ਰਾਹੁਲ ਗਾਂਧੀ ਦੀ 'ਭਾਰਤ ਜੋੜੋ' ਯਾਤਰਾ 'ਚ 'ਸਵਾਰੀ ਆਪਣੇ ਸਮਾਨ ਦੀ ਖ਼ੁਦ ਜ਼ਿੰਮੇਵਾਰ ਹੈ', ਜਾਣਨ ਲਈ ਪੜ੍ਹੋ ਪੂਰੀ ਖ਼ਬਰ  

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਆਓ ਤੁਹਾਨੂੰ ਦੱਸਦੇ ਹਾਂ ਕਿ ਇਸ ਯਾਤਰਾ ਦੇ ਨਾਲ-ਨਾਲ ਚੱਲਣ ਵਾਲਾ ਸਾਰਾ ਇੰਤਜ਼ਾਮ ਕਿਵੇਂ ਦਾ ਹੈ, ਅਤੇ ਇੱਥੇ ਚੀਜ਼ਾਂ ਦਾ ਪ੍ਰਬੰਧ ਕਿਵੇਂ ਕੀਤਾ ਜਾਂਦਾ ਹੈ।  

Rahul Gandhi's bharat jodo yatra

 

ਨਵੀਂ ਦਿੱਲੀ -  ਕਾਂਗਰਸ ਪਾਰਟੀ ਅਤੇ ਰਾਹੁਲ ਗਾਂਧੀ ਦੀ ਬਹੁ-ਚਰਚਿਤ 'ਭਾਰਤ ਜੋੜੋ' ਯਾਤਰਾ ਦਾ ਅਰੰਭ ਹੋ ਚੁੱਕਿਆ ਹੈ। ਆਪਣੇ ਚੋਣਵੇਂ ਪਾਰਟੀ ਆਗੂਆਂ ਅਤੇ ਸਾਥੀਆਂ ਨਾਲ ਰਾਹੁਲ ਗਾਂਧੀ ਇਸ ਯਾਤਰਾ ਰਾਹੀਂ ਭਾਰਤ ਭਰ ਦੇ ਵੱਖ-ਵੱਖ ਸ਼ਹਿਰਾਂ ਦਾ ਦੌਰਾ ਕਰਨਗੇ। ਪਰ ਆਖ਼ਿਰ ਪੂਰੇ ਦੇਸ਼ ਦੀ ਪੈਦਲ ਯਾਤਰਾ ਲਈ ਰਹਿਣ-ਸਹਿਣ  ਇੰਤਜ਼ਾਮ ਕਿਵੇਂ ਕੀਤੇ ਹਨ, ਇਹ ਬੜਾ ਦਿਲਚਸਪ ਸਵਾਲ ਹੈ। ਆਓ ਤੁਹਾਨੂੰ ਦੱਸਦੇ ਹਾਂ ਕਿ ਇਸ ਯਾਤਰਾ ਦੇ ਨਾਲ-ਨਾਲ ਚੱਲਣ ਵਾਲਾ ਸਾਰਾ ਇੰਤਜ਼ਾਮ ਕਿਵੇਂ ਦਾ ਹੈ, ਅਤੇ ਇੱਥੇ ਚੀਜ਼ਾਂ ਦਾ ਪ੍ਰਬੰਧ ਕਿਵੇਂ ਕੀਤਾ ਜਾਂਦਾ ਹੈ।  

ਇਹ ਸਾਰਾ ਢਾਂਚਾ ਇੱਕ ਛੋਟੇ ਪਿੰਡ ਵਰਗਾ ਹੈ ਜੋ ਹਰ ਰੋਜ਼ ਇੱਕ ਨਵੀਂ ਸਾਈਟ 'ਤੇ ਉੱਸਰਦਾ ਹੈ, ਅਤੇ ਹਰ ਰਾਤ ਟਰੱਕਾਂ ਉੱਤੇ ਫ਼ਿੱਟ ਕੀਤੀਆਂ 60 ਕੰਟੇਨਰ ਵੈਨਾਂ ਦੇ ਬਣਾਏ ਬੈੱਡਰੂਮਾਂ ਵਿੱਚ ਬਦਲ ਜਾਂਦਾ ਹੈ। ਰਾਹੁਲ ਗਾਂਧੀ ਦੇ ਸਿਆਸੀ ਕਰੀਅਰ ਦੀ ਸਭ ਤੋਂ ਵੱਡੀ ਲੋਕ ਸੰਪਰਕ ਮੁਹਿੰਮ, ਅਤੇ ਕਾਂਗਰਸ ਪਾਰਟੀ ਦੀ ਆਪਣੀ ਸਾਖ ਮਜ਼ਬੂਤ ਕਰਨ ਦੀ ਪੰਜ ਮਹੀਨਿਆਂ ਦੀ ਇਸ ਯਾਤਰਾ 'ਚ, ਇਹਨਾਂ ਕੰਟੇਨਰਾਂ ਦੀ ਇੱਕ ਵਿਸ਼ੇਸ਼ ਭੂਮਿਕਾ ਹੈ।

ਕੰਟੇਨਰਾਂ ਵਾਲੇ ਟਰੱਕਾਂ ਨੂੰ ਵੱਖੋ-ਵੱਖਰੇ ਰੰਗ-ਕੋਡ ਅਨੁਸਾਰ ਪਾਰਕ ਕੀਤਾ ਜਾਂਦਾ ਹੈ। ਇਹਨਾਂ ਰੰਗਾਂ ਦਾ ਅੰਤਰ ਕੰਟੇਨਰਾਂ 'ਚ ਬਿਸਤਰਿਆਂ ਦੀ ਸੰਖਿਆ 'ਤੇ ਆਧਾਰਿਤ ਹੈ। ਕੰਨਿਆਕੁਮਾਰੀ ਤੋਂ ਕਸ਼ਮੀਰ ਤੱਕ ਰਾਹੁਲ ਗਾਂਧੀ ਅਤੇ ਉਹਨਾਂ ਨਾਲ ਚੱਲ ਰਹੇ 120 ਪਾਰਟੀ ਆਗੂਆਂ ਦੇ ਰਹਿਣ ਦੇ ਇੰਤਜ਼ਾਮਾਂ ਤੋਂ ਇਲਾਵਾ, ਇਹਨਾਂ ਵਿੱਚੋਂ ਇੱਕ ਕੰਟੇਨਰ ਨੂੰ ਅੰਦਰੋਂ  ਮਿੰਨੀ-ਕਾਨਫ਼ਰੈਂਸ ਹਾਲ ਵਜੋਂ ਵੀ ਬਣਾਇਆ ਗਿਆ ਹੈ। 

ਜ਼ੋਨਾਂ ਦੀ ਗੱਲ ਕਰੀਏ, ਤਾਂ ਉਦਾਹਰਣ ਵਜੋਂ ਯੈਲੋ ਭਾਵ ਪੀਲੇ ਜ਼ੋਨ ਵਾਲੇ ਕੰਟੇਨਰਾਂ ਵਿੱਚ ਇੱਕ ਬੈੱਡ ਤੇ ਇੱਕ ਸੋਫ਼ੇ ਦੇ ਨਾਲ, ਅਟੈਚਡ ਬਾਥਰੂਮ ਹੈ। ਨੀਲੇ ਜ਼ੋਨ ਵਾਲੇ ਕੰਟੇਨਰਾਂ ਵਿੱਚ ਦੋ ਬਿਸਤਰੇ ਅਤੇ ਇੱਕ ਬਾਥਰੂਮ ਹੈ। ਲਾਲ ਅਤੇ ਸੰਤਰੀ ਜ਼ੋਨ ਦੇ ਕੰਟੇਨਰਾਂ ਵਿੱਚ ਚਾਰ ਜਣਿਆਂ ਦੇ ਰਹਿਣ ਦਾ ਪ੍ਰਬੰਧ ਹੈ, ਪਰ ਇਹਨਾਂ ਵਿੱਚ ਬਾਥਰੂਮ ਨਹੀਂ ਹਨ। ਗੁਲਾਬੀ ਜ਼ੋਨ ਮਹਿਲਾ ਯਾਤਰੂਆਂ ਲਈ ਹੈ, ਜਿਸ ਵਿੱਚ ਹੇਠਾਂ ਤੇ ਉੱਪਰ ਲੱਗੇ ਚਾਰ ਬਿਸਤਰੇ ਹਨ, ਅਤੇ ਅਟੈਚਡ ਬਾਥਰੂਮ ਹਨ। ਇੱਥੇ ਬੈੱਡਾਂ ਰਾਹੀਂ ਸਮਾਨ ਰੱਖਣ ਦੀ ਸੁਵਿਧਾ ਵੀ ਦਿੱਤੀ ਗਈ ਹੈ। 

ਜਿਹਨਾਂ ਕੰਟੇਨਰਾਂ ਨੂੰ ਸਾਂਝੇ ਪਖਾਨੇ ਬਣਾਇਆ ਗਿਆ ਹੈ, ਉਹਨਾਂ 'ਤੇ 'ਟੀ' (T) ਦਾ ਨਿਸ਼ਾਨ ਲਗਾਇਆ ਗਿਆ ਹੈ। ਇਸ 'ਚ ਕੁੱਲ 7 ਪਖਾਨੇ ਹਨ, ਜਿਹਨਾਂ ਵਿੱਚੋਂ ਪੰਜ ਪੁਰਸ਼ਾਂ ਲਈ ਅਤੇ ਦੋ ਔਰਤਾਂ ਲਈ ਰਾਖਵੇਂ ਹਨ। ਹਰੇਕ ਕੈਂਪ ਸਾਈਟ ਵਿੱਚ ਖਾਣਾ ਖਾਣ ਵਾਲਾ ਇੱਕ ਸਾਂਝਾ ਖੇਤਰ ਵੀ ਬਣਾਇਆ ਜਾਂਦਾ ਹੈ। ਵੈਨਾਂ ਦੇ ਰੱਖ-ਰਖਾਅ ਅਤੇ ਸਾਫ਼-ਸਫ਼ਾਈ ਲਈ ਹਾਊਸਕੀਪਿੰਗ ਟੀਮਾਂ ਹਨ, ਜਿਹਨਾਂ ਦੇ ਮੈਂਬਰ ਰੋਜ਼ ਸਵੇਰੇ ਯਾਤਰੀਆਂ ਦੇ ਪੈਦਲ ਯਾਤਰਾ 'ਤੇ ਜਾਣ ਤੋਂ ਬਾਅਦ ਬਿਸਤਰੇ ਅਤੇ ਚਾਦਰਾਂ ਬਦਲਦੇ ਹਨ। 

ਕੰਟੇਨਰ ਵੈਨਾਂ 'ਤੇ ਕੁਝ ਚਿਤਾਵਨੀ ਪੱਤਰ ਲਗਾਏ ਗਏ ਹਨ, ਜਿਹਨਾਂ ਉੱਤੇ ਦੱਸਿਆ ਗਿਆ ਹੈ ਕਿ ਕਿਹਨਾਂ ਕਿਹਨਾਂ ਗੱਲਾਂ ਦੀ ਮਨਾਹੀ ਹੈ। ਕੈਂਪ ਵਾਲੀ ਥਾਂ 'ਤੇ ਸ਼ਰਾਬ ਅਤੇ ਤੰਬਾਕੂ ਦੇ ਨਾਲ-ਨਾਲ ਸਿਗਰਟ ਪੀਣ ਦੀ ਪੂਰੀ ਤਰ੍ਹਾਂ ਮਨਾਹੀ ਹੈ। ਵੈਨਾਂ ਅੰਦਰ ਬੈਠ ਕੇ ਖਾਣਾ ਖਾਣ ਦੀ ਵੀ ਮਨਾਹੀ ਹੈ। ਯਾਤਰੀਆਂ ਨੂੰ ਹਿਦਾਇਤ ਹੈ ਕਿ ਉਹ ਆਪਣੇ ਧੋਣ ਵਾਲੇ ਕੱਪੜੇ ਇੱਕ ਨਿਸ਼ਚਿਤ ਥਾਂ 'ਤੇ ਰੱਖਣ, ਜਿੱਥੋਂ ਉਹਨਾਂ ਨੂੰ ਧੋਤੇ ਤੇ ਇਸਤਰੀ ਕੀਤੇ ਕੱਪੜੇ ਤੀਜੇ ਦਿਨ ਵਾਪਿਸ ਮਿਲਣਗੇ।  

ਹਾਲਾਂਕਿ ਰਾਹੁਲ ਗਾਂਧੀ ਨੂੰ ਦਿੱਤੀ ਸਰਬੋਤਮ ਪੱਧਰ ਦੀ ਸਿਕਿਓਰਿਟੀ ਦੇ ਬਾਵਜੂਦ, ਜਿੱਥੇ ਕੋਈ ਵੀ ਬੇਧਿਆਨ ਨਹੀਂ ਹੋ ਸਕਦਾ, ਉੱਥੇ ਲੱਗਿਆ ਇੱਕ ਨੋਟਿਸ ਬੋਰਡ ਧਿਆਨ ਜ਼ਰੂਰ ਖਿੱਚਦਾ ਹੈ ਜਿਸ 'ਤੇ ਲਿਖਿਆ ਗਿਆ ਹੈ, "ਕਿਸੇ ਵੀ ਨਿੱਜੀ ਵਸਤੂ/ਕੀਮਤੀ ਸਮਾਨ ਦੀ ਚੋਰੀ ਜਾਂ ਨੁਕਸਾਨ ਦੀ ਪ੍ਰਬੰਧਕ ਟੀਮ ਜਾਂ ਸੰਗਠਨ ਦੀ ਕੋਈ ਜ਼ਿੰਮੇਵਾਰੀ ਨਹੀਂ"