ਗ਼ਰੀਬਾਂ ਲਈ ਜਿੰਨਾ ਕੰਮ ਪਿਛਲੇ 6 ਸਾਲਾਂ 'ਚ ਹੋਇਆ, ਐਨਾ ਪਹਿਲਾਂ ਕਦੇ ਨਹੀਂ ਹੋਇਆ : ਨਰਿੰਦਰ ਮੋਦੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਿਹਾ, ਗ਼ਰੀਬਾਂ ਦਾ ਸਹਾਰਾ ਬਣੀਆਂ ਸਰਕਾਰ ਦੀਆਂ ਯੋਜਨਾਵਾਂ

Narinder Modi

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁਧਵਾਰ ਨੂੰ ਕਿਹਾ ਕਿ ਦੇਸ਼ ਵਿਚ ਪਿਛਲੇ 6 ਸਾਲਾਂ ਦੌਰਾਨ ਗ਼ਰੀਬਾਂ ਲਈ ਜਿੰਨਾ ਕੰਮ ਹੋਇਆ, ਉਨਾ ਪਹਿਲਾਂ ਕਦੇ ਨਹੀਂ ਹੋਇਆ। ਪ੍ਰਧਾਨ ਮੰਤਰੀ ਨੇ ਵੀਡੀਉ ਲਿੰਕ ਰਾਹੀਂ ਮੱਧ ਪ੍ਰਦੇਸ਼ ਦੇ ਰੇਹੜੀ-ਪਟੜੀ ਵਾਲਿਆਂ ਨਾਲ 'ਸਵਨਿਧੀ ਗੱਲਬਾਤ' ਵਿਚ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੀ ਕੋਸ਼ਿਸ਼ ਹੈ ਕਿ ਹਰ ਇਕ ਦੇਸ਼ ਵਾਸੀ ਦਾ ਜੀਵਨ ਆਸਾਨ ਹੋਵੇ ਅਤੇ ਉਹ ਆਤਮਨਿਰਭਰ ਬਣ ਸਕੇ।

ਉਨ੍ਹਾਂ  ਕਿਹਾ, ''ਸਾਡੇ ਦੇਸ਼ 'ਚ ਗ਼ਰੀਬਾਂ ਦੀ ਗੱਲ ਤਾਂ ਬਹੁਤ ਹੋਈ ਹੈ ਪਰ ਗ਼ਰੀਬਾਂ ਲਈ ਜਿੰਨਾ ਕੰਮ ਪਿਛਲੇ 6 ਸਾਲਾਂ ਵਿਚ ਹੋਇਆ ਹੈ, ਉਨਾ ਪਹਿਲਾਂ ਕਦੇ ਨਹੀਂ ਹੋਇਆ। ਹਰ ਉਹ ਖੇਤਰ, ਹਰ ਉਹ ਸੈਕਟਰ ਜਿਥੇ ਗ਼ਰੀਬ, ਪੀੜਤ, ਸ਼ੋਸ਼ਿਤ ਅਤੇ ਕਮਜ਼ੋਰ ਸੀ, ਸਰਕਾਰ ਦੀਆਂ ਯੋਜਨਾਵਾਂ ਉਸ ਦਾ ਸਹਾਰਾ ਬਣ ਕੇ ਆਈਆਂ।''

ਕੋਵਿਡ-19 ਮਹਾਮਾਰੀ ਤੋਂ ਪ੍ਰਭਾਵਤ ਰੇਹੜੀ-ਫੜ੍ਹੀ ਵਾਲਿਆਂ ਨੂੰ ਮੁੜ ਰੋਜ਼ੀ-ਰੋਟੀ ਨਾਲ ਜੋੜਨ ਲਈ ਕੇਂਦਰ ਸਰਕਾਰ ਨੇ 'ਪ੍ਰਧਾਨ ਮੰਤਰੀ ਸਵਨਿਧੀ ਯੋਜਨਾ' ਦੀ ਸ਼ੁਰੂਆਤ ਕੀਤੀ ਹੈ। ਮੋਦੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸਵਨਿਧੀ ਯੋਜਨਾ ਦਾ ਮਕਸਦ ਹੈ ਕਿ ਰੇਹੜੀ-ਫੜ੍ਹੀ ਵਾਲੇ ਲੋਕ ਨਵੀਂ ਸ਼ੁਰੂਆਤ ਕਰ ਸਕਣ, ਅਪਣਾ ਕੰਮ ਫਿਰ ਸ਼ੁਰੂ ਕਰ ਸਕਣ, ਇਸ ਲਈ ਉਨ੍ਹਾਂ ਨੂੰ ਆਸਾਨੀ ਨਾਲ ਪੂੰਜੀ ਮਿਲ ਸਕੇ ਅਤੇ ਉਨ੍ਹਾਂ ਨੂੰ ਜ਼ਿਆਦਾ ਵਿਆਜ ਦੇ ਕੇ ਪੂੰਜੀ ਨਾ ਲਿਆਉਣੀ ਪਵੇ।

ਉਨ੍ਹਾਂ ਕਿਹਾ, ''ਇਸ ਯੋਜਨਾ ਵਿਚ ਤਕਨੀਕ ਦੇ ਮਾਧਿਅਮ ਨਾਲ ਅਜਿਹੀ ਵਿਵਸਥਾ ਕੀਤੀ ਗਈ ਹੈ ਕਿ ਰੇਹੜੀ-ਫੜ੍ਹੀ ਵਾਲੇ ਸਾਥੀਆਂ ਨੂੰ ਕਾਗ਼ਜ਼ ਜਮ੍ਹਾ ਕਰਵਾਉਣ ਲਈ ਲੰਬੀ ਲਾਈਨ ਨਹੀਂ ਲਗਾਉਣੀ ਪਵੇਗੀ। ਤੁਸੀਂ ਕਾਮਨ ਸਰਵਿਸ ਸੈਂਟਰ, ਨਗਰ ਪਾਲਿਕਾ ਦਫ਼ਤਰ ਜਾਂ ਬੈਂਕ ਵਿਚ ਜਾ ਕੇ ਅਪਣੀ ਅਰਜ਼ੀ ਦੇ ਸਕਦੇ ਹਨ।'' ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਵੀ ਯਕੀਨੀ ਕੀਤਾ ਜਾਵੇਗਾ ਕਿ 'ਸਵਨਿਧੀ ਯੋਜਨਾ' ਨਾਲ ਜੁੜਨ ਵਾਲੇ ਰੇਹੜੀ-ਫੜ੍ਹਹ ਵਾਲੇ ਲੋਕਾਂ ਦਾ ਜੀਵਨ ਸੌਖਾ ਬਣ ਸਕੇ ਅਤੇ ਉਨ੍ਹਾਂ ਨੂੰ ਮੁਢਲੀਆਂ ਸਹੂਲਤਾਂ ਮਿਲ ਸਕਣ।

ਉਨ੍ਹਾਂ ਨੇ ਕਿਹਾ,''ਰੇਹੜੀ-ਫੜ੍ਹੀ ਜਾਂ ਠੇਲਾ ਲਗਾਉਣ ਵਾਲੇ ਭਰਾ-ਭੈਣਾਂ ਕੋਲ ਉੱਜਵਲਾ ਦਾ ਗੈਸ ਕਨੈਕਸ਼ਨ ਹੈ ਜਾਂ ਨਹੀਂ, ਉਨ੍ਹਾਂ ਦੇ ਘਰ ਬਿਜਲੀ ਕੁਨੈਕਸ਼ਨ ਹੈ ਜਾਂ ਨਹੀਂ, ਉਹ ਆਯੂਸ਼ਮਾਨ ਭਾਰਤ ਯੋਜਨਾ ਨਾਲ ਜੁੜੇ ਹਨ ਜਾਂ ਨਹੀਂ, ਉਨ੍ਹਾਂ ਨੂੰ ਬੀਮਾ ਯੋਜਨਾ ਦਾ ਲਾਭ ਮਿਲ ਰਿਹਾ ਹੈ ਜਾਂ ਨਹੀਂ, ਉਨ੍ਹਾਂ ਕੋਲ ਪੱਕੀ ਛੱਤ ਹੈ ਜਾਂ ਨਹੀਂ, ਇਹ ਸਾਰੀਆਂ ਗੱਲਾਂ ਦੇਖੀਆਂ ਜਾਣਗੀਆਂ।'' ਇਸ ਮੌਕੇ ਮੋਦੀ ਨੇ ਕਿਹਾ ਕਿ ਦੇਸ਼ ਦਾ ਗ਼ਰੀਬ ਕਾਗ਼ਜ਼ਾਂ ਦੇ ਡਰ ਤੋਂ ਪਹਿਲਾਂ ਬੈਂਕ 'ਚ ਜਾਂਦਾ ਤਕ ਨਹੀਂ ਸੀ ਪਰ ਹੁਣ ਜਨ ਧਨ ਯੋਜਨਾ ਰਾਹੀਂ 40 ਕਰੋੜ ਤੋਂ ਵੱਧ ਲੋਕਾਂ ਦੇ ਬੈਂਕ ਖਾਤੇ ਖੁਲ੍ਹਵਾਏ ਗਏ ਹਨ ਤਾਂ ਉਨ੍ਹਾਂ ਨੂੰ ਆਸਾਨੀ ਨਾਲ ਕਰਜਾ, ਰਿਹਾਇਸ਼ ਯੋਜਨਾ ਦਾ ਲਾਭ ਅਤੇ ਆਰਥਕ ਮਦਦ ਮਿਲ ਰਹੀ ਹੈ।