ਭੂਚਾਲ ਦੇ ਝਟਕਿਆ ਨਾਲ ਹਿੱਲਿਆ ਮੋਰੱਕੋ, 6.8 ਤੀਬਰਤਾ ਨਾਲ ਆਏ ਭੂਚਾਲ 'ਚ 296 ਲੋਕਾਂ ਦੀ ਮੌਤ 

ਏਜੰਸੀ

ਖ਼ਬਰਾਂ, ਰਾਸ਼ਟਰੀ

ਇਸ ਦਾ ਕੇਂਦਰ ਮਾਰਾਕੇਸ਼ ਤੋਂ 71 ਕਿਲੋਮੀਟਰ ਦੱਖਣ-ਪੱਛਮ ਵਿਚ 18.5 ਕਿਲੋਮੀਟਰ ਜ਼ਮੀਨ ਦੀ ਡੂੰਘਾਈ ਵਿਚ ਸੀ।

Morocco earthquake

ਮੋਰੱਕੋ : ਮੋਰੱਕੋ ਵਿਚ ਸ਼ੁੱਕਰਵਾਰ ਰਾਤ ਨੂੰ 6.8 ਤੀਬਰਤਾ ਦੇ ਸ਼ਕਤੀਸ਼ਾਲੀ ਭੂਚਾਲ ਕਾਰਨ ਘੱਟੋ-ਘੱਟ 296 ਲੋਕਾਂ ਦੀ ਮੌਤ ਹੋ ਗਈ ਹੈ। ਨਿਊਜ਼ ਏਜੰਸੀ ਏਐਫਪੀ ਨੇ ਸਥਾਨਕ ਅਧਿਕਾਰੀਆਂ ਦੇ ਹਵਾਲੇ ਨਾਲ ਦੱਸਿਆ ਕਿ ਭੂਚਾਲ ਰਾਤ 11:11 ਵਜੇ (2211 GMT) 'ਤੇ ਆਇਆ। ਇਸ ਦਾ ਕੇਂਦਰ ਮਾਰਾਕੇਸ਼ ਤੋਂ 71 ਕਿਲੋਮੀਟਰ ਦੱਖਣ-ਪੱਛਮ ਵਿਚ 18.5 ਕਿਲੋਮੀਟਰ ਜ਼ਮੀਨ ਦੀ ਡੂੰਘਾਈ ਵਿਚ ਸੀ।

ਭੂਚਾਲ ਦੇ ਝਟਕੇ ਮੋਰੱਕੋ ਦੇ ਤੱਟੀ ਸ਼ਹਿਰਾਂ ਰਬਾਤ, ਕੈਸਾਬਲਾਂਕਾ ਅਤੇ ਐਸਾਓਇਰਾ ਵਿਚ ਵੀ ਮਹਿਸੂਸ ਕੀਤੇ ਗਏ। ਸੋਸ਼ਲ ਮੀਡੀਆ 'ਤੇ ਪੋਸਟ ਕੀਤੇ ਗਏ ਵੀਡੀਓਜ਼ ਵਿਚ ਢਹਿ-ਢੇਰੀ ਇਮਾਰਤਾਂ, ਤੰਗ ਗਲੀਆਂ ਵਿਚ ਖਿੱਲਰੇ ਮਲਬੇ ਦੇ ਢੇਰ ਅਤੇ ਚਾਰੇ ਪਾਸੇ ਤਬਾਹੀ ਦਾ ਦ੍ਰਿਸ਼ ਦਿਖਾਇਆ ਗਿਆ ਹੈ। ਮਾਰਾਕੇਸ਼ ਤੋਂ 200 ਕਿਲੋਮੀਟਰ ਪੱਛਮ ਵਿਚ ਏਸਾਓਈਰਾ ਦੇ ਇਕ ਨਿਵਾਸੀ ਨੇ ਟੈਲੀਫੋਨ ਰਾਹੀਂ ਏਐਫਪੀ ਨੂੰ ਦੱਸਿਆ, “ਅਸੀਂ ਭੂਚਾਲ ਦੇ ਸਮੇਂ ਚੀਕਾਂ ਸੁਣੀਆਂ।” ਯੂਐਸਜੀਐਸ ਦੇ ਪੇਜਰ ਸਿਸਟਮ, ਜੋ ਭੂਚਾਲ ਦੇ ਪ੍ਰਭਾਵ ਬਾਰੇ ਸ਼ੁਰੂਆਤੀ ਮੁਲਾਂਕਣ ਪ੍ਰਦਾਨ ਕਰਦਾ ਹੈ, ਨੇ ਆਰਥਿਕ ਨੁਕਸਾਨ ਲਈ ਓਰੇਂਜ ਚੇਤਾਵਨੀ ਜਾਰੀ ਕੀਤੀ। 

ਜਿਸ ਵਿਚ ਇਹ ਅੰਦਾਜ਼ਾ ਲਗਾਇਆ ਗਿਆ ਹੈ ਕਿ ਭਾਰੀ ਨੁਕਸਾਨ ਹੋਣ ਦੀ ਸੰਭਾਵਨਾ ਹੈ, ਅਤੇ ਭੂਚਾਲ ਦੇ ਝਟਕਿਆਂ ਨਾਲ ਹੋਣ ਵਾਲੀਆਂ ਮੌਤਾਂ ਲਈ ਇੱਕ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ, ਜਿਸ ਨਾਲ ਵੱਡੇ ਪੱਧਰ 'ਤੇ ਜਾਨੀ ਨੁਕਸਾਨ ਹੋਣ ਦੀ ਸੰਭਾਵਨਾ ਹੈ। ਅਫ਼ਰੀਕੀ ਅਤੇ ਯੂਰੇਸ਼ੀਅਨ ਪਲੇਟਾਂ ਦੇ ਵਿਚਕਾਰ ਇਸ ਦੀ ਸਥਿਤੀ ਦੇ ਕਾਰਨ, ਮੋਰੋਕੋ ਦਾ ਉੱਤਰੀ ਖੇਤਰ ਅਕਸਰ ਭੂਚਾਲ ਦੇ ਖਤਰੇ ਹੇਠ ਰਹਿੰਦਾ ਹੈ। 2004 ਵਿਚ, ਅਲ ਹੋਸੀਮਾ ਵਿਚ ਇੱਕ ਭੂਚਾਲ ਵਿਚ ਘੱਟੋ ਘੱਟ 628 ਲੋਕ ਮਾਰੇ ਗਏ ਅਤੇ 926 ਜ਼ਖਮੀ ਹੋਏ ਸਨ।     

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਤਾਇਆ ਦੁੱਖ 
''ਮੋਰੱਕੋ ਵਿਚ ਭੂਚਾਲ ਕਾਰਨ ਹੋਏ ਜਾਨੀ ਨੁਕਸਾਨ ਦੀ ਖ਼ਬਰ ਸੁਣ ਕੇ ਦੁੱਖ ਹੋਇਆ। ਇਸ ਦੁਖਦਾਈ ਘੜੀ ਵਿਚ, ਮੈਂ ਮੋਰੱਕੋ ਦੇ ਲੋਕਾਂ ਦੇ ਨਾਲ ਹਨ। ਉਨ੍ਹਾਂ ਲੋਕਾਂ ਪ੍ਰਤੀ ਹਮਦਰਦੀ ਜਿੰਨ੍ਹਾਂ ਨੇ ਆਪਣੇ ਅਜ਼ੀਜ਼ਾਂ ਨੂੰ ਗੁਆ ਦਿੱਤਾ ਹੈ। ਜ਼ਖ਼ਮੀਆਂ ਦੇ ਜਲਦ ਠੀਕ ਹੋਣ ਦੀ ਕਾਮਨਾ ਕਰਦਾ ਹਾਂ। ਭਾਰਤ ਇਸ ਔਖੀ ਘੜੀ ਵਿੱਚ ਮੋਰੋਕੋ ਨੂੰ ਹਰ ਸੰਭਵ ਸਹਾਇਤਾ ਦੇਣ ਲਈ ਤਿਆਰ ਹੈ।''