ਜੰਮੂ-ਕਸ਼ਮੀਰ ਭ੍ਰਿਸ਼ਟਾਚਾਰ ਵਿਰੋਧੀ ਦਸਤੇ ਨੇ ਜੂਨੀਅਰ ਸਹਾਇਕ ਨੂੰ ਕੀਤਾ ਗ੍ਰਿਫ਼ਤਾਰ
4 ਹਜ਼ਾਰ ਰੁਪਏ ਰਿਸ਼ਵਤ ਲੈਣ ਦਾ ਹੈ ਆਰੋਪ
Jammu and Kashmir Anti-Corruption Squad arrests junior assistant : ਰਾਜੌਰੀ : ਜੰਮੂ-ਕਸ਼ਮੀਰ ਭ੍ਰਿਸ਼ਟਾਚਾਰ ਵਿਰੋਧੀ ਬਿਊਰੋ ਨੇ ਬੀਤੇ ਦਿਨੀਂ ਇੱਕ ਜੂਨੀਅਰ ਸਹਾਇਕ ਨੂੰ 4000 ਰੁਪਏ ਦੀ ਰਿਸ਼ਵਤ ਮੰਗਣ ਅਤੇ ਲੈਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ। ਜੰਮੂ ਅਤੇ ਕਸ਼ਮੀਰ ਭ੍ਰਿਸ਼ਟਾਚਾਰ ਵਿਰੋਧੀ ਬਿਊਰੋ ਨੂੰ ਇੱਕ ਸ਼ਿਕਾਇਤ ਮਿਲੀ ਜਿਸ ਵਿੱਚ ਦੋਸ਼ ਲਗਾਇਆ ਗਿਆ ਸੀ ਕਿ ਸ਼ਿਕਾਇਤਕਰਤਾ ਨੂੰ ਏਸੀਆਰ ਰਾਜੌਰੀ ਦਫ਼ਤਰ ਵਿੱਚ ਆਪਣੇ ਨਾਮ ’ਤੇ 3 ਮਰਲੇ ਜ਼ਮੀਨ ਰਜਿਸਟਰ ਕਰਵਾਉਣੀ ਸੀ। ਇਸ ਲਈ ਉਸ ਨੇ ਸਬੰਧਤ ਕਲਰਕ ਨੂੰ ਇਹ ਫਾਈਲ ਸੌਂਪੀ ਅਤੇ ਉਸ ਨੇ ਰਜਿਸਟ੍ਰੇਸ਼ਨ ਲਈ ਉਸ ਤੋਂ 15,000 ਰੁਪਏ ਦੀ ਰਿਸ਼ਵਤ ਮੰਗੀ ਅਤੇ ਬਾਅਦ ’ਚ ਮਾਮਲਾ 4,000 ਰੁਪਏ ਵਿੱਚ ਨਿੱਬੜ ਗਿਆ।
ਸ਼ਿਕਾਇਤਕਰਤਾ ਇੱਕ ਗਰੀਬ ਵਿਅਕਤੀ ਹੈ ਅਤੇ ਉਹ ਰਿਸ਼ਵਤ ਨਹੀਂ ਦੇਣਾ ਚਾਹੁੰਦਾ ਸੀ, ਇਸ ਲਈ ਉਸਨੇ ਦੋਸ਼ੀ ਵਿਰੁੱਧ ਕਾਨੂੰਨੀ ਕਾਰਵਾਈ ਲਈ ਏਸੀਬੀ ਕੋਲ ਪਹੁੰਚ ਕੀਤੀ। ਇਸ ਅਨੁਸਾਰ, ਭ੍ਰਿਸ਼ਟਾਚਾਰ ਰੋਕਥਾਮ ਐਕਟ ਦੀ ਧਾਰਾ 7 ਦੇ ਤਹਿਤ ਐਫਆਈਆਰ ਨੰਬਰ 04/2025 ਏਸੀਬੀ ਪੁਲਿਸ ਸਟੇਸ਼ਨ ਰਾਜੌਰੀ ਵਿਖੇ ਦਰਜ ਕੀਤੀ ਗਈ ਸੀ ਅਤੇ ਜਾਂਚ ਸ਼ੁਰੂ ਕੀਤੀ ਗਈ ਸੀ।
ਜੂਨੀਅਰ ਸਹਾਇਕ ਨੂੰ ਰੰਗੇ ਹੱਥੀਂ ਫੜਨ ਲਈ ਇੱਕ ਟੀਮ ਬਣਾਈ, ਜਿਸਨੇ ਸਫਲਤਾਪੂਰਵਕ ਜਾਲ ਵਿਛਾਇਆ ਅਤੇ ਦੋਸ਼ੀ ਜੂਨੀਅਰ ਸਹਾਇਕ ਉਮਰ ਨਵਾਜ਼ ਪੁੱਤਰ ਨਸੀਰ ਹੁਸੈਨ ਵਾਸੀ ਸਾਜ ਤਹਿਸੀਲ ਥਾਣਾਮੰਡੀ ਨੂੰ ਕਾਬੂ ਕਰ ਲਿਆ।
ਉਮਰ ਇਸ ਸਮੇਂ ਸਹਾਇਕ ਕਮਿਸ਼ਨਰ ਮਾਲ ਰਾਜੌਰੀ ਦੇ ਦਫ਼ਤਰ ਵਿੱਚ ਜੂਨੀਅਰ ਸਹਾਇਕ ਵਜੋਂ ਤਾਇਨਾਤ ਹੈ ਅਤੇ ਉਸ ਕੋਲ ਜੂਨੀਅਰ ਸਹਾਇਕ ਸਬ ਰਜਿਸਟਰਾਰ ਦਾ ਵਾਧੂ ਚਾਰਜ ਵੀ ਹੈ। ਟੀਮ ਨੇ ਉਮਰ ਨੂੰ 4000 ਰੁਪਏ ਦੀ ਰਿਸ਼ਵਤ ਮੰਗਦੇ ਅਤੇ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ।