ਦਰਬਾਰ ਸਾਹਿਬ ਪੁੱਜੇ ਆਮਿਰ ਖ਼ਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਫ਼ਿਲਮ 'ਲਾਲ ਸਿੰਘ ਚੱਢਾ' ਦੀ ਸ਼ੁਰੂ ਹੋਣ ਵਾਲੀ ਹੈ ਸ਼ੂਟਿੰਗ

Aamir Khan visited Golden temple in Amritsar

ਅੰਮ੍ਰਿਤਸਰ : ਬਾਲੀਵੁੱਡ ਦੇ ਮਿਸਟਰ ਪ੍ਰਫੈਕਟਨਿਸ਼ਟ ਆਮਿਰ ਖ਼ਾਨ ਦੀ ਆਪਣੀ ਅਗਲੀ ਫਿਲਮ 'ਲਾਲ ਸਿੰਘ ਚੱਡਾ' ਹੈ। ਇਸ ਦੇ ਲਈ ਉਹ ਕਾਫੀ ਤਿਆਰੀ 'ਚ ਲੱਗੇ ਹੋਏ ਹਨ। ਇਹ ਫਿਲਮ ਹਾਲੀਵੁੱਡ ਦੇ ਟੌਮ ਹੈਂਕਸ ਦੀ ਫ਼ਿਲਮ 'ਫਾਰੈਸਟ ਗੰਪ' ਦੀ ਆਫੀਸ਼ੀਅਲ ਰੀਮੇਕ ਹੋਵੇਗੀ। ਇਸ ਫ਼ਿਲਮ ਦੀ ਸ਼ੂਟਿੰਗ 4 ਨਵੰਬਰ ਤੋਂ ਸ਼ੁਰੂ ਹੋਵੇਗੀ। ਇਸ ਤੋਂ ਪਹਿਲਾਂ ਆਮਿਰ ਖ਼ਾਨ ਅੰਮ੍ਰਿਤਸਰ 'ਚ ਦਰਬਾਰ ਸਾਹਿਬ ਪੁੱਜੇ ਅਤੇ ਮੱਥਾ ਟੇਕਿਆ। ਆਮਿਰ ਦਾ ਮੰਨਣਾ ਹੈ ਕਿ ਫ਼ਿਲਮ ਸ਼ੁਰੂ ਕਰਨ ਤੋਂ ਪਹਿਲਾਂ ਅਜਿਹੇ ਪਵਿੱਤਰ ਥਾਵਾਂ 'ਤੇ ਜਾ ਕੇ ਦਰਸ਼ਨ ਕਰਨਾ ਹਮੇਸ਼ਾ ਹੀ ਵਧੀਆ ਅਨੁਭਵ ਕਰਵਾਉਂਦਾ ਹੈ।

ਆਮਿਰ ਪਿਛਲੇ ਕਈ ਸਾਲਾਂ ਤੋਂ ਪੰਜਾਬ ਆ-ਜਾ ਰਹੇ ਹਨ। ਉਨ੍ਹਾਂ ਨੇ ਬੀਤੇ ਸਤੰਬਰ ਦੇ ਦੂਜੇ ਹਫ਼ਤੇ ਵੀ ਆਪਣੀ ਟੀਮ ਨਾਲ ਪੰਜਾਬ ਦਾ ਦੌਰਾ ਕੀਤਾ ਸੀ। ਇਸ ਦੌਰਾਨ ਉਨ੍ਹਾਂ ਨੇ ਪੰਜਾਬੀ ਗਾਇਕ ਗਿੱਪੀ ਗਰੇਵਾਲ ਨਾਲ ਵੀ ਮੁਲਾਕਾਤ ਕੀਤੀ ਸੀ। ਗਿੱਪੀ ਨੇ ਆਮਿਰ ਨੂੰ ਇਕ ਕੜਾ ਗਿਫ਼ਤ ਕੀਤਾ ਸੀ। ਇਸ ਗਿਫ਼ਟ ਤੋਂ ਆਮਿਰ ਇੰਨੇ ਖ਼ੁਸ਼ ਹਨ ਕਿ ਉਹ ਫ਼ਿਲਮ 'ਚ ਵੀ ਇਸ ਨੂੰ ਪਹਿਨਣ ਵਾਲੇ ਹਨ। ਸੁਪਰਸਟਾਰ ਆਮਿਰ ਦੀ ਇਹ ਫ਼ਿਲਮ ਪੂਰੇ ਦੇਸ਼ 'ਚ 100 ਲੋਕੇਸ਼ਨਾਂ 'ਤੇ ਸ਼ੂਟ ਹੋਣੀ ਹੈ। ਇਸ 'ਚ ਆਮਿਰ ਖ਼ਾਨ ਦੇ ਨਾਲ ਅਦਾਕਾਰਾ ਕਰੀਨਾ ਕਪੂਰ ਕੰਮ ਕਰ ਰਹੀ ਹੈ।

ਚਰਚਾ ਹੋ ਰਹੀ ਹੈ ਕਿ ਇਹ ਫ਼ਿਲਮ ਸਾਲ 1984 ’ਚ ਭੜਕੇ ਸਿੱਖ ਦੰਗਿਆਂ 'ਤੇ ਆਧਾਰਤ ਹੈ। ਜਦੋਂ ਤਤਕਾਲੀਨ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹਤਿਆ ਤੋਂ ਬਾਅਦ ਦੇਸ਼ ਭਰ ਵਿਚ ਸਿੱਖਾਂ ਵਿਰੁਧ ਦੰਗੇ ਭੜਕ ਗਏ ਸਨ। ਸ਼ੂਟਿੰਗ ਸ਼ੁਰੂ ਹੋਣ ਜਾਂ ਰਿਲੀਜ਼ ਹੋਣ ਤੋਂ ਬਾਅਦ ਹੀ ਫਿਲਮ ਦੇ ਪਲਾਟ ਨਾਲ ਜੁਡ਼ੀ ਜਾਣਕਾਰੀ ਸਾਹਮਣੇ ਆ ਸਕੇਗੀ। 'ਲਾਲ ਸਿੰਘ ਚੱਡਾ' ਅਗਲੇ ਸਾਲ 2020 'ਚ ਕ੍ਰਿਸਮਸ ਦੇ ਸਮੇਂ ਰਿਲੀਜ਼ ਹੋਵੇਗੀ।