ਪੰਜਾਬ ਸਫ਼ਾਈ ਕਰਮਚਾਰੀ ਕਮਿਸ਼ਨ ਨੇ ਸਫ਼ਾਈ ਕਰਮਚਾਰੀਆਂ ਲਈ ਡੀ.ਸੀ. ਰੇਟ 'ਤੇ ਤਨਖ਼ਾਹਾਂ ਯਕੀਨੀ ਬਣਾਈਆਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਚੇਅਰਮੈਨ ਵੱਲੋਂ ਸਾਇੰਟੀਫ਼ਿਕ ਸਕਿਊਰਿਟੀ ਮੈਨੇਜਮੈਂਟ ਸਰਵਿਸ ਪ੍ਰਾਈਵੇਟ ਲਿਮਟਿਡ ਨੂੰ ਕਾਰਵਾਈ ਰਿਪੋਰਟ ਕਮਿਸ਼ਨ ਨੂੰ ਭੇਜਣ ਦੇ ਨਿਰਦੇਸ਼

photo

 

ਚੰਡੀਗੜ੍ਹ: ਪੰਜਾਬ ਰਾਜ ਸਫ਼ਾਈ ਕਰਮਚਾਰੀ ਕਮਿਸ਼ਨ ਦੇ ਚੇਅਰਮੈਨ  ਗੇਜਾ ਰਾਮ ਵਾਲਮੀਕੀ ਨੇ ਪਟਿਆਲਾ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਤੇ ਮੈਡੀਕਲ ਕਾਲਜ ਵਿੱਚ ਕੰਮ ਕਰਦੇ ਸਫ਼ਾਈ ਕਰਮਚਾਰੀ ਨੂੰ ਦਰਪੇਸ਼ ਸਮੱਸਿਆਵਾਂ ਦਾ ਹੱਲ ਕਰਾਉਂਦਿਆਂ ਸਬੰਧਤ ਕੰਪਨੀ ਨੂੰ ਸਫ਼ਾਈ ਕਰਮਚਾਰੀਆਂ ਨੂੰ ਡੀ.ਸੀ. ਰੇਟ ਮੁਤਾਬਕ ਤਨਖ਼ਾਹਾਂ ਤੇ ਬਣਦਾ ਬਕਾਇਆ ਦੇਣ, ਈ.ਪੀ.ਐੱਫ ਦੀ ਰਕਮ ਉਨ੍ਹਾਂ ਦੇ ਖਾਤੇ ਵਿੱਚ ਜਮ੍ਹਾਂ ਕਰਨ ਅਤੇ ਵਰਦੀਆਂ ਮੁਹੱਈਆ ਕਰਾਉਣ ਲਈ ਪਾਬੰਦ ਕੀਤਾ ਹੈ ਅਤੇ ਕੰਪਨੀ ਨੂੰ ਸਮੂਹ ਸਹੂਲਤਾਂ ਦੇਣ ਉਪਰੰਤ ਰਿਪੋਰਟ ਕਮਿਸ਼ਨ ਨੂੰ ਭੇਜਣ ਦੇ ਨਿਰਦੇਸ਼ ਦਿੱਤੇ ਹਨ।

 

ਕਮਿਸ਼ਨ ਦੇ ਮੋਹਾਲੀ ਸਥਿਤ ਦਫ਼ਤਰ ਵਿੱਚ ਸਫ਼ਾਈ ਕਰਮਚਾਰੀ ਯੂਨੀਅਨ ਅਤੇ ਠੇਕੇਦਾਰ ਕੰਪਨੀ ਸਾਇੰਟੀਫ਼ਿਕ ਸਕਿਊਰਿਟੀ ਮੈਨੇਜਮੈਂਟ ਸਰਵਿਸ ਪ੍ਰਾਈਵੇਟ ਲਿਮਟਿਡ ਦੇ ਨੁਮਾਇੰਦਿਆਂ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਵਾਲਮੀਕੀ ਨੇ ਦੋਹਾਂ ਧਿਰਾਂ ਦੀਆਂ ਦਲੀਲਾਂ ਸੁਣੀਆਂ। ਉਨ੍ਹਾਂ ਕਿਹਾ ਕਿ ਆਪਣੀ ਜਾਨ ਜੋਖ਼ਮ ਵਿੱਚ ਪਾ ਕੇ ਕੰਮ ਕਰਦੇ ਸਫ਼ਾਈ ਕਰਮਚਾਰੀ ਨਾਲ ਧੱਕਾ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਸਫ਼ਾਈ ਕਰਮਚਾਰੀ ਯੂਨੀਅਨ ਵੱਲੋਂ ਪ੍ਰਧਾਨ ਰਾਮ ਕਿਸ਼ਨ ਅਤੇ ਅਜੈ ਕੁਮਾਰ ਸਿੱਪਾ,  ਰਾਜੇਸ਼ ਕੁਮਾਰ,  ਅਰੁਣ ਕੁਮਾਰ, ਪ੍ਰਦੀਪ ਕੁਮਾਰ ਅਤੇ  ਅਮਨ ਨੇ ਰਾਜਿੰਦਰਾ ਹਸਪਤਾਲ ਤੇ ਸਰਕਾਰੀ ਮੈਡੀਕਲ ਕਾਲਜ ਵਿਖੇ ਸਫ਼ਾਈ ਕਰਮਚਾਰੀ ਦੀਆਂ ਸੇਵਾਵਾਂ ਵਿੱਚ ਊਣਤਾਈਆਂ ਜਿਵੇਂ ਕੰਪਨੀ ਵੱਲੋਂ ਦਿੱਤੀ ਜਾਂਦੀ ਘੱਟ ਤਨਖ਼ਾਹ, ਵਰਦੀਆਂ ਨਾ ਦੇਣ ਆਦਿ ਮਸਲੇ ਚੁੱਕੇ। ਉਨ੍ਹਾਂ ਦੱਸਿਆ ਕਿ ਰਾਜਿੰਦਰਾ ਹਸਪਤਾਲ/ਸਰਕਾਰੀ ਮੈਡੀਕਲ ਕਾਲਜ ਪਟਿਆਲਾ ਵਿਖੇ 28 ਅਗਸਤ, 2021 ਨੂੰ ਕੰਪਨੀ ਦੇ ਨੁਮਾਇੰਦਿਆਂ ਨਾਲ ਮੀਟਿੰਗ ਕਰਕੇ ਇਹ ਮਸਲੇ ਚੁੱਕੇ ਗਏ ਸਨ ਪਰ ਕੋਈ ਹੱਲ ਨਹੀਂ ਨਿਕਲਿਆ।

ਚੇਅਰਮੈਨ ਨੇ ਫ਼ੌਰੀ ਕਾਰਵਾਈ ਕਰਦਿਆਂ ਰਾਜਿੰਦਰਾ ਹਸਪਤਾਲ ਵਿਖੇ ਸਫ਼ਾਈ ਕਰਮਚਾਰੀਆਂ ਦੀ ਸਪਲਾਈ ਨਾਲ ਸਬੰਧਤ ਠੇਕੇਦਾਰ ਕੰਪਨੀ ਦੇ ਡਾਇਰੈਕਟਰ  ਪ੍ਰਦੀਪ ਗਰਗ, ਸੰਜੇ ਮੌਂਗਾ ਅਤੇ ਰੀਜਨਲ ਮੈਨੇਜਰ ਸ਼੍ਰੀ ਪ੍ਰਦੀਪ ਸ਼ਰਮਾ ਨੂੰ ਤੁਰੰਤ ਮੁਲਾਜ਼ਮਾਂ ਦੀਆਂ ਮੰਗਾਂ ਮੰਨਣ ਲਈ ਕਿਹਾ। ਗੇਜਾ ਰਾਮ ਨੇ ਦੱਸਿਆ ਕਿ ਦੋਹਾਂ ਧਿਰਾਂ ਦਰਮਿਆਨ ਹੋਏ ਸਮਝੌਤੇ ਮੁਤਾਬਕ ਸਾਇੰਟੀਫ਼ਿਕ ਸਕਿਊਰਿਟੀ ਮੈਨੇਜਮੈਂਟ ਸਰਵਿਸ ਪ੍ਰਾਈਵੇਟ ਲਿਮਟਿਡ ਕੰਪਨੀ ਵੱਲੋਂ ਰਜਿੰਦਰਾ ਹਸਪਤਾਲ ਪਟਿਆਲਾ, ਗੁਰੂ ਨਾਨਕ ਦੇਵ ਹਸਪਤਾਲ ਤੇ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਅਤੇ ਹੋਰਨਾਂ ਅਜਿਹੇ ਸ਼ਹਿਰਾਂ, ਜਿੱਥੇ ਕੰਪਨੀ ਸਫ਼ਾਈ ਕਰਮਚਾਰੀਆਂ ਦੀ ਸਪਲਾਈ ਕਰਦੀ ਹੈ, ਵਿਖੇ ਸਾਰੇ ਸਫ਼ਾਈ ਕਰਮਚਾਰੀਆਂ ਨੂੰ ਮੌਜੂਦਾ ਡੀ.ਸੀ. ਰੇਟ ਮੁਤਾਬਕ ਤਨਖ਼ਾਹ ਦੇਣਾ ਯਕੀਨੀ ਬਣਾਏਗੀ।

ਇਸ ਤੋਂ ਇਲਾਵਾ ਕੰਪਨੀ ਵੱਲੋਂ 1 ਅਪ੍ਰੈਲ, 2021 ਤੋਂ ਸਫ਼ਾਈ ਕਰਮਚਾਰੀਆਂ ਨੂੰ ਤਨਖ਼ਾਹਾਂ ਦਾ ਬਣਦਾ ਬਕਾਇਆ ਦਿੱਤਾ ਜਾਵੇਗਾ ਅਤੇ ਈ.ਪੀ.ਐਫ਼. ਦੀ ਰਕਮ ਉਨ੍ਹਾਂ ਦੇ ਖਾਤੇ ਵਿੱਚ ਜਮ੍ਹਾਂ ਕਰਵਾਈ ਜਾਵੇਗੀ। ਕੰਪਨੀ ਹਰ ਮਹੀਨੇ ਦੀ 7 ਤਰੀਕ ਨੂੰ ਤਨਖ਼ਾਹ ਦੇਣ ਲਈ ਪਾਬੰਦ ਹੋਵੇਗੀ ਅਤੇ ਹਰ ਸਫ਼ਾਈ ਕਰਮਚਾਰੀ ਨੂੰ ਵਰਦੀਆਂ ਦੇ ਦੋ ਸੈੱਟ, ਬੂਟ ਅਤੇ ਦਸਤਾਨੇ ਮੁਹੱਈਆ ਕਰਵਾਏਗੀ।

ਇਸ ਦੇ ਨਾਲ ਹੀ ਚੇਅਰਮੈਨ ਨੇ ਇਹ ਵੀ ਸਪੱਸ਼ਟ ਕੀਤਾ ਕਿ ਸਫ਼ਾਈ ਕਰਮਚਾਰੀ ਵੀ ਵਰਦੀ ਨੂੰ ਪਹਿਨਣ ਦੇ ਪਾਬੰਦ ਹੋਣਗੇ। ਵਰਦੀ ਨਾ ਪਾਉਣ ਦੀ ਸੂਰਤ ਵਿੱਚ ਕਰਮਚਾਰੀਆਂ ਨੂੰ ਇਸ ਸਹੂਲਤ ਤੋਂ ਵਾਂਝਾ ਕਰ ਦਿੱਤਾ ਜਾਵੇਗਾ। ਇਸੇ ਤਰ੍ਹਾਂ ਜੇ ਕੋਈ ਸਫ਼ਾਈ ਕਰਮਚਾਰੀ ਬਿਨਾਂ ਪ੍ਰਵਾਨਗੀ ਡਿਊਟੀ ਤੋਂ ਲਗਾਤਾਰ 15 ਦਿਨ ਗ਼ੈਰ ਹਾਜ਼ਰ ਰਹਿੰਦਾ ਹੈ ਤਾਂ ਕੰਪਨੀ ਵੱਲੋਂ ਅਜਿਹੇ ਕਰਮਚਾਰੀ ਨੂੰ ਬਿਨਾਂ ਦੱਸੇ ਜਾਂ ਬਿਨਾਂ ਨੋਟਿਸ ਕੱਢੇ ਉਸ ਦੀ ਥਾਂ ਦੂਜੇ ਕਰਮਚਾਰੀ ਦੀ ਭਰਤੀ ਕਰ ਸਕਦੀ ਹੈ।

ਉਨ੍ਹਾਂ ਕਿਹਾ ਕਿ ਸਫ਼ਾਈ ਕਰਮਚਾਰੀ ਕੰਪਨੀ ਵੱਲੋਂ ਨਾਜਾਇਜ਼ ਪਰੇਸ਼ਾਨ ਕਰਨ ਸਬੰਧੀ ਸ਼ਿਕਾਇਤ ਸਿੱਧੇ ਤੌਰ `ਤੇ ਕਮਿਸ਼ਨ ਕੋਲ ਕਰ ਸਕਣਗੇ। ਇਸ ਤੋਂ ਇਲਾਵਾ ਕੰਪਨੀ 270 ਨਰਸਾਂ ਨੂੰ ਵੀ ਦੋ-ਦੋ ਵਰਦੀਆਂ ਦੇਣ, ਹਰ ਸਫ਼ਾਈ ਕਰਮਚਾਰੀ ਤੇ ਨਰਸਾਂ ਦੀਆਂ ਸੇਵਾਵਾਂ ਨਾਲ ਸਬੰਧਤ ਰਿਕਾਰਡ, ਬੈਂਕ ਖਾਤੇ, ਉਨ੍ਹਾਂ ਨੂੰ ਮਿਲਣ ਵਾਲਾ ਈ.ਪੀ.ਐੱਫ. ਦਾ ਰਿਕਾਰਡ ਦੇਣ ਅਤੇ ਲੈਬ ਅਟੈਂਡੇਂਟ/ਪੈਰਾ ਮੈਡੀਕਲ ਸਟਾਫ਼ ਲਈ ਦੋ-ਦੋ ਓਵਰ ਕੋਟ ਦੇਣ ਲਈ ਪਾਬੰਦ ਹੋਵੇਗੀ।

ਉਨ੍ਹਾਂ ਦੱਸਿਆ ਕਿ ਇਨ੍ਹਾਂ ਕਰਮਚਾਰੀਆਂ ਨੂੰ ਕੰਪਨੀ ਵੱਲੋਂ ਦਿੱਤੀਆਂ ਜਾਣ ਵਾਲੀ ਵਰਦੀਆਂ, ਬੂਟ ਅਤੇ ਦਸਤਾਨੇ ਖ਼ਰੀਦਣ ਲਈ ਕਮੇਟੀ ਬਣਾਈ ਗਈ ਹੈ ਜਿਸ ਦੇ ਇੰਚਾਰਜ ਕਮਿਸ਼ਨ ਦੇ ਵਾਈਸ ਚੇਅਰਮੈਨ ਰਾਮ ਸਿੰਘ ਸਰਦੂਲਗੜ੍ਹ ਹੋਣਗੇ ਜਦਕਿ ਕੰਪਨੀ ਦੇ ਰੀਜਨਲ ਮੈਨੇਜਰ ਪ੍ਰਦੀਪ ਕੁਮਾਰ ਸ਼ਰਮਾ ਅਤੇ ਯੂਨੀਅਨ ਦੇ ਪ੍ਰਧਾਨ ਰਾਮ ਕਿਸ਼ਨ, ਅਜੈ ਕੁਮਾਰ ਸਿੱਪਾ ਸਹਿਯੋਗੀ ਮੈਂਬਰ ਹੋਣਗੇ।