ਜੀ20: ਮੋਦੀ ਨੇ ‘ਨਵੀਂ ਦਿੱਲੀ ਲੀਡਰਸ ਸੁਮਿਟ ਐਲਾਨਨਾਮੇ’ ਨੂੰ ਅਪਣਾਉਣ ਦਾ ਐਲਾਨ ਕੀਤਾ
ਕਿਹਾ, ਮੈਂ ਅਪਣੇ ਮੰਤਰੀਆਂ, ਸ਼ੇਰਪਾ ਅਤੇ ਸਾਰੇ ਅਧਿਕਾਰੀਆਂ ਨੂੰ ਧੰਨਵਾਦ ਦੇਣਾ ਚਾਹਾਂਗਾ ਜਿਨ੍ਹਾਂ ਨੇ ਅਪਣੀ ਸਖਤ ਮਿਹਨਤ ਨਾਲ ਇਹ ਸੰਭਵ ਕੀਤਾ
ਨਵੀਂ ਦਿੱਲੀ: ਜੀ-20 ਸ਼ਿਖਰ ਸੰਮੇਲਨ ’ਚ ਭਾਰਤ ਨੂੰ ਵੱਡੀ ਸਫਲਤਾ ਹਾਸਲ ਹੋਈ, ਜਿੱਥੇ ਇਸ ਪ੍ਰਭਾਵਸ਼ਾਲੀ ਸਮੂਹ ਦੇ ਮੈਂਬਰ ਦੇਸ਼ਾਂ ਨੇ ਸਰਬਸੰਮਤੀ ਨਾਲ ‘ਨਵੀਂ ਦਿੱਲੀ ਲੀਡਰਜ਼ ਐਲਾਨਨਾਮੇ’ ਨੂੰ ਅਪਣਾ ਲਿਆ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਲਾਨ ਕੀਤਾ ਸੀ ਕਿ ਮੈਂਬਰ ਦੇਸ਼ ਇਸ ਐਲਾਨਨਾਮੇ ਨੂੰ ਲੈ ਕੇ ਸਹਿਮਤੀ ’ਤੇ ਪੁੱਜ ਗੲੈ ਹਨ।
ਇੱਥੇ ‘ਭਾਰਤ ਮੰਡਪਮ’ ’ਚ ਸਿਖਰ ਸੰਮੇਲਨ ਦੇ ਦੂਜੇ ਸੈਸ਼ਨ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਜੀ-20 ਨੇਤਾਵਾਂ ਨੂੰ ਕਿਹਾ, ‘‘ਹੁਣੇ ਹੁਣੇ ਖੁਸ਼ਖਬਰੀ ਮਿਲੀ ਹੈ ਕਿ ਸਾਡੀ ਟੀਮ ਦੀ ਸਖ਼ਤ ਮਿਹਨਤ ਅਤੇ ਤੁਹਾਡੇ ਸਮਰਥਨ ਕਾਰਨ ‘ਨਵੀਂ ਦਿੱਲੀ ਜੀ-20 ਲੀਡਰਜ਼ ਸੁਮਿਟ ਐਲਾਨਨਾਮੇ’ ’ਤੇ ਆਮ ਸਹਿਮਤੀ ਬਣ ਗਈ ਹੈ।'
ਪ੍ਰਧਾਨ ਮੰਤਰੀ ਨੇ ਕਿਹਾ, ‘‘ਇਹ ਮੇਰਾ ਮਤਾ ਹੈ ਕਿ ਇਸ ਜੀ-20 ਮੈਨੀਫੈਸਟੋ ਨੂੰ ਅਪਣਾਇਆ ਜਾਵੇ।’’ ਮੈਂਬਰਾਂ ਦੀ ਮਨਜ਼ੂਰੀ ਤੋਂ ਬਾਅਦ ਮੋਦੀ ਨੇ ਕਿਹਾ, ‘‘ਮੈਂ ਇਸ ਐਲਾਨਨਾਮੇ ਨੂੰ ਅਪਣਾਉਣ ਦਾ ਐਲਾਨ ਕਰਦਾ ਹਾਂ।’’
ਉਨ੍ਹਾਂ ਕਿਹਾ, ‘‘ਮੈਂ ਅਪਣੇ ਮੰਤਰੀਆਂ, ਸ਼ੇਰਪਾ ਅਤੇ ਸਾਰੇ ਅਧਿਕਾਰੀਆਂ ਦਾ ਧੰਨਵਾਦ ਕਰਨ ਦਾ ਇਹ ਮੌਕਾ ਲੈਣਾ ਚਾਹਾਂਗਾ ਜਿਨ੍ਹਾਂ ਨੇ ਅਪਣੀ ਸਖਤ ਮਿਹਨਤ ਨਾਲ ਇਹ ਸੰਭਵ ਕੀਤਾ ਹੈ।’’
ਕੂਟਨੀਤਕ ਸੂਤਰਾਂ ਅਨੁਸਾਰ, ਯੂਕਰੇਨ ਸੰਘਰਸ਼ ਨਾਲ ਸਬੰਧਤ ਪੈਰੇ ’ਤੇ ਆਮ ਸਹਿਮਤੀ ਨਾ ਹੋਣ ਕਾਰਨ, ਭਾਰਤ ਨੇ ਸ਼ੁਕਰਵਾਰ ਨੂੰ ਸਕਾਰਾਤਮਕ ਨਤੀਜਾ ਲਿਆਉਣ ਦੀ ਕੋਸ਼ਿਸ਼ ’ਚ ਮੈਂਬਰ ਦੇਸ਼ਾਂ ’ਚ ਭੌ-ਰਾਜਨੀਤਿਕ ਸਬੰਧੀ ਪੈਰੇ ਤੋਂ ਬਗ਼ੈਰ ਹੀ ਮੈਂਬਰ ਦੇਸ਼ਾਂ ਵਿਚਕਾਰ ਸ਼ਿਖਰ ਸੰਮੇਲਨ ਐਲਾਨਨਾਮੇ ਦਾ ਖਰੜਾ ਵੰਡਿਆ ਸੀ।
ਭਾਰਤ ਦੇ ਜੀ-20 ਸ਼ੇਰਪਾ ਅਮਿਤਾਭ ਕਾਂਤ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਇਕ ਪੋਸਟ ’ਚ ਕਿਹਾ, ‘‘ਜੀ-20 ਇੰਡੀਆ ਲੀਡਰਜ਼ ਸੁਮਿਟ ’ਚ ਨਵੀਂ ਦਿੱਲੀ ਦੇ ਨੇਤਾਵਾਂ ਦੇ ਐਲਾਨਨਾਮੇ ਨੂੰ ਅਧਿਕਾਰਤ ਤੌਰ ’ਤੇ ਅਪਣਾ ਲਿਆ ਗਿਆ ਹੈ। ਅੱਜ ਦੇ ਯੁੱਗ ਨੂੰ ਮਨੁੱਖ-ਕੇਂਦ੍ਰਿਤ ਵਿਸ਼ਵੀਕਰਨ ਦੇ ਸੁਨਹਿਰੀ ਯੁੱਗ ਵਜੋਂ ਚਿੰਨ੍ਹਿਤ ਕੀਤਾ ਜਾਣਾ ਚਾਹੀਦਾ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ’ਚ ਭਾਰਤ ਦੀ ਜੀ20 ਪ੍ਰਧਾਨਗੀ ਨੇ ਇਸ ਟੀਚੇ ਲਈ ਅਣਥੱਕ ਯਤਨ ਕੀਤੇ ਹਨ।’’
ਉਨ੍ਹਾਂ ਕਿਹਾ, ‘‘ਇਹ ਸਾਰੇ ਵਿਕਾਸਾਤਮਕ ਅਤੇ ਭੌਂ-ਰਾਜਨੀਤਿਕ ਮੁੱਦਿਆਂ ’ਤੇ 100 ਫ਼ੀ ਸਦੀ ਸਹਿਮਤੀ ਦੇ ਨਾਲ ਇਕ ਇਤਿਹਾਸਕ ਅਤੇ ਰਾਹਦਸੇਰਾ ਜੀ20 ਐਲਾਨਨਾਮਾ ਹੈ। ਨਵਾਂ ਭੌਂ-ਰਾਜਨੀਤਿਕ ਪੈਰਾ ਅੱਜ ਦੇ ਸੰਸਾਰ ’ਚ ਲੋਕਾਂ, ਸ਼ਾਂਤੀ ਅਤੇ ਖੁਸ਼ਹਾਲੀ ਲਈ ਇਕ ਮਜ਼ਬੂਤ ਸੱਦਾ ਹੈ। ਇਹ ਅੱਜ ਦੇ ਸੰਸਾਰ ’ਚ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਨੂੰ ਦਰਸਾਉਂਦਾ ਹੈ।’’