ਲਾਲੂ ਪ੍ਰਸਾਦ ਯਾਦਵ ਨੂੰ ਇਕ ਹੋਰ ਮਾਮਲੇ 'ਚ ਮਿਲੀ ਜ਼ਮਾਨਤ ਪਰ ਹਾਲੇ ਵੀ ਰਹਿਣਾ ਹੋਵੇਗਾ ਜੇਲ੍ਹ ਵਿਚ 

ਏਜੰਸੀ

ਖ਼ਬਰਾਂ, ਰਾਸ਼ਟਰੀ

ਚਾਰਾ ਘੁਟਾਲਾ ਮਾਮਲੇ ਵਿਚ ਸਜ਼ਾ ਕੱਟ ਰਹੇ ਆਰਜੇਡੀ ਸੁਪ੍ਰੀਮੋ ਲਾਲੂ ਪ੍ਰਸਾਦ ਯਾਦਵ 

Lalu Yadav gets bail in fodder scam by Jharkhand High Court

ਨਵੀਂ ਦਿੱਲੀ: ਚਾਰਾ ਘੁਟਾਲਾ ਮਾਮਲੇ ਵਿਚ ਸਜ਼ਾ ਕੱਟ ਰਹੇ ਆਰਜੇਡੀ ਸੁਪ੍ਰੀਮੋ ਅਤੇ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਯਾਦਵ ਨੂੰ ਝਾਰਖੰਡ ਹਾਈ ਕੋਰਟ ਨੇ ਜ਼ਮਾਨਤ ਦੇ ਦਿੱਤੀ ਹੈ। ਪਰ ਉਹਨਾਂ ਨੂੰ ਹਾਲੇ ਵੀ ਜੇਲ੍ਹ ਵਿਚ ਹੀ ਰਹਿਣਾ ਪਵੇਗਾ। ਦੱਸ ਦਈਏ ਕਿ ਜਦੋਂ ਤੱਕ ਚਾਰਾ ਘੁਟਾਲੇ ਨਾਲ ਜੁੜੇ ਦੁਮਕਾ ਖਜ਼ਾਨਾ ਮਾਮਲੇ ਦੀ ਸੁਣਵਾਈ ਪੂਰੀ ਨਹੀਂ ਹੋ ਜਾਂਦੀ, ਉਦੋਂ ਤੱਕ ਲਾਲੂ ਪ੍ਰਸਾਦ ਯਾਦਵ ਦੀ ਰਿਹਾਈ ਨਹੀਂ ਹੋ ਸਕਦੀ ਹੈ।

ਰਾਜੇਡੀ ਸੁਪ੍ਰੀਮੋ ਲਾਲੂ ਪ੍ਰਸਾਦ ਯਾਦਵ ਦੀ ਜ਼ਮਾਨਤ ਪਟੀਸ਼ਨ 'ਤੇ ਸ਼ੁੱਕਰਵਾਰ ਨੂੰ ਝਾਰਖੰਡ ਹਾਈ ਕੋਰਟ ਵਿਚ ਸੁਣਵਾਈ ਹੋਈ। ਜ਼ਿਕਰਯੋਗ ਹੈ ਕਿ ਚਾਰਾ ਘੁਟਾਲੇ ਨਾਲ ਸਬੰਧਤ ਚਾਈਬਾਸਾ ਖਜ਼ਾਨੇ ਵਿਚੋਂ ਗੈਰ-ਕਾਨੂੰਨੀ ਨਿਕਾਸੀ ਦੇ ਮਾਮਲੇ ਵਿਚ ਰਾਂਚੀ ਦੀ ਸੀਬੀਆਈ ਕੋਰਟ ਨੇ ਲਾਲੂ ਪ੍ਰਸਾਦ ਯਾਦਵ ਨੂੰ ਪੰਜ ਸਾਲ ਦੀ ਸਜ਼ਾ ਸੁਣਾਈ ਹੈ।

ਲਾਲੂ ਨੇ ਅਪਣੀ ਜ਼ਮਾਨਤ ਪਟੀਸ਼ਨ ਵਿਚ ਕਿਹਾ ਸੀ ਕਿ ਉਹਨਾਂ ਨੇ ਇਸ ਮਾਮਲੇ ਵਿਚ ਅੱਧੀ ਸਜ਼ਾ ਕੱਟ ਲਈ ਹੈ। ਇਸ ਅਧਾਰ 'ਤੇ ਉਹਨਾਂ ਨੂੰ ਜ਼ਮਾਨਤ ਮਿਲਣੀ ਚਾਹੀਦੀ ਹੈ। ਇਸ ਤੋਂ ਪਹਿਲਾਂ 11 ਸਤੰਬਰ ਨੂੰ ਸੁਣਵਾਈ ਦੌਰਾਨ ਸੀਬੀਆਈ ਵੱਲੋਂ ਲਾਲੂ ਪ੍ਰਦਾਸ ਦੀ ਪਟੀਸ਼ਨ ਦਾ ਵਿਰੋਧ ਕੀਤਾ ਗਿਆ ਸੀ।

ਸੀਬੀਆਈ ਨੇ ਜਵਾਬ ਦਾਖਲ ਕਰਦੇ ਹੋਏ ਕਿਹਾ ਸੀ ਕਿ ਲਾਲੂ ਨੂੰ ਚਾਰਾ ਮਾਮਲੇ ਵਿਚ ਸਜ਼ਾ ਸੁਣਾਈ ਗਈ ਹੈ। ਸਾਰੀਆਂ ਸਜ਼ਾਵਾਂ ਵੱਖ-ਵੱਖ ਚੱਲ ਰਹੀਆਂ ਹਨ।ਜੁਲਾਈ ਮਹੀਨੇ ਵਿਚ ਲਾਲੂ ਪ੍ਰਸਾਦ ਯਾਦਵ ਨੇ ਵਿਗੜਦੀ ਸਿਹਤ ਦਾ ਹਵਾਲਾ ਦਿੰਦੇ ਹੋਏ ਜ਼ਮਾਨਤ ਪਟੀਸ਼ਨ ਦਾਖਲ ਕੀਤੀ ਸੀ। ਫਿਲਹਾਲ ਲਾਲੂ ਯਾਦਵ ਰਾਂਚੀ ਦੇ ਰਿਮਸ ਹਸਪਤਾਲ ਵਿਚ ਭਰਤੀ ਹਨ। 

ਬਿਹਾਰ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਦੌਰਾਨ ਲਾਲੂ ਪ੍ਰਸਾਦ ਯਾਦਵ ਦਾ ਜੇਲ੍ਹ ਵਿਚ ਰਹਿਣਾ ਆਰਜੇਡੀ ਲਈ ਝਟਕਾ ਮੰਨਿਆ ਜਾ ਰਿਹਾ ਹੈ। ਸੂਬੇ ਵਿਚ ਪਹਿਲੇ ਗੇੜ ਦੀਆਂ ਚੋਣਾਂ 28 ਅਕਤੂਬਰ 2020 ਨੂੰ ਹੋਣਗੀਆਂ।