ਚੰਡੀਗੜ੍ਹ ਵਿਚ ਫਿਰ ਵਾਪਰੀ ਦਰੱਖ਼ਤ ਡਿੱਗਣ ਦੀ ਘਟਨਾ: ਖੜ੍ਹੀ ਕਾਰ ’ਤੇ ਡਿੱਗਿਆ ਦਰੱਖ਼ਤ
ਸੂਚਨਾ ਮਿਲਦੇ ਹੀ ਬਾਗਬਾਨੀ ਵਿਭਾਗ ਦੇ ਕਰਮਚਾਰੀ ਮੌਕੇ 'ਤੇ ਪਹੁੰਚੇ ਅਤੇ ਦਰੱਖਤ ਨੂੰ ਹਟਾਉਣ ਲਈ ਇਸ ਦੀ ਕਟਾਈ ਸ਼ੁਰੂ ਕਰ ਦਿੱਤੀ।
ਚੰਡੀਗੜ੍ਹ: ਸੈਕਟਰ-7 ਵਿਚ ਅੱਜ ਦਿਨ ਵੇਲੇ ਅਚਾਨਕ ਇਕ ਹਰਾ ਦਰੱਖਤ ਡਿੱਗ ਗਿਆ, ਇਸ ਦੌਰਾਨ ਕੋਈ ਜ਼ਖਮੀ ਨਹੀਂ ਹੋਇਆ। ਹਾਲਾਂਕਿ ਇਕ ਵਾਹਨ ਜ਼ਰੂਰ ਨੁਕਸਾਨਿਆ ਗਿਆ। ਇਹ ਘਟਨਾ ਸੈਕਟਰ-7ਬੀ ਸਥਿਤ ਸੰਪਰਕ ਕੇਂਦਰ ਦੇ ਪਿਛਲੇ ਪਾਸੇ ਮੇਨਟੇਨੈਂਸ ਬੂਥ ਨੇੜੇ ਵਾਪਰੀ। ਸੂਚਨਾ ਮਿਲਦੇ ਹੀ ਬਾਗਬਾਨੀ ਵਿਭਾਗ ਦੇ ਕਰਮਚਾਰੀ ਮੌਕੇ 'ਤੇ ਪਹੁੰਚੇ ਅਤੇ ਦਰੱਖਤ ਨੂੰ ਹਟਾਉਣ ਲਈ ਇਸ ਦੀ ਕਟਾਈ ਸ਼ੁਰੂ ਕਰ ਦਿੱਤੀ।
Tree fell again in Chandigarh
ਦੱਸ ਦੇਈਏ ਕਿ ਇਕ ਮਹੀਨਾ ਪਹਿਲਾਂ ਸੈਕਟਰ-9 ਦੇ ਕਾਰਮਲ ਕਾਨਵੈਂਟ ਸਕੂਲ ਵਿਚ ਇਕ ਵਿਰਾਸਤੀ ਦਰੱਖਤ ਡਿੱਗ ਗਿਆ ਸੀ। ਇਸ ਤੋਂ ਬਾਅਦ ਸ਼ਹਿਰ ਵਿਚ ਦਰੱਖਤ ਡਿੱਗਣ ਦੀਆਂ ਕਈ ਘਟਨਾਵਾਂ ਵਾਪਰ ਚੁੱਕੀਆਂ ਹਨ। ਹਾਲ ਹੀ ਵਿਚ ਸੈਕਟਰ-22 ਵਿਚ ਚੰਡੀਗੜ੍ਹ ਨਿਗਮ ਦੇ ਵਾਰਡ ਨੰਬਰ-17 ਤੋਂ ਕੌਂਸਲਰ ਦਮਨਪ੍ਰੀਤ ਸਿੰਘ ਦੇ ਘਰ ਦੇ ਬਾਹਰ ਇਕ ਵੱਡਾ ਹਰਾ ਦਰੱਖਤ ਬਾਗ ਵਿਚ ਡਿੱਗ ਗਿਆ ਸੀ। ਇਸ ਦੌਰਾਨ ਕੌਂਸਲਰ ਪਰਿਵਾਰ ਸਮੇਤ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਗਏ ਹੋਏ ਸਨ।
Heritage Tree
ਇਸ ਤੋਂ ਇਲਾਵਾ ਮਨੀਮਾਜਰਾ ਵਿਚ ਇਕ ਡਿਸਪੈਂਸਰੀ ਵਿਚ ਨਿੰਮ ਦਾ ਦਰੱਖਤ ਡਿੱਗ ਪਿਆ ਸੀ। ਸੈਕਟਰ-22/23 ਦੇ ਲਾਈਟ ਪੁਆਇੰਟ ’ਤੇ ਦਰੱਖਤ ਡਿੱਗਣ ਕਾਰਨ ਰਿਕਸ਼ਾ ਚਾਲਕ ਜ਼ਖ਼ਮੀ ਹੋ ਗਿਆ। ਹੀਰਾਕਸ਼ੀ ਹੈਰੀਟੇਜ ਟ੍ਰੀ ਹਾਦਸੇ ਤੋਂ ਬਾਅਦ ਸ਼ਹਿਰ 'ਚ ਖਤਰਨਾਕ ਦਰੱਖਤਾਂ ਦੀਆਂ ਸੈਂਕੜੇ ਸ਼ਿਕਾਇਤਾਂ ਨਿਗਮ ਅਤੇ ਪ੍ਰਸ਼ਾਸਨ ਨੂੰ ਆ ਰਹੀਆਂ ਹਨ, ਜਿਸ ਤੋਂ ਬਾਅਦ ਪ੍ਰਸ਼ਾਸਨ ਅਤੇ ਨਿਗਮ ਨੇ ਆਪਣੇ ਪੱਧਰ 'ਤੇ ਕਈ ਦਰਖਤਾਂ ਦੀ ਛਾਂਟੀ ਵੀ ਕਰਵਾਈ। ਕੁਝ ਸੁੱਕੇ ਦਰੱਖਤ ਵੀ ਹਟਾ ਦਿੱਤੇ ਗਏ। ਦਰੱਖਤਾਂ ਦੇ ਮਾਮਲੇ ਨਾਲ ਸਬੰਧਤ ਇਕ ਪਟੀਸ਼ਨ 'ਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ 'ਚ ਸੁਣਵਾਈ ਚੱਲ ਰਹੀ ਹੈ।