Wayanad Landslide : 10 ਅਗਸਤ ਨੂੰ ਵਾਇਨਾਡ ਦੌਰੇ 'ਤੇ ਜਾਣਗੇ PM ਮੋਦੀ , ਜ਼ਮੀਨ ਖਿਸਕਣ ਤੋਂ ਪ੍ਰਭਾਵਿਤ ਇਲਾਕਿਆਂ ਦਾ ਲੈਣਗੇ ਜਾਇਜ਼ਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮੁੱਖ ਮੰਤਰੀ ਪਿਨਾਰਾਈ ਵਿਜਯਨ ਨੂੰ ਪੁਨਰਵਾਸ ਪੈਕੇਜ ਮਿਲਣ ਦੀ ਉਮੀਦ

PM Modi will visit Wayanad

Wayanad Landslide : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਨੀਵਾਰ ਨੂੰ ਕੇਰਲ ਦੇ ਵਾਇਨਾਡ ਦੇ ਜ਼ਮੀਨ ਖਿਸਕਣ ਤੋਂ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨਗੇ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਮੋਦੀ 10 ਅਗਸਤ ਦੁਪਹਿਰ ਨੂੰ ਕਲਪੇਟਾ ਪਹੁੰਚਣਗੇ ਅਤੇ ਫਿਰ ਜ਼ਮੀਨ ਖਿਸਕਣ ਤੋਂ ਪ੍ਰਭਾਵਿਤ ਇਲਾਕਿਆਂ ਦਾ ਹਵਾਈ ਸਰਵੇਖਣ ਕਰਨਗੇ।

ਮੁੱਖ ਮੰਤਰੀ ਪਿਨਾਰਾਈ ਵਿਜਯਨ ਨੂੰ ਪੁਨਰਵਾਸ ਪੈਕੇਜ ਮਿਲਣ ਦੀ ਉਮੀਦ  

ਦੂਜੇ ਪਾਸੇ ਕੇਰਲ ਦੇ ਮੁੱਖ ਮੰਤਰੀ ਪਿਨਾਰਾਈ ਵਿਜਯਨ ਨੇ ਤਿਰੂਵਨੰਤਪੁਰਮ ਵਿੱਚ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਪੀਐਮ ਮੋਦੀ ਦਾ  ਵਾਇਨਾਡ ਦੌਰਾ ਰਾਜ ਸਰਕਾਰ ਦੀ ਉਸ ਮੰਗ ਦੇ ਵਿਚਕਾਰ ਹੋ ਰਿਹਾ ਹੈ ,ਜਿਸ ਵਿੱਚ ਉਨ੍ਹਾਂ ਨੇ ਜ਼ਮੀਨ ਖਿਸਕਣ ਨੂੰ ‘ਰਾਸ਼ਟਰੀ ਆਫ਼ਤ’ ਮੰਨਣ ਦੀ ਬੇਨਤੀ ਕੀਤੀ ਹੈ। ਉਨ੍ਹਾਂ ਕਿਹਾ ਕਿ ਸੂਬੇ ਦੀ ਬੇਨਤੀ 'ਤੇ ਗ੍ਰਹਿ ਮੰਤਰਾਲੇ ਨੇ ਤਬਾਹੀ ਦੀ ਗੰਭੀਰਤਾ ਦੀ ਜਾਂਚ ਕਰਨ ਅਤੇ ਇਸ ਸਬੰਧੀ ਰਿਪੋਰਟ ਪੇਸ਼ ਕਰਨ ਲਈ 9 ਮੈਂਬਰੀ ਕਮੇਟੀ ਨਿਯੁਕਤ ਕੀਤੀ ਹੈ। ਵਿਜਯਨ ਨੇ ਕਿਹਾ ਕਿ ਰਾਜ ਨੂੰ ਇੱਕ ਵਿਆਪਕ ਪੁਨਰਵਾਸ ਪੈਕੇਜ ਮਿਲਣ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ ਕੇਂਦਰ ਸਰਕਾਰ ਬਹੁਤ ਸਹਿਯੋਗੀ ਅਤੇ ਮਦਦਗਾਰ ਰਹੀ ਹੈ।

ਜ਼ਮੀਨ ਖਿਸਕਣ ਕਾਰਨ 138 ਲੋਕ ਅਜੇ ਵੀ ਲਾਪਤਾ

ਇਸ ਦੌਰਾਨ ਜ਼ਮੀਨ ਖਿਸਕਣ ਨਾਲ ਪ੍ਰਭਾਵਿਤ ਚੂਰਲਮਾਲਾ ਅਤੇ ਮੁੰਡਕਾਈ ਖੇਤਰਾਂ ਤੋਂ ਲਾਪਤਾ ਲੋਕਾਂ ਦੀ ਭਾਲ ਨੌਵੇਂ ਦਿਨ ਵੀ ਜਾਰੀ ਰਹੀ, ਜਿਸ ਵਿੱਚ ਸੈਨਾ ਅਤੇ ਜਲ ਸੈਨਾ ਸਮੇਤ ਕਈ ਬਲਾਂ ਦੇ 1,026 ਜਵਾਨ, 500 ਤੋਂ ਵੱਧ ਵਲੰਟੀਅਰ ਅਤੇ ਭਾਰੀ ਮਸ਼ੀਨਰੀ ਉੱਥੇ ਤਾਇਨਾਤ ਹੈ। 30 ਜੁਲਾਈ ਨੂੰ ਵਾਇਨਾਡ ਦੇ ਮੁੰਡਕਾਈ ਅਤੇ ਚੂਰਲਮਾਲਾ ਖੇਤਰਾਂ ਵਿੱਚ ਹੋਏ ਭਿਆਨਕ ਜ਼ਮੀਨ ਖਿਸਕਣ ਕਾਰਨ ਮਰਨ ਵਾਲਿਆਂ ਦੀ ਗਿਣਤੀ 300 ਤੋਂ ਵੱਧ ਹੈ।

ਕੇਰਲ ਦੇ ਸਥਾਨਕ ਪ੍ਰਸ਼ਾਸਨ ਵੱਲੋਂ ਬੁੱਧਵਾਰ ਨੂੰ ਜਾਰੀ ਕੀਤੇ ਗਏ ਮੁੱਢਲੇ ਅੰਕੜਿਆਂ ਮੁਤਾਬਕ ਉੱਤਰੀ ਕੇਰਲ ਦੇ ਇਸ ਜ਼ਿਲੇ 'ਚ ਇਕ ਹਫਤੇ ਤੋਂ ਵੀ ਜ਼ਿਆਦਾ ਸਮਾਂ ਪਹਿਲਾਂ ਹੋਏ ਭਾਰੀ ਜ਼ਮੀਨ ਖਿਸਕਣ ਤੋਂ ਬਾਅਦ 138 ਲੋਕ ਅਜੇ ਵੀ ਲਾਪਤਾ ਹਨ।