ਉੱਤਰਾਖੰਡ ਸਰਕਾਰ ਨੇ ਸਿੱਖਾਂ ਦੀ ਸਾਲਾਂ ਪੁਰਾਣੀ ਮੰਗ ਕੀਤੀ ਪੂਰੀ, ਲਾਗੂ ਕੀਤਾ ਆਨੰਦ ਕਾਰਜ ਐਕਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਆਨੰਦ ਮੈਰਿਜ ਐਕਟ ਲਾਗੂ ਕਰਨ ਵਾਲਾ 10ਵਾਂ ਸੂਬਾ ਬਣਿਆ ਉੱਤਰਾਖੰਡ

PHOTO

 

ਦੇਹਰਾਦੂਨ: ਉੱਤਰਾਖੰਡ ਦੇ ਸਿੱਖਾਂ ਦੀ ਕਈ ਸਾਲ ਪੁਰਾਣੀ ਮੰਗ ਨੂੰ ਪੂਰਾ ਕਰਦਿਆਂ ਸੂਬਾ ਸਰਕਾਰ ਨੇ ਆਨੰਦ ਮੈਰਿਜ ਐਕਟ ਨੂੰ ਸੂਬੇ ’ਚ ਲਾਗੂ ਕਰ ਦਿਤਾ ਹੈ।
ਮੁੱਖ ਮੰਤਰੀ ਪੁਸ਼ਕਰ ਧਾਮੀ ਨੇ ਕਿਹਾ ਕਿ ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਹਾਜ਼ਰ ਨਾਜ਼ਰ ਮੰਨ ਕੇ ਕੀਤੇ ਗਏ ਵਿਆਹ ਨੂੰ ਵੀ ਸਰਕਾਰ ਨੇ ਮਾਨਤਾ ਦੇ ਦਿਤੀ ਹੈ ਅਤੇ ਇਸ ਨਾਲ ਵਿਆਹ ਰਜਿਸਟਰੇਸ਼ਨ ’ਚ ਆਸਾਨੀ ਹੋਵੇਗੀ। ਵਿਆਹ ਤੋਂ ਬਾਅਦ ਸਿੱਖ ਔਰਤਾਂ ਦੇ ਹਿਤਾਂ ਦੀ ਵੀ ਰਾਖੀ ਹੋ ਸਕੇਗੀ।

 ਇਹ ਵੀ ਪੜ੍ਹੋ: ਪੰਜਾਬ ਸਰਕਾਰ ਵਲੋਂ ਪੁਲਿਸ ਵਿਭਾਗ ਵਿਚ ਵੱਡਾ ਪ੍ਰਸ਼ਾਸਨਿਕ ਫ਼ੇਰਬਦਲ

ਸਾਲ 1909 ’ਚ ਸਿੱਖਾਂ ਦੇ ਵਿਆਹ ਦੀ ਰਜਿਸਟਰੇਸ਼ਨ ਲਈ ਆਨੰਦ ਮੈਰਿਜ ਐਕਟ ਪਾਸ ਕੀਤਾ ਗਿਆ ਸੀ ਜੋ ਕਿ ਸਾਲ 2012 ’ਚ ਸੋਧੇ ਗਏ ਆਨੰਦ ਕਾਰਜ ਐਕਟ ਦੇ ਰੂਪ ’ਚ ਲੋਕ ਸਭਾ ਅਤੇ ਰਾਜ ਸਭਾ ’ਚ ਪਾਸ ਹੋਇਆ। ਪਰ ਉਦੋਂ ਤੋਂ ਕਈ ਸੂਬਿਆਂ ਨੇ ਨਾ ਤਾਂ ਇਸ ਦੇ ਨਿਯਮ ਬਣਾਏ ਅਤੇ ਨਾ ਹੀ ਲਾਗੂ ਕੀਤਾ। ਸਿੱਖ ਜਥੇਬੰਦੀਆਂ ਇਸ ਦੀ ਮੰਗ ਚੁਕਦੀਆਂ ਰਹੀਆਂ ਹਨ।

 ਇਹ ਵੀ ਪੜ੍ਹੋ: ਰਾਹੁਲ ਗਾਂਧੀ ਦੀ 'ਅਸ਼ਲੀਲ ਹਰਕਤ' 'ਤੇ ਹੰਗਾਮਾ, ਸਮ੍ਰਿਤੀ ਇਰਾਨੀ ਦੇ ਇਲਜ਼ਾਮ ਤੋਂ ਬਾਅਦ ਸਪੀਕਰ ਤੱਕ ਪਹੁੰਚਿਆ ਮਾਮਲਾ 

ਦਸੰਬਰ 2022 ’ਚ ਕੌਮੀ ਘੱਟਗਿਣਤੀ ਕਮਿਸ਼ਨ ਦੇ ਮੁਖੀ ਸ. ਇਕਬਾਲ ਸਿੰਘ ਲਾਲਪੁਰਾ ਨੇ ਸੂਬੇ ਦੇ ਮੁੱਖ ਮੰਤਰੀ ਅਤੇ ਮੁੱਖ ਸਕੱਤਰ ਨੂੰ ਚਿੱਠੀ ਲਿਖ ਕੇ ਆਨੰਦ ਕਾਰਜ ਐਕਟ ਦੇ ਨਿਯਮ ਨਿਰਧਾਰਤ ਕਰਨ ਕੇ ਸੂਬੇ ’ਚ ਲਾਗੂ ਕਰਨ ਲਈ ਅਪੀਲ ਕੀਤੀ ਸੀ। ਸਾਲ 2022 ’ਚ ਉੱਤਰਾਖੰਡ ਹਾਈ ਕੋਰਟ ਨੇ ਵੀ ਸੂਬਾ ਸਰਕਾਰ ਨੂੰ ਆਨੰਦ ਕਾਰਜ ਐਕਟ ਲਾਗੂ ਕਰਨ ਦੇ ਹੁਕਮ ਦਿਤੇ ਸਨ।

ਜਾਣਕਾਰੀ ਮੁਤਾਬਕ ਇਸ ’ਚ ਸੂਬਾ ਸਰਕਾਰ ਨੇ ਦਿੱਲੀ, ਕੇਰਲ, ਚੰਡੀਗੜ੍ਹ ਆਦਿ ਦੀ ਨਿਯਮਾਵਲੀ ਦੀ ਜਾਣਕਾਰੀ ਹਾਸਲ ਕਰ ਕੇ ਉੱਤਰਾਖੰਡ ਲਈ ਵੀ ਨਿਯਮਾਵਲੀ ਤਿਆਰ ਕੀਤੀ ਅਤੇ ਇਸ ਨੂੰ ਲਾਗੂ ਕੀਤਾ। ਉੱਤਰਾਖੰਡ ਦੇਸ਼ ਦਾ ਦਸਵਾਂ ਸੂਬਾ ਹੈ, ਜਿਸ ਨੇ ਇਹ ਐਕਟ ਲਾਗੂ ਕੀਤਾ ਹੈ। ਇਸ ਨਾਲ ਸੂਬੇ ਦੇ ਨੌਜੁਆਨਾਂ ਨੂੰ ਵਿਆਹ ਲਈ ਰਜਿਸਟਰੇਸ਼ਨ ’ਚ ਆਸਾਨੀ ਹੋਵੇਗੀ ਅਤੇ ਵਿਆਹ ਤੋਂ ਬਾਅਦ ਵੀ ਇਸ ਐਕਟ ਨਾਲ ਖ਼ਾਸ ਤੌਰ ’ਤੇ ਔਰਤਾਂ ਦੇ ਹਿਤਾਂ ਦੀ ਰਾਖੀ ਹੋ ਸਕੇਗੀ।
ਬੀ.ਜੇ.ਪੀ. ਸ਼ਾਸਤ ਅਸਮ ਅਤੇ ਉੱਤਰਾਖੰਡ ’ਚ ਇਕ ਹੀ ਦਿਨ 3 ਅਗੱਸਤ, 2023 ਨੂੰ ਇਕੱਠਿਆਂ ਇਸ ਐਕਟ ਨੂੰ ਆਪੋ-ਅਪਣੇ ਸੂਬੇ ਦੀ ਕੈਬਿਨੇਟ ’ਚ ਪਾਸ ਕੀਤਾ ਗਿਆ ਹੈ।