ਕੇਂਦਰ ਵਲੋਂ ਮ੍ਰਿਤਕਾਂ ਦੇ ਪ੍ਰਵਾਰ ਵਾਲਿਆਂ ਨੂੰ 10-10 ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ
ਸੂਬਾ ਸਰਕਾਰ ਵੀ ਦੇਵੇਗੀ 10-10 ਲੱਖ ਰੁਪਏ ਦਾ ਮੁਆਵਜ਼ਾ
ਕੋਝੀਕੋਡ (ਕੇਰਲ), 8 ਅਗੱਸਤ : ਕੇਂਦਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਸਨਿਚਰਵਾਰ ਨੂੰ ਇਥੇ ਕਾਰੀਪੁਰ ਹਵਾਈ ਅੱਡੇ 'ਤੇ ਏਅਰ ਇੰਡੀਆ ਐਕਸਪ੍ਰੈਸ ਹਾਦਸੇ 'ਚ ਮਾਰੇ ਗਏ ਲੋਕਾਂ ਨੂੰ 10-10 ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ। ਕੇਰਲ ਦੇ ਕੋਝੀਕੋਡ 'ਚ ਏਅਰ ਇੰਡੀਆ ਐਕਸਪ੍ਰੈੱਸ ਦਾ ਜਹਾਜ਼ ਸ਼ੁਕਰਵਾਰ ਨੂੰ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ। ਪੁਰੀ ਨੇ ਕੇਂਦਰੀ ਮੰਤਰੀ ਵੀ ਮੁਰਲੀਧਰਨ ਅਤੇ ਸਾਂਸਦਾਂ ਪੀ.ਕੇ. ਕੁਨਹਾਲੀਕੁੱਟੀ ਅਤੇ ਐਮ.ਕੇ. ਰਾਘਵਨ ਨਾਲ ਹਾਦਸਾਸਥਲ ਦਾ ਦੌਰਾ ਕਰਨ ਦੇ ਬਾਅਦ ਮੀਡੀਆ ਨਾਲ ਗੱਲਬਾਤ ਦੌਰਾਨ ਐਲਾਨ ਕੀਤਾ ਕਿ ਹਾਦਸੇ 'ਚ ਮਾਰੇ ਗਏ ਲੋਕਾਂ ਨੂੰ 10-10 ਲੱਖ ਰੁਪਏ, ਗੰਭੀਰ ਤੌਰ 'ਤੇ ਜ਼ਖ਼ਮੀਆਂ ਨੂੰ 2-2 ਲੱਖ ਰੁਪਏ ਅਤੇ ਮਾਮੂਲੀ ਤੌਰ 'ਤੇ ਜ਼ਖ਼ਮੀ ਹੋਏ ਲੋਕਾਂ ਨੂੰ 50-50 ਰੁਪਏ ਮੁਆਵਜ਼ੇ ਦੇ ਤੌਰ 'ਤੇ ਦਿਤਾ ਜਾਵੇਗਾ।
ਪੁਰੀ ਨੇ ਕਿਹਾ ਕਿ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਹਾਦਸੇ ਦੇ ਕਾਰਨਾਂ ਦਾ ਅੰਦਾਜ਼ਾ ਲਗਾਉਣਾ ਅਜੇ ਜਲਦਬਾਜ਼ੀ ਹੋਵੇਗੀ। ਮੰਤਰੀ ਨੇ ਕਿਹਾ, ''ਏਅਰਪੋਰਟ ਅਥਾਰਿਟੀ, ਡੀਜੀਸੀਏ, ਏਏਆਈਬੀ ਅਤੇ ਹੋਰ ਸਾਰੀਆਂ ਏਜੰਸੀਆਂ ਸਹਿਯੋਗ ਕਰ ਰਹੀਆਂ ਹਨ। ਦੋ ਬਲੈਕ ਬਾਕਸ ਵੀ ਮਿਲੇ ਹਨ।''
ਉਧਰ, ਦੂਜੇ ਪਾਸੇ ਕੇਰਲ ਸਰਕਾਰ ਨੇ ਵੀ ਸਨਿਚਰਵਾਰ ਨੂੰ ਇਸ ਹਾਦਸੇ 'ਚ ਮਰਨ ਵਾਲੇ ਲੋਕਾਂ ਦੇ ਪ੍ਰਵਾਰ ਵਾਲਿਆਂ ਨੂੰ 10 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਪਿਨਰਾਈ ਵਿਜਯਨ ਨੇ ਇਥੇ ਉੱਚ ਪੱਧਰੀ ਬੈਠਕ ਤੋਂ ਬਾਅਦ ਕਿਹਾ ਕਿ ਕਰੀਬ 18 ਲੋਕਾਂ ਦੀ ਮੌਤ ਹੋ ਗਈ ਅਤੇ 149 ਦਾ ਮਲਪੁਰਮ ਅਤੇ ਕੋਝੀਕੋਡ ਜ਼ਿਲ੍ਹੇ ਦੇ ਵੱਖ-ਵੱਖ ਹਸਪਤਾਲਾਂ 'ਚ ਇਲਾਜ ਚੱਲ ਰਿਹਾ ਹੈ ਅਤੇ ਜਿਨ੍ਹਾਂ 'ਚੋਂ 23 ਦੀ ਹਾਲਤ ਗੰਭੀਰ ਹੈ। ਬੈਠਕ 'ਚ ਰਾਜਪਾਲ ਆਰਿਫ਼ ਮੁਹੰਮਦ ਖਾਨ ਨੇ ਵੀ ਹਿੱਸਾ ਲਿਆ।
ਵਿਜਯਨ ਨੇ ਕਿਹਾ,''ਰਾਜ ਸਰਕਾਰ ਨੇ ਮ੍ਰਿਤਕਾਂ ਦੇ ਪ੍ਰਵਾਰ ਵਾਲਿਆਂ ਨੂੰ 10 ਲੱਖ ਰੁਪਏ ਬਤੌਰ ਮੁਆਵਜ਼ਾ ਦੇਣ ਦਾ ਫ਼ੈਸਲਾ ਕੀਤਾ ਹੈ। ਜਿਨ੍ਹਾਂ ਲੋਕਾਂ ਦਾ ਇਲਾਜ ਚੱਲ ਰਿਹਾ ਹੈ, ਉਨ੍ਹਾਂ ਦਾ ਮੈਡੀਕਲ ਖਰਚ ਰਾਜ ਸਰਕਾਰ ਚੁਕੇਗੀ।'' ਮੁੱਖ ਮੰਤਰੀ ਨੇ ਦਸਿਆ ਕਿ ਜਿਨ੍ਹਾਂ 18 ਲੋਕਾਂ ਦੀ ਮੌਤ ਹੋਈ ਹੈ, ਉਨ੍ਹਾਂ 'ਚੋਂ 14 ਬਾਲਗ਼ ਅਤੇ 4 ਬੱਚੇ ਹਨ। ਵਿਜਯਨ ਨੇ ਕਿਹਾ,''14 ਬਾਲਗ਼ਾਂ 'ਚ 7 ਪੁਰਸ਼ ਅਤੇ ਹੋਰ ਜਨਾਨੀਆਂ ਹਨ।
ਮਰਨ ਵਾਲਿਆਂ 'ਚੋਂ ਇਕ ਕੋਰੋਨਾ ਪਾਜ਼ੇਟਿਵ ਵਿਅਕਤੀ ਨਿਕਲਿਆ
ਕੇਰਲ 'ਚ ਕੋਝੀਕੋਡ ਏਅਰਪੋਰਟ 'ਤੇ ਹੋਏ ਏਅਰ ਇੰਡੀਆ ਐਕਸਪ੍ਰੈੱਸ ਜਹਾਜ਼ ਹਾਦਸੇ 'ਚ ਮਰਨ ਵਾਲੇ ਯਾਤਰੀਆਂ 'ਚ ਇਕ ਸ਼ਖਸ ਕੋਰੋਨਾ ਪਾਜ਼ੇਟਿਵ ਸੀ। ਸ਼ੁਕਰਵਾਰ ਸ਼ਾਮ ਹੋਏ ਹਾਦਸੇ 'ਚ 2 ਪਾਇਲਟਾਂ ਸਮੇਤ 18 ਲੋਕਾਂ ਦੀ ਮੌਤ ਹੋ ਗਈ ਸੀ। ਕੇਰਲ ਦੇ ਸਿਖਿਆ ਮੰਤਰੀ ਕੇ.ਟੀ ਜਲੀਲ ਨੇ ਦਸਿਆ ਕਿ 45 ਸਾਲਾ ਯਾਤਰੀ ਸੁਧੀਰ ਵਰਯਥ ਦੇ ਨਮੂਨੇ ਜਾਂਚ ਲਈ ਭੇਜੇ ਗਏ ਸਨ ਅਤੇ ਉਸ ਦੇ ਕੋਰੋਨਾ ਪਾਜ਼ੇਟਿਵ ਹੋਣ ਦੀ ਪੁਸ਼ਟੀ ਹੋਈ ਹੈ। ਜਹਾਜ਼ ਹਾਦਸੇ ਨੂੰ ਲੈ ਕੇ ਜਾਂਚ ਚੱਲ ਰਹੀ ਹੈ।
ਬਲੈਕ ਬਾਕਸ ਬਰਾਮਦ, ਜਾਂਚ ਲਈ ਦਿੱਲੀ ਲਿਜਾਇਆ ਜਾਵੇਗਾ
ਕੋਝੀਕੋਡ 'ਚ ਕਾਰੀਪੁਰ ਹਵਾਈ ਅੱਡੇ 'ਤੇ ਹਾਦਸਾਗ੍ਰਸਤ ਹੋਏ ਏਅਰ ਇੰਡੀਆ ਐਕਸਪ੍ਰੈਸ ਦੇ ਜਹਾਜ਼ ਦਾ ਬਲੈਕ ਬਾਕਸ ਮਿਲ ਗਿਆ ਹੈ ਜਿਸ ਨੂੰ ਜਹਾਜ਼ ਹਾਦਸਾ ਜਾਂਚ ਬਿਊਰੋ (ਏਏਆਈਬੀ) ਵਲੋਂ ਅੱਗੇ ਦੀ ਜਾਂਚ ਲਈ ਦਿੱਲੀ ਲਿਜਾਇਆ ਜਾਵੇਗਾ। ਡਿਜੀਟਲ ਫ਼ਲਾਈਟ ਡੇਟਾ ਰੀਕਾਰਡਰ (ਡੀਐਫ਼ਡੀਆਰ) ਅਤੇ ਕਾਕਪਿਟ ਵਾਇਸ ਰੀਕਾਰਡਰ (ਸੀਸੀਆਰ) ਮਿਲ ਕੇ ਜਹਾਜ਼ ਦਾ 'ਬਲੈਕ ਬਾਕਸ ਬਣਾਉਂਦੇ ਹਨ। ਡੀਐਫ਼ਡੀਆਰ ਜਹਾਜ਼ ਦੀ ਉਡਾਨ ਦੀ ਗਤੀ, ਉਂਚਾਈ ਅਤੇ ਤੇਲ ਆਦਿ ਨਾਲ ਸਬੰਧਿਤ ਅੰਕੜਿਆਂ ਨੂੰ ਰੀਕਾਰਡ ਕਰਦਾ ਹੈ। ਜਹਾਜ਼ ਹਾਦਸੇ ਦੇ ਬਾਅਦ ਮਿਲੇ ਬਲੈਕ ਬਾਕਸ ਤੋਂ ਜਾਂਚਕਰਤਾ ਨੂੰ ਉਡਾਨ ਦਾ ਪੂਰਾ ਡੇਟਾ ਅਤੇ ਵਾਇਰਸ ਰੀਕਰਡਿੰਗ ਮਿਲਦੀ ਹੈ ਤਾਕਿ ਹਾਦਸੇ ਦੇ ਕਾਰਨਾਂ ਦਾ ਪਤਾ ਲੱਗ ਸਕੇ। (ਪੀਟੀਆਈ)