ਲਖੀਮਪੁਰ ਘਟਨਾ: 'ਦੋਸ਼ਾਂ ਦੇ ਅਧਾਰ 'ਤੇ ਕਿਸੇ ਨੂੰ ਗ੍ਰਿਫ਼ਤਾਰ ਨਹੀਂ ਕਰਾਂਗੇ' - ਯੋਗੀ ਅਦਿੱਤਿਆਨਾਥ 

ਏਜੰਸੀ

ਖ਼ਬਰਾਂ, ਰਾਸ਼ਟਰੀ

ਵਿਰੋਧੀ ਧਿਰ ਦੇ ਨੇਤਾ ਹਿੰਦੂਆਂ ਅਤੇ ਸਿੱਖਾਂ ਵਿਚ ਦਰਾਰ ਪੈਦਾ ਕਰਨਾ ਚਾਹੁੰਦੇ ਸੀ - ਯੋਗੀ

Yogi Adityanath

 

ਲਖਨਊ - ਉੱਤਰ ਪ੍ਰਦੇਸ਼ ਦੀ ਲਖੀਮਪੁਰ ਖੀਰੀ ਘਟਨਾ ਦੇ ਦੋਸ਼ੀ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਦੇ ਪੁੱਤਰ ਦੀ ਗ੍ਰਿਫਤਾਰੀ ਦੀ ਵਿਰੋਧੀ ਧਿਰ ਦੀ ਮੰਗ 'ਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਕਿਸੇ ਨੂੰ ਵੀ ਕਾਨੂੰਨ ਅਪਣੇ ਹੱਥ 'ਚ ਲੈਣ ਦੀ ਆਜ਼ਾਦੀ ਨਹੀਂ ਹੋਵੇਗੀ ਪਰ ਕਿਸੇ ਦੇ ਦਬਾਅ ਜਾਂ ਕਿਸੇ ਇਕ ਬੰਦੇ ਦੇ ਦੋਸ਼ 'ਤੇ ਕਿਸੇ ਨੂੰ ਵੀ ਗ੍ਰਿਫ਼ਤਾਰ ਨਹੀਂ ਕੀਤਾ ਜਾ ਸਕਦਾ। 

ਸ਼ੁੱਕਰਵਾਰ ਨੂੰ ਗੋਰਖਪੁਰ ਵਿਚ ਇੱਕ ਇੰਟਰਵਿਊ ਵਿਚ ਯੋਗੀ ਨੇ ਕਿਹਾ, “ਲਖੀਮਪੁਰ ਖੀਰੀ ਘਟਨਾ ਦੁਖਦਾਈ ਅਤੇ ਮੰਦਭਾਗੀ ਹੈ, ਸਰਕਾਰ ਇਸ ਦੀ ਤਹਿ ਤੱਕ ਜਾ ਰਹੀ ਹੈ। ਲੋਕਤੰਤਰ ਵਿਚ ਹਿੰਸਾ ਲਈ ਕੋਈ ਥਾਂ ਨਹੀਂ ਹੁੰਦੀ, ਜਦੋਂ ਕਾਨੂੰਨ ਸਾਰਿਆਂ ਨੂੰ ਸੁਰੱਖਿਆ ਦੀ ਗਰੰਟੀ ਦੇ ਰਿਹਾ ਹੋਵੇ, ਫਿਰ ਕਿਸੇ ਨੂੰ ਵੀ ਕਾਨੂੰਨ ਆਪਣੇ ਹੱਥ ਵਿਚ ਲੈਣ ਦਾ ਅਧਿਕਾਰ ਨਹੀਂ ਹੈ, ਚਾਹੇ ਉਹ ਕੋਈ ਵੀ ਹੋਵੇ। 

ਜਦੋਂ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਨੂੰ ਲਖੀਮਪੁਰ ਵਿਚ ਪੀੜਤ ਪਰਿਵਾਰਾਂ ਨੂੰ ਮਿਲਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਤਾਂ ਉਨ੍ਹਾਂ ਕਿਹਾ, “ਸਾਡੇ ਵਿਰੋਧੀ ਧਿਰ ਦੇ ਦੋਸਤ ਸਦਭਾਵਨਾ ਦੇ ਸੰਦੇਸ਼ਵਾਹਕ ਨਹੀਂ ਸਨ ਅਤੇ ਉਨ੍ਹਾਂ ਵਿਚ ਬਹੁਤ ਸਾਰੇ ਚਿਹਰੇ ਹਨ ਜਿਨ੍ਹਾਂ ਦਾ ਹੀ ਇਸ ਹਿੰਸਾ ਪਿੱਛੇ ਹੱਥ ਹੈ। ਤੱਥ ਸਾਹਮਣੇ ਆਉਂਦੇ ਹੀ ਅਸੀਂ ਸਾਰਿਆਂ ਦੇ ਸਾਹਮਣੇ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਰੱਖਾਂਗੇ। ”

ਇਸ ਦੇ ਨਾਲ ਹੀ ਸੀਤਾਪੁਰ ਪੀਏਸੀ ਦੇ ਗੈਸਟ ਹਾਊਸ ਵਿਚ ਪੁਲਿਸ ਹਿਰਾਸਤ ਵਿਚ ਲਏ ਜਾਣ ਤੋਂ ਬਾਅਦ ਕਾਂਗਰਸ ਨੇਤਾ ਪ੍ਰਿਯੰਕਾ ਗਾਂਧੀ ਵਾਡਰਾ ਵੱਲੋਂ ਸਫਾਈ ਕੀਤੇ ਜਾਣ ਨੂੰ ਲੈ ਕੇ ਯੋਗੀ ਨੇ ਕਿਹਾ ਕਿ "ਜਨਤਾ ਉਨ੍ਹਾਂ ਨੂੰ ਇਸੇ ਲਾਇਕ (ਝਾੜੂ ਦੇ ਯੋਗ) ਬਣਾਉਣਾ ਚਾਹੁੰਦੀ ਹੈ।" ਖੀਰੀ ਯਾਤਰਾ ਦੇ ਮੁੱਦੇ 'ਤੇ ਵਿਰੋਧੀ ਧਿਰ 'ਤੇ ਤਿੱਖਾ ਹਮਲਾ ਕਰਦਿਆਂ ਯੋਗੀ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਕੋਰੋਨਾ ਸਮੇਂ ਦੌਰਾਨ ਇਕ ਹਜ਼ਾਰ ਬੱਸਾਂ ਦੇ ਨਾਂ 'ਤੇ ਟਰੱਕਾਂ ਅਤੇ ਸਕੂਟਰਾਂ ਦੇ ਨੰਬਰ ਦਿੱਤੇ ਸਨ ਅਤੇ ਮੈਂ ਉਨ੍ਹਾਂ ਤੋਂ ਪੁੱਛਣਾ ਚਾਹੁੰਦਾ ਹਾਂ ਕਿ ਉਹ ਕਿੱਥੇ ਸਨ ਜਦੋਂ ਪਹਿਲੀ ਅਤੇ ਦੂਜੀ ਲਹਿਰ ਵਿਚ ਉਹਨਾਂ ਦੀ ਜ਼ਰੂਰਤ ਸੀ। ਉਸ ਸਮੇਂ ਸਿਰਫ ਭਾਜਪਾ ਵਰਕਰ ਅਤੇ ਸਰਕਾਰ ਲੋਕਾਂ ਦੇ ਨਾਲ ਖੜ੍ਹੀ ਸੀ।

ਯੋਗੀ ਨੇ ਆਰੋਪ ਲਗਾਉਂਦੇ ਹੋਏ ਕਿਹਾ ਕਿ ਵਿਰੋਧੀ ਧਿਰ ਦੇ ਨੇਤਾ ਹਿੰਦੂਆਂ ਅਤੇ ਸਿੱਖਾਂ ਵਿਚ ਦਰਾਰ ਪੈਦਾ ਕਰਨਾ ਚਾਹੁੰਦੇ ਸੀ, ਇਸ ਲਈ ਮੈਂ ਕਹਿ ਰਿਹਾ ਹਾਂ ਕਿ ਅੱਖਾਂ ਖੋਲ੍ਹੋ ਅਤੇ ਇਹਨਾਂ ਦਾ ਅਸਲੀ ਚਿਹਰਾ ਦੇਖੋ। ਉਹਨਾਂ ਨੇ ਕਿਹਾ ਕਿ ਛੱਤੀਸਗੜ੍ਹ ਦਾ ਮੁੱਖ ਮੰਤਰੀ ਅਤੇ ਪੰਜਾਬ ਦਾ ਮੁੱਖ ਮੰਤਰੀ ਅਪਣੇ ਰਾਜ ਨੂੰ ਸੰਭਾਲਣ ਦੇ ਯੋਗ ਨਹੀਂ ਹਨ ਪਰ ਯੂਪੀ 'ਚ ਰਾਜਨੀਤੀ ਕਰਨ ਲਈ ਆ ਰਹੇ ਹਨ। ਉਨ੍ਹਾਂ ਨੂੰ ਲਖੀਮਪੁਰ ਬਾਰੇ ਕੋਈ ਜਾਣਕਾਰੀ ਨਹੀਂ ਹੈ। ਪੰਜਾਬ ਦਾ ਮੁੱਖ ਮੰਤਰੀ ਅਜੇ ਇਹ ਤੈਅ ਨਹੀਂ ਕਰ ਸਕਿਆ ਕਿ ਡੀਜੀਪੀ ਕੌਣ ਹੋਵੇਗਾ, ਚੀਫ਼ ਸਕੱਤਰ ਕੌਣ ਹੋਵੇਗਾ, ਇਸ ਤੋਂ ਸ਼ਰਮਨਾਕ ਹੋਰ ਕੀ ਹੋਵੇਗਾ। ਉਹ ਅਪਣੇ ਅੰਦਰੂਨੀ ਕਲੇਸ਼ਾਂ ਵਿਚ ਹੀ ਉਲਝੇ ਹੋਏ ਹਨ।