ਸੱਚ ਦੇ ਰਾਹ 'ਤੇ ਜੇ ਜਾਨ ਵੀ ਜਾਂਦੀ ਤਾਂ ਕੋਈ ਗਮ ਨਹੀਂ ਸੀ, ਸੱਚ ਦੀ ਜਿੱਤ ਹੋਈ ਹੈ: ਨਵਜੋਤ ਸਿੱਧੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਿਸਾਨਾਂ ਦੀ ਜਿੱਤ ਹੋਈ ਹੈ ਤੇ ਪੱਤਰਕਾਰ ਵੀਰ ਦੇ ਪਰਿਵਾਰ ਦੀ ਜਿੱਤ ਹੋਈ ਹੈ ਕਿਉਂਕਿ ਉਹਨਾਂ ਨੂੰ ਮੁਆਵਜ਼ਾ ਨਹੀਂ ਚਾਹੀਦਾ ਸੀ ਉਹਨਾਂ ਨੂੰ ਨਿਆਂ ਚਾਹੀਦਾ ਸੀ

Navjot Sidhu

 

ਉੱਤਰ ਪ੍ਰਦੇਸ਼ - ਨਵਜੋਤ ਸਿੰਘ ਸਿੱਧੂ ਨੇ ਭੁੱਖ ਹੜਤਾਲ ਖ਼ਤਮ ਕਰ ਦਿੱਤੀ ਹੈ, ਕਿਉਂਕਿ ਅੱਜ ਥੋੜ੍ਹੀ ਦੇਰ ਪਹਿਲਾਂ ਕੇਂਦਰੀ ਮੰਤਰੀ ਅਜੇ ਮਿਸ਼ਰਾ ਦਾ ਬੇਟਾ ਅਸ਼ੀਸ਼ ਮਿਸ਼ਰਾ ਕ੍ਰਾਈਮ ਬ੍ਰਾਂਚ ਅੱਗੇ ਪੇਸ਼ ਹੋ ਗਿਆ ਹੈ ਤੇ ਉਸ ਤੋਂ ਲੰਮੇ ਸਮੇਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।  ਨਵਜੋਤ ਸਿੱਧੂ ਨੇ ਅਪਣੇ ਟਵਿੱਟਰ ਪੇਜ਼ ਤੋਂ ਵੀ ਭੁੱਖ ਹੜਤਾਲ ਖ਼ਤਮ ਕਰਨ ਦੀ ਪੁਸ਼ਟੀ ਕੀਤੀ ਹੈ। ਉਹਨਾਂ ਨਾਲ ਹੀ ਲਿਖਿਆ ਕਿ ਰੱਬ ਨੇ ਮੈਨੂੰ ਇੱਕ ਨਿਆਂਪੂਰਨ ਉਦੇਸ਼ ਲਈ ਲੜਨ ਦੀ ਤਾਕਤ ਦਿੱਤੀ ਹੈ ਅਤੇ ਸੱਚ ਦਾ ਮਾਰਗ ਹਮੇਸ਼ਾਂ ਜੇਤੂ ਰਹੇਗਾ।

ਇਸ ਦੇ ਨਾਲ ਹੀ ਭੁੱਖ ਹੜਤਾਲ ਖ਼ਤਮ ਕਰਨ ਤੋਂ ਬਾਅਦ ਉਹਨਾਂ ਨੇ ਪੱਤਰਕਾਰਾਂ ਨਾਲ ਵੀ ਗੱਲਬਾਤ ਕੀਤੀ ਤੇ ਕਿਹਾ ਕਿ ਹਮੇਸ਼ਾ ਸੱਚ ਦੀ ਹੀ ਜਿੱਤ ਹੁੰਦੀ ਹੁੰਦੀ ਹੈ ਤੇ ਨਿਆਂ ਤੋਂ ਵੱਡਾ ਰਾਸ਼ਟਰ ਚਲਾਉਣ ਵਾਲਾ ਕੋਈ ਨਹੀਂ ਹੈ ਜੇ ਨਿਆਂ ਹੈ ਤਾਂ ਸੁਸਾਸ਼ਨ ਹੈ ਤੇ ਜੇ ਨਹੀਂ ਹੈ ਤਾਂ ਕੁਸ਼ਾਸ਼ਨ ਹੈ। ਕੋਈ ਵੀ ਵਿਅਕਤੀ ਰਾਜਾ ਵੀ ਹੋਵੇ ਉਹ ਨਿਆਂ ਤੋਂ ਵੱਡਾ ਨਹੀਂ ਹੋ ਸਕਦਾ। ਇਹੀ ਸੱਚ ਹੈ ਤੇ ਅੱਜ ਸੱਚ ਦੀ ਜਿੱਤ ਵੀ ਹੋਈ ਹੈ।

ਕਿਸਾਨਾਂ ਦੀ ਜਿੱਤ ਹੋਈ ਹੈ ਤੇ ਪੱਤਰਕਾਰ ਵੀਰ ਦੇ ਪਰਿਵਾਰ ਦੀ ਜਿੱਤ ਹੋਈ ਹੈ ਕਿਉਂਕਿ ਉਹਨਾਂ ਨੂੰ ਮੁਆਵਜ਼ਾ ਨਹੀਂ ਚਾਹੀਦਾ ਸੀ ਉਹਨਾਂ ਨੂੰ ਨਿਆਂ ਚਾਹੀਦਾ ਸੀ ਤੇ ਲਵਪ੍ਰੀਤ ਦੀ ਭੈਣ ਨੇ ਵੀ ਇਹੀ ਕਿਹਾ ਕਿ ਸਾਨੂੰ ਇਨਸਾਫ਼ ਚਾਹੀਦਾ ਹੈ ਮੁਆਵਜ਼ਾ ਨਹੀਂ। ਇਸ ਲਈ ਸਾਨੂੰ ਵੀ ਇਹੀ ਸੱਚ ਦਾ ਰਾਹ ਚੁਣਨਾ ਚਾਹੀਦਾ ਹੈ। ਹਰ ਰਾਜਨੀਤਿਕ ਵਿਅਕਤੀ ਲਈ ਇਹ ਜ਼ਰੂਰੀ ਹੈ ਕਿ ਉਸ ਦਾ ਕੋਈ ਕਿਰਦਾਰ ਹੋਵੇ ਕਿਉਂਕਿ ਕਿਰਦਾਰਾਂ 'ਤੇ ਹੀ ਵਿਸ਼ਵਾਸ ਹੁੰਦਾ ਹੈ। ਨਵਜੋਤ ਸਿੱਧੂ ਨੇ ਕਿਹਾ ਕਿ ਜੇ ਇਸ ਸੱਚ ਦੇ ਰਾਹ 'ਤੇ ਚੱਲ ਕੇ ਮੇਰੀ ਜਾਨ ਵੀ ਜਾਂਦੀ ਤਾਂ ਕੋਈ ਗਮ ਨਹੀਂ ਸੀ ਕਿਉਂਕਿ ਉਹ ਫਰਜ਼ ਸੀ।

ਇਸ ਦੇ ਨਾਲ ਹੀ ਦੱਸ ਦਈਏ ਕਿ ਨਵਜੋਤ ਸਿੱਧੂ ਲਗਾਤਾਰ ਲਖੀਮਪੁਰ ਘਟਨਾ ਦੇ ਦੋਸ਼ੀਆਂ ਖਿਲਾਫ਼ ਕਾਰਵਾਈ ਦੀ ਮੰਗ ਕਰ ਰਹੇ ਸਨ ਤੇ ਉਹਨਾਂ ਨੇ ਕੱਲ੍ਹ ਸ਼ਾਮ ਅਪਣੀ ਭੁੱਖ ਹੜਤਾਲ ਦਾ ਐਲਾਨ ਕੀਤਾ ਸੀ। ਨਵਜੋਤ ਸਿੰਘ ਸਿੱਧੂ ਨੇ ਕਿਹਾ ਸੀ ਕਿ ਉਹ ਉਦੋਂ ਤੱਕ ਭੁੱਖ ਹੜਤਾਲ ਤੇ ਬੈਠਣਗੇ ਜਦੋਂ ਤੱਕ ਪੁਲਿਸ ਮੰਤਰੀ ਦੇ ਬੇਟੇ ਨੂੰ ਨਹੀਂ ਫੜਦੀ। ਜ਼ਿਕਰਯੋਗ ਹੈ ਕਿ ਪੁਲਿਸ ਨੇ ਅਸ਼ੀਸ਼ ਮਿਸ਼ਰਾ ਨੂੰ ਅੱਜ ਸਵੇਰੇ 11 ਵਜੇ ਪੇਸ਼ ਹੋਣ ਲਈ ਕਿਹਾ ਸੀ ਪਰ ਉਹ ਦਿੱਤੇ ਸਮੇਂ ਤੋਂ 25 ਮਿੰਟ ਪਹਿਲਾਂ ਹੀ ਕ੍ਰਾਈਮ ਬ੍ਰਾਂਚ ਦੇ ਦਫ਼ਤਰ ਪਹੁੰਚ ਗਿਆ ਤੇ ਉਸ ਨੇ ਸਰੈਂਡਰ ਕਰ ਦਿੱਤਾ। ਕ੍ਰਾਈਮ ਬ੍ਰਾਂਚ ਅਸ਼ੀਸ਼ ਮਿਸ਼ਰਾ ਤੋਂ ਪੁੱਛਗਿੱਛ ਕਰ ਰਹੀ ਹੈ ਇਹ ਪੁੱਛਗਿੱਛ ਲੰਮੇ ਸਮੇਂ ਤੱਕ ਚੱਲ ਸਕਦੀ ਹੈ।