ਭਾਰਤ ’ਚ ਪਹਿਲੇ monkeypox ਦੇ ਕੇਸ ਦੀ ਪੁਸ਼ਟੀ, ਪੀੜਤ ਵਿਅਕਤੀ LNJP ਹਸਪਤਾਲ ’ਚ ਦਾਖਲ 

ਏਜੰਸੀ

ਖ਼ਬਰਾਂ, ਰਾਸ਼ਟਰੀ

ਇਹ ਇਕ  ‘ਅਲੱਗ-ਥਲੱਗ ਕੇਸ’ ਸੀ ਅਤੇ ਜਨਤਾ ਨੂੰ ਤੁਰਤ  ਕੋਈ ਖਤਰਾ ਨਹੀਂ ਹੈ : ਸਿਹਤ ਮੰਤਰਾਲਾ

Representative Image.

ਨਵੀਂ ਦਿੱਲੀ : ਕੇਂਦਰੀ ਸਿਹਤ ਮੰਤਰਾਲੇ ਨੇ ਸੋਮਵਾਰ ਨੂੰ ਕਿਹਾ ਕਿ ਹਾਲ ਹੀ ’ਚ ਮੰਕੀਪੌਕਸ ਇਨਫੈਕਸ਼ਨ ਵਾਲੇ ਦੇਸ਼ ਦਾ ਸਫ਼ਰ ਕਰਨ ਵਾਲੇ ਇਕ ਵਿਅਕਤੀ ਦੇ ਇਸ ਬੀਮਾਰੀ ਨਾਲ ਪੀੜਤ ਹੋਣ ਦੀ ਪੁਸ਼ਟੀ ਹੋਈ ਹੈ। ਮੰਤਰਾਲੇ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਇਕ  ‘ਅਲੱਗ-ਥਲੱਗ ਕੇਸ’ ਸੀ ਅਤੇ ਜਨਤਾ ਨੂੰ ਤੁਰਤ  ਕੋਈ ਖਤਰਾ ਨਹੀਂ ਹੈ। 

ਹਸਪਤਾਲ ਦੇ ਇਕ ਸੂਤਰ ਨੇ ਦਸਿਆ  ਕਿ ਹਰਿਆਣਾ ਦੇ ਹਿਸਾਰ ਦੇ ਰਹਿਣ ਵਾਲੇ 26 ਸਾਲ ਦੇ ਮਰੀਜ਼ ਨੂੰ ਸਨਿਚਰਵਾਰ  ਨੂੰ ਦਿੱਲੀ ਸਰਕਾਰ ਵਲੋਂ ਚਲਾਏ ਜਾ ਰਹੇ LNJP ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ ਅਤੇ ਉਸ ਦੀ ਹਾਲਤ ਸਥਿਰ ਹੈ। 

ਮੰਤਰਾਲੇ ਨੇ ਕਿਹਾ ਕਿ ਇਸ ਤੋਂ ਪਹਿਲਾਂ ਮੰਕੀਪੌਕਸ ਦੇ ਸ਼ੱਕੀ ਮਾਮਲੇ ਦੀ ਪੁਸ਼ਟੀ ਯਾਤਰਾ ਨਾਲ ਜੁੜੇ ਇਨਫੈਕਸ਼ਨ ਵਜੋਂ ਹੋਈ ਸੀ। ਪ੍ਰਯੋਗਸ਼ਾਲਾ ਜਾਂਚ ’ਚ ਮਰੀਜ਼ ’ਚ ਪਛਮੀ  ਅਫਰੀਕੀ ਕਲੇਡ-2 ਮੰਕੀਪੌਕਸ ਵਾਇਰਸ ਦੀ ਮੌਜੂਦਗੀ ਦੀ ਪੁਸ਼ਟੀ ਹੋਈ ਹੈ। 

ਮੰਤਰਾਲੇ ਨੇ ਕਿਹਾ ਕਿ ਇਹ ਇਕ ਵੱਖਰਾ ਮਾਮਲਾ ਹੈ, ਜੋ ਜੁਲਾਈ 2022 ਤੋਂ ਭਾਰਤ ਵਿਚ ਪਹਿਲਾਂ ਸਾਹਮਣੇ ਆਏ 30 ਮਾਮਲਿਆਂ ਵਰਗਾ ਹੈ। ਮੰਤਰਾਲੇ ਨੇ ਇਸ ਗੱਲ ’ਤੇ  ਜ਼ੋਰ ਦਿਤਾ ਕਿ ਇਹ ਮੰਕੀਪੌਕਸ ਦੇ ਕਲੇਡ 1 ਬਾਰੇ ਡਬਲਯੂ.ਐਚ.ਓ. ਵਲੋਂ ਰੀਪੋਰਟ ਕੀਤੀ ਗਈ ਮੌਜੂਦਾ ਜਨਤਕ ਸਿਹਤ ਐਮਰਜੈਂਸੀ ਦਾ ਹਿੱਸਾ ਨਹੀਂ ਹੈ। 

ਮੰਤਰਾਲੇ ਨੇ ਕਿਹਾ, ‘‘ਇਹ ਵਿਅਕਤੀ, ਇਕ  ਨੌਜੁਆਨ ਜੋ ਹਾਲ ਹੀ ’ਚ ਮੰਕੀਪੌਕਸ ਦੀ ਲਾਗ ਤੋਂ ਪ੍ਰਭਾਵਤ  ਦੇਸ਼ ਤੋਂ ਆਇਆ ਸੀ, ਨੂੰ ਇਸ ਸਮੇਂ ਇਕ  ਨਿਰਧਾਰਤ ਤੀਜੇ ਦਰਜੇ ਦੀ ਦੇਖਭਾਲ ਆਈਸੋਲੇਸ਼ਨ ਯੂਨਿਟ ’ਚ ਰੱਖਿਆ ਗਿਆ ਹੈ। ਮਰੀਜ਼ ਦੀ ਹਾਲਤ ਡਾਕਟਰੀ ਤੌਰ ’ਤੇ  ਸਥਿਰ ਹੈ ਅਤੇ ਉਸ ’ਚ ਬਿਮਾਰੀ ਦੇ ਕੋਈ ਲੱਛਣ ਨਹੀਂ ਹਨ ਅਤੇ ਨਾ ਹੀ ਉਹ ਕਿਸੇ ਹੋਰ ਬਿਮਾਰੀ ਤੋਂ ਪੀੜਤ ਹੈ।’’

ਮੰਤਰਾਲੇ ਨੇ ਕਿਹਾ ਕਿ ਇਹ ਕੇਸ ਪਿਛਲੇ ਜੋਖਮ ਮੁਲਾਂਕਣ ਦੇ ਅਨੁਕੂਲ ਹੈ ਅਤੇ ਸਥਾਪਤ ਪ੍ਰੋਟੋਕੋਲ ਦੇ ਅਨੁਸਾਰ ਪ੍ਰਬੰਧਿਤ ਕੀਤਾ ਜਾ ਰਿਹਾ ਹੈ। ਮੰਤਰਾਲੇ ਨੇ ਇਹ ਵੀ ਕਿਹਾ ਕਿ ਸਥਿਤੀ ਨੂੰ ਕੰਟਰੋਲ ਕਰਨ ਲਈ ਸੰਪਰਕ ਟਰੇਸਿੰਗ ਅਤੇ ਨਿਗਰਾਨੀ ਸਮੇਤ ਜਨਤਕ ਸਿਹਤ ਉਪਾਵਾਂ ਨੂੰ ਸਰਗਰਮੀ ਨਾਲ ਲਾਗੂ ਕੀਤਾ ਜਾ ਰਿਹਾ ਹੈ। 

ਸਿਹਤ ਮੰਤਰਾਲੇ ਨੇ ਕਿਹਾ, ‘‘ਇਸ ਸਮੇਂ ਲੋਕਾਂ ਲਈ ਕਿਸੇ ਮਹੱਤਵਪੂਰਨ ਖਤਰੇ ਦਾ ਕੋਈ ਸੰਕੇਤ ਨਹੀਂ ਹੈ।’’ ਮੰਤਰਾਲੇ ਨੇ ਐਕਸ ’ਤੇ  ਇਕ ਪੋਸਟ ਵਿਚ ਕਿਹਾ ਕਿ ਮਰੀਜ਼ ਦੀ ਹਾਲਤ ਸਥਿਰ ਹੈ ਅਤੇ ਲੋਕਾਂ ਨੂੰ ਤੁਰਤ  ਕੋਈ ਖਤਰਾ ਨਹੀਂ ਹੈ। 

ਵਿਸ਼ਵ ਸਿਹਤ ਸੰਗਠਨ ਨੇ ਪਿਛਲੇ ਮਹੀਨੇ ਅਫਰੀਕਾ ਦੇ ਕਈ ਹਿੱਸਿਆਂ ’ਚ ਮੰਕੀਪੌਕਸ ਦੇ ਫੈਲਣ ਅਤੇ ਪ੍ਰਸਾਰ ਨੂੰ ਵੇਖਦੇ  ਹੋਏ ਦੂਜੀ ਵਾਰ ਮੰਕੀਪੌਕਸ ਨੂੰ ਦੂਜੀ ਵਾਰ ਜਨਤਕ ਸਿਹਤ ਐਮਰਜੈਂਸੀ ਆਫ ਇੰਟਰਨੈਸ਼ਨਲ ਕੰਸਰਨ (ਪੀ.ਐਚ.ਈ.ਆਈ.ਸੀ.) ਐਲਾਨ ਕੀਤਾ ਸੀ। 

ਲੋਕ ਨਾਇਕ ਜੈ ਪ੍ਰਕਾਸ਼ (ਐਲ.ਐਨ.ਜੇ.ਪੀ.) ਹਸਪਤਾਲ ’ਚ ਦਾਖਲ ਮਰੀਜ਼ ਬਾਰੇ ਗੱਲ ਕਰਦਿਆਂ ਹਸਪਤਾਲ ਦੇ ਇਕ  ਸੂਤਰ ਨੇ ਕਿਹਾ ਕਿ ਦਿੱਲੀ ਸਰਕਾਰ ਦੇ ਤਿੰਨ ਹਸਪਤਾਲਾਂ - ਐਲ.ਐਨ.ਜੇ.ਪੀ., ਜੀ.ਟੀ.ਬੀ. ਅਤੇ ਬਾਬਾ ਸਾਹਿਬ ਅੰਬੇਡਕਰ ਨੇ ਬਿਮਾਰੀ ਦੇ ਸ਼ੱਕੀ ਅਤੇ ਪੁਸ਼ਟੀ ਕੀਤੇ ਮਾਮਲਿਆਂ ਲਈ ਆਈਸੋਲੇਸ਼ਨ ਰੂਮ ਸਥਾਪਤ ਕੀਤੇ ਹਨ। 

LNJP ਨੂੰ ਨੋਡਲ ਯੂਨਿਟ ਨਿਯੁਕਤ ਕੀਤਾ ਗਿਆ ਹੈ, ਜਦਕਿ  ਦੋ ਹੋਰ ਹਸਪਤਾਲਾਂ ਨੂੰ ਤਿਆਰ ਰੱਖਿਆ ਗਿਆ ਹੈ। LNJP ਹਸਪਤਾਲ ’ਚ ਮਰੀਜ਼ਾਂ ਲਈ ਕੁਲ  20 ਆਈਸੋਲੇਸ਼ਨ ਕਮਰੇ ਹਨ, ਜਿਨ੍ਹਾਂ ’ਚੋਂ 10 ਪੁਸ਼ਟੀ ਕੀਤੇ ਕੇਸਾਂ ਲਈ ਹਨ। ਗੁਰੂ ਤੇਗ ਬਹਾਦਰ (ਜੀ.ਟੀ.ਬੀ.) ਹਸਪਤਾਲ ਅਤੇ ਬਾਬਾ ਸਾਹਿਬ ਅੰਬੇਡਕਰ ਹਸਪਤਾਲ ਵਿਚ ਅਜਿਹੇ ਮਰੀਜ਼ਾਂ ਲਈ 10-10 ਕਮਰੇ ਹੋਣਗੇ ਅਤੇ ਸ਼ੱਕੀ ਮਾਮਲਿਆਂ ਲਈ ਪੰਜ-ਪੰਜ ਕਮਰੇ ਹੋਣਗੇ।