ਸਿੱਖ ਕਤਲੇਆਮ ਮੌਕੇ ਰਾਮਵਿਲਾਸ ਪਾਸਵਾਨ ਨੇ ਬਚਾਈ ਸੀ ਕਈ ਸਿੱਖਾਂ ਦੀ ਜਾਨ- ਐਚਐਸ ਫੂਲਕਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਰਾਮਵਿਲਾਸ ਪਾਸਵਾਨ ਦੀ ਅੰਤਿਮ ਵਿਦਾਈ ਮੌਕੇ ਸ਼ਾਮਲ ਹੋਏ ਸਿੱਖ ਕਤਲੇਆਮ ਪੀੜਤ 

Paswan gave shelter to Sikhs during 1984 says HS Phoolka

ਨਵੀਂ ਦਿੱਲੀ: ਸਾਬਕਾ ਕੇਂਦਰੀ ਮੰਤਰੀ ਰਾਮਵਿਲਾਸ ਪਾਸਵਾਨ ਦਾ ਬੀਤੀ ਰਾਤ ਦਿੱਲੀ ਦੇ ਹਸਪਤਾਲ ਵਿਚ ਦੇਹਾਂਤ ਹੋ ਗਿਆ। ਉਹਨਾਂ ਦੇ ਦੇਹਾਂਤ 'ਤੇ ਪ੍ਰਧਾਨ ਮੰਤਰੀ, ਰਾਸ਼ਟਰਪਤੀ ਤੋਂ ਲੈ ਕੇ ਕਈ ਸਿਆਸੀ ਦਿੱਗਜ਼ਾਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ।  ਅੱਜ ਦਿੱਲੀ ਵਿਚ ਸਥਿਤ ਉਹਨਾਂ ਦੀ ਰਿਹਾਇਸ਼ ਵਿਖੇ ਉਹਨਾਂ ਨੂੰ ਅੰਤਿਮ ਵਿਦਾਈ ਦਿੱਤੀ ਗਈ।

ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਸਮੇਤ ਕਈ ਮੰਤਰੀਆਂ ਅਤੇ ਆਮ ਲੋਕਾਂ ਨੇ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ। ਇਸ ਦੌਰਾਨ 1984 ਕਤਲੇਆਮ ਦੇ ਪੀੜਤ ਸਿੱਖ ਵੀ ਰਾਮਵਿਲਾਸ ਪਾਸਵਾਨ ਨੂੰ ਸ਼ਰਧਾਂਜਲੀ ਦੇਣ ਉਹਨਾਂ ਦੀ ਰਿਹਾਇਸ਼ ਵਿਖੇ ਪਹੁੰਚੇ।

ਸਿੱਖ ਵਕੀਲ ਹਰਵਿੰਦਰ ਸਿੰਘ ਫੂਲਕਾ (HS Phoolka) ਨੇ ਵੀ ਸਾਬਕਾ ਕੇਂਦਰੀ ਮੰਤਰੀ ਨੂੰ ਸ਼ਰਧਾਂਜਲੀ ਦਿੱਤੀ। ਐਚਐਸ ਫੂਲਕਾ ਨੇ ਰਾਮਵਿਲਾਸ ਪਾਸਵਾਨ ਨੂੰ ਯਾਦ ਕਰਦਿਆਂ ਇਕ ਟਵੀਟ ਕੀਤਾ। ਐਚਐਸ ਫੂਲਕਾ ਨੇ ਟਵੀਟ ਕਰਦਿਆਂ ਕਿਹਾ ਕਿ ਰਾਮਵਿਲਾਸ ਪਾਸਵਾਨ ਇਕ ਬਹੁਤ ਚੰਗੇ ਵਿਅਕਤੀ ਸਨ।

ਉਹਨਾਂ ਨੇ 1984 ਸਿੱਖ ਕਤਲੇਆਮ ਦੌਰਾਨ ਕਈ ਸਿੱਖਾਂ ਨੂੰ ਆਪਣੇ ਘਰ ਵਿਚ ਸ਼ਰਨ ਦਿੱਤੀ ਸੀ ਅਤੇ ਉਹਨਾਂ ਦੀ ਜਾਨ ਬਚਾਈ ਸੀ। ਇਸ ਦੌਰਾਨ ਹਮਲਾਵਰਾਂ ਨੇ ਰਾਮਵਿਲਾਸ ਪਾਸਵਾਨ ਦੇ ਘਰ ਨੂੰ ਵੀ ਅੱਗ ਦੇ ਹਵਾਲੇ ਕਰ ਦਿੱਤਾ ਸੀ। 1984 ਕਤਲੇਆਮ ਦੇ ਪੀੜਤ ਸਿੱਖਾਂ ਦੇ ਮਨਾਂ ਵਿਚ ਰਾਮਵਿਲਾਸ ਪਾਸਵਾਨ ਲਈ ਕਾਫ਼ੀ ਸਤਿਕਾਰ ਹੈ।

ਦੱਸ ਦਈਏ ਕਿ ਰਾਮਵਿਲਾਸ ਪਾਸਵਾਨ ਨੇ ਕਈ ਸਾਲਾਂ ਤੱਕ ਸਿੱਖਾਂ ਨੂੰ ਇਨਸਾਫ ਦਿਵਾਉਣ ਲਈ ਸੰਘਰਸ਼ ਕੀਤਾ। ਉਹਨਾਂ ਨੇ ਨਾਨਾਵਤੀ ਕਮਿਸ਼ਨ ਸਾਹਮਣੇ ਬਿਆਨ ਵੀ ਦਿੱਤੇ।  74 ਸਾਲਾ ਰਾਮਵਿਲਾਸ ਪਾਸਵਾਨ ਕਈ ਦਿਨਾਂ ਤੋਂ ਹਸਪਤਾਲ ਵਿਚ ਭਰਤੀ ਸਨ। ਵੀਰਵਾਰ ਦੀ ਰਾਤ ਨੂੰ ਉਹਨਾਂ ਦੇ ਬੇਟੇ ਅਤੇ ਲੋਕ ਜਨਸ਼ਕਤੀ ਪਾਰਟੀ ਦੇ ਪ੍ਰਧਾਨ ਚਿਰਾਗ ਪਾਸਵਾਨ ਨੇ ਉਹਨਾਂ ਦੇ ਦੇਹਾਂਤ ਦੀ ਜਾਣਕਾਰੀ ਦਿੱਤੀ ਸੀ।