ਭਾਰਤ 'ਚ ਕੋਵਿਡ-19 ਨਾਲ ਹੁਣ ਤਕ 196 ਡਾਕਟਰਾਂ ਦੀ ਹੋਈ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਆਈ.ਐਮ.ਏ ਵਲੋਂ ਪ੍ਰਧਾਨ ਮੰਤਰੀ ਨੂੰ ਮੁੱਦੇ ਵਲ ਧਿਆਨ ਦੇਣ ਦੀ ਕੀਤੀ ਅਪੀਲ  

Doctors

ਨਵੀਂ ਦਿੱਲੀ, 8 ਅਗੱਸਤ : ਭਾਰਤੀ ਮੈਡੀਕਲ ਸੰਗਠਨ (ਆਈ.ਐੱਮ.ਏ.) ਨੇ ਸਨਿਚਰਵਾਰ ਨੂੰ ਕਿਹਾ ਕਿ ਦੇਸ਼ 'ਚ ਹੁਣ ਤਕ ਕੁਲ 196 ਡਾਕਟਰਾਂ ਦੀ ਕੋਵਿਡ-19 ਨਾਲ ਮੌਤ ਹੋਈ ਹੈ ਅਤੇ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਇਸ ਮੁੱਦੇ 'ਤੇ ਧਿਆਨ ਦੇਣ। ਆਈ.ਐੱਮ.ਏ. ਨੇ ਚਿੰਤਾ ਜਤਾਉਂਦੇ ਹੋਏ ਕਿਹਾ,''ਆਈ.ਐੱਮ.ਏ. ਵਲੋਂ ਇਕੱਠੇ ਨਵੇਂ ਅੰਕੜਿਆਂ ਅਨੁਸਾਰ ਸਾਡੇ ਦੇਸ਼ ਨੇ 196 ਡਾਕਟਰਾਂ ਨੂੰ ਗੁਆ ਦਿਤਾ, ਜਿਨ੍ਹਾਂ 'ਚੋਂ 170 ਦੀ ਉਮਰ 50 ਸਾਲ ਸੀ ਅਤੇ ਇਸ 'ਚ 40 ਫ਼ੀ ਸਦੀ ਜਨਰਲ ਪ੍ਰੈਕਟੀਸ਼ਨਰਜ਼ ਸਨ।''

ਡਾਕਟਰਾਂ ਦੇ ਸੰਗਠਨ ਨੇ ਕਿਹਾ ਕਿ ਬੁਖਾਰ ਅਤੇ ਇਸ ਨਾਲ ਜੁੜੇ ਲੱਛਣਾਂ ਲਈ ਜ਼ਿਆਦਾ ਗਿਣਤੀ 'ਚ ਲੋਕ ਜਨਰਲ ਪ੍ਰੈਕਟੀਸ਼ਨਰਜ਼ ਨਾਲ ਸੰਪਰਕ ਕਰਦੇ ਹਨ, ਇਸ ਲਈ ਉਹ ਪਹਿਲਾ ਸੰਪਰਕ ਬਿੰਦੂ ਹੁੰਦੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਿਖੀ ਚਿੱਠੀ 'ਚ ਆਈ.ਐੱਮ.ਏ. ਨੇ ਅਪੀਲ ਕੀਤੀ ਕਿ ਡਾਕਟਰਾਂ ਅਤੇ ਉਨ੍ਹਾਂ ਦੇ ਪ੍ਰਵਾਰ ਲਈ ਪੂਰੀ ਦੇਖਭਾਲ ਯਕੀਨੀ ਕੀਤੀ ਜਾਵੇ ਤਾਂ ਕਿ ਸਾਰੇ ਸੈਕਟਰਾਂ ਦੇ ਡਾਕਟਰਾਂ ਨੂੰ ਸਰਕਾਰ ਵਲੋਂ ਮੈਡੀਕਲ ਅਤੇ ਜੀਵਨ ਬੀਮਾ ਦਿਤਾ ਜਾਵੇ।

ਆਈ.ਐੱਮ.ਏ. ਦੇ ਰਾਸ਼ਟਰੀ ਪ੍ਰਧਾਨ ਡਾ. ਰਾਜਨ ਸ਼ਰਮਾ ਨੇ ਕਿਹਾ,''ਆਈ.ਐੱਮ.ਏ. ਦੇਸ਼ ਭਰ ਦੇ ਸਾਢੇ 3 ਲੱਖ ਡਾਕਟਰਾਂ ਦਾ ਪ੍ਰਤੀਨਿਧੀਤੱਵ ਕਰਦਾ ਹੈ। ਉਨ੍ਹਾਂ ਨੇ ਕਿਹਾ,''ਇਸ ਤੋਂ ਵਧ ਨਿਰਾਸ਼ਾਜਨਕ ਹੈ ਕਿ ਡਾਕਟਰਾਂ ਅਤੇ ਉਨ੍ਹਾਂ ਦੇ ਪ੍ਰਵਾਰ ਦੇ ਮੈਂਬਰਾਂ ਨੂੰ ਦਾਖ਼ਲ ਹੋਣ ਲਈ ਬਿਸਤਰ ਨਹੀਂ ਮਿਲ ਰਿਹਾ ਹੈ ਅਤੇ ਜ਼ਿਆਦਾਤਰ ਮਾਮਲਿਆਂ 'ਚ ਦਵਾਈ ਦੀ ਕਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। (ਪੀਟੀਆਈ)