ਸ਼੍ਰੀਨਗਰ 'ਚ ਅੱਤਵਾਦੀਆਂ ਵਲੋਂ ਮਾਰੇ ਗਏ ਅਧਿਆਪਕਾਂ ਦੇ ਪਰਿਵਾਰ ਨਾਲ ਰਵਨੀਤ ਬਿੱਟੂ ਨੇ ਕੀਤੀ ਮੁਲਾਕਾਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੀਤਾ ਦੁੱਖ ਸਾਂਝਾ

Ravneet Bittu meets family of teachers killed by militants in Srinagar

 

ਸ਼੍ਰੀਨਗਰ: ਲੁਧਿਆਣਾ ਤੋਂ ਕਾਂਗਰਸ ਦੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਅੱਤਵਾਦੀਆਂ ਵੱਲੋਂ ਮਾਰੇ ਗਏ ਅਧਿਆਪਕਾਂ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਨ ਲਈ ਅੱਜ ਸ੍ਰੀਨਗਰ ਗਏ।  ਇਥੇ ਉਹਨਾਂ ਨੇ ਪੀੜਤ ਪਰਿਵਾਰਾਂ ਨਾਲ ਮੁਲਾਕਾਤ ਕੀਤੀ ਅਤੇ ਦੁੱਖ ਸਾਂਝਾ ਕੀਤਾ। ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਮੈਂ ਇਥੇ ਕਿਸੇ ਸਿਆਸੀ ਪਾਰਟੀ ਦਾ ਨੁਮਾਇੰਦਾ ਬਣ ਕੇ ਨਹੀਂ ਆਇਆ ਸਗੋਂ ਇਸ ਲਈ ਆਇਆ ਹਾਂ ਕਿਉਂਕਿ ਮੈਂ ਵੀ ਇਹਨਾਂ ਵਿਚੋਂ ਇਕ ਹਾਂ।

 

ਮੇਰੇ ਦਾਦਾ ਸ਼ਹੀਦ ਸਰਦਾਰ ਬੇਅੰਤ ਸਿੰਘ ਜੀ ਵੀ ਅੱਤਵਾਦ ਵਿਰੁੱਧ ਲੜਦੇ ਹੋਏ ਸ਼ਹੀਦ ਹੋਏ ਸਨ, ਇਸ ਲਈ ਅਸੀਂ ਉਨ੍ਹਾਂ ਦੇ ਦਰਦ ਨੂੰ ਸਮਝ ਸਕਦੇ ਹਾਂ। ਜਦੋਂ ਮੈਂ ਟੀਵੀ, ਮੋਬਾਇਲ ਤੇ ਅੱਤਵਾਦੀਆਂ ਵੱਲੋਂ ਸਿੱਖ ਅਧਿਆਪਕ ਦੇ ਕਤਲ ਦੀਆਂ ਫੋਟੋਆਂ ਵੇਖੀਆਂ ਮੈਨੂੰ ਬਹੁਤ ਦੁੱਖ ਹੋਇਆ ਕਿਉਂਕਿ ਸ੍ਰੀਨਗਰ ਵਿਚ ਪਹਿਲਾਂ ਅਜਿਹਾ ਕਦੇ ਵੀ ਨਹੀਂ ਹੋਇਆ ਉਹ ਵੀ ਇਕ ਪ੍ਰਿੰਸੀਪਲ ਨਾਲ।

 

 

 

ਜੋ ਪ੍ਰਿੰਸੀਪਲ ਹਿੰਦੂ, ਸਿੱਖ ਅਤੇ ਮੁਸਲਿਮ ਹਰ ਬੱਚੇ ਨੂੰ ਸਿੱਖਿਆ ਦਿੰਦੇ, ਉਹਨਾਂ ਨੂੰ ਨਿਸ਼ਾਨਾ ਬਣਾਇਆ ਗਿਆ। ਸਕੂਲ ਵਿਚ 35 ਬੰਦੇ ਹੋਰ ਸਨ ਉਹਨਾਂ ਨੂੰ ਅਲੱਗ ਕਰਕੇ ਸਿੱਖ, ਪੰਡਿਤ ਅਧਿਆਪਕ ਨੂੰ ਮਾਰਿਆ ਗਿਆ। ਕਿਸੇ ਨੇ ਉਹਨਾਂ  ਨੂੰ ਹਸਪਤਾਲ ਲਿਜਾਣ ਦੀ ਕੋਸ਼ਿਸ਼ ਨਹੀਂ ਕੀਤੀ। ਰਵਨੀਤ ਬਿੱਟੂ ਨੇ ਕਿਹਾ ਕਿ ਮੈਨੂੰ ਇਥੋਂ ਪਤਾ ਲੱਗਾ ਹੈ ਕਿ ਜੋ ਦਿੱਲੀ ਤੋਂ ਅਫਸਰ ਆ ਰਹੇ ਹਨ ਉਹਨਾਂ ਨੂੰ ਕੋਈ ਗੱਲ ਨਹੀਂ ਪਤਾ ਅਤੇ ਨਾ ਹੀ ਪੁਲਿਸ ਕੋਈ ਜ਼ਿੰਮੇਵਾਰੀ ਲੈਣ ਨੂੰ ਤਿਆਰ ਹੈ।

 

 

ਮੈਂ ਇਥੇ ਆ ਕੇ ਵੇਖਿਆ ਹਿੰਦੂ, ਪੰਡਿਤ ਪਰਿਵਾਰ ਇਥੋਂ ਜਾ ਰਹੇ ਹਨ ਅਤੇ ਦਰਜਨਾਂ ਪਰਿਵਾਰ ਇਥੋਂ ਜਾਣ ਬਾਰੇ ਸੋਚ ਰਹੇ ਹਨ। ਸਿੱਖ ਪਰਿਵਾਰਾਂ ਦੇ ਫੋਨ ਆ ਰਹੇ ਹਨ ਅਸੀਂ ਕੀ ਕਰੀਏ। ਬਿੱਟੂ ਨੇ ਕਿਹਾ ਕਿ ਜੇ ਪੱਗੜੀ ਇਥੋਂ ਚਲੀ ਗਈ ਤਾਂ ਇਹ ਗੁਲਦਸਤਾ ਅਧੂਰਾ ਰਹਿ ਜਾਵੇਗਾ।

 

 

ਹੁਣ ਫਿਕਰ ਹੈ ਕਿ ਸਿੱਖਾਂ ਨੂੰ ਇਥੇ ਰੋਕਿਆ ਜਾਵੇ। ਉਹਨਾਂ ਨੂੰ ਲੜਨ ਦੀ ਹਿੰਮਤ ਦਿੱਤੀ ਜਾਵੇ। ਇਹ ਭੱਜਣ ਵਾਲੀ ਕੌਮ ਨਹੀਂ ਹੈ ਪਰ ਇਹਨਾਂ ਦਾ ਸਾਥ ਦੇਣਾ ਪਵੇਗਾ। ਉਹਨਾਂ ਕਿਹਾ ਕਿ ਮੈਨੂੰ ਇਥੋਂ ਜੋ ਗੱਲਾਂ ਪਤਾ ਲੱਗੀਆਂ ਹਨ ਉਹ ਮੈਂ ਪੰਜਾਬ ਅਤੇ ਦਿੱਲੀ ਸਰਕਾਰ ਨੂੰ ਜ਼ਰੂਰ ਦੱਸਾਂਗਾ।