ ਹਾਲਤ ਸਥਿਰ ਹੈ, ਜਦੋਂ ਕਿ ਕੋਲੇਨਚੇਰੀ ਮੈਡੀਕਲ ਕਾਲਜ 'ਚ ਦਾਖ਼ਲ ਇਕ ਵਿਅਕਤੀ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਇਡੁੱਕੀ ਸ਼ਹਿਰ, ਪੀਰੂਮੇਦੂ ਅਤੇ ਮੁੰਨਾਰ 'ਚ ਸ਼ੁਕਰਵਾਰ ਨੂੰ ਭਾਰੀ ਬਾਰਸ਼ ਹੋਈ, ਜਿਸ ਕਾਰਨ ਇਹ ਜ਼ਮੀਨ ਖਿੱਸਕਣ ਹੋਇਆ। (ਪੀਟੀਆਈ)