ਲਖੀਮਪੁਰ ਘਟਨਾ ਦਾ ਮੁੱਖ ਦੋਸ਼ੀ ਆਸ਼ੀਸ਼ ਮਿਸ਼ਰਾ ਅੱਜ ਹੋਣ ਸਕਦਾ ਹੈ ਪੁਲਿਸ ਅੱਗੇ ਪੇਸ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੱਲ੍ਹ ਹੀ ਪੁਲਿਸ ਨੇ ਘਰ 'ਤੇ ਲਗਾਇਆ ਸੀ ਦੂਜਾ ਨੋਟਿਸ, ਲਗਾਤਾਰ ਆਸ਼ੀਸ਼ ਮਿਸ਼ਰਾ ਨੂੰ ਗ੍ਰਿਫਤਾਰ ਕਰਨ ਦੀ ਕੀਤੀ ਜਾ ਰਹੀ ਮੰਗ

Union minister's son Ashish Mishra expected to appear before cops today

 

ਲਖੀਮਪੁਰ ਖੇੜੀ : ਕੇਂਦਰੀ ਮੰਤਰੀ ਅਜੇ ਮਿਸ਼ਰਾ ਦਾ ਪੁੱਤਰ ਆਸ਼ੀਸ਼ ਮਿਸ਼ਰਾ ਸ਼ੁਕਰਵਾਰ ਨੂੰ ਲਖੀਮਪੁਰ ਖੇੜੀ ਦੇ ਪੁਲਿਸ ਸਟੇਸ਼ਨ ਵਿਚ ਪੁਲਿਸ ਸਾਹਮਣੇ ਪੇਸ਼ ਨਹੀਂ ਹੋਇਆ, ਇਸ ਲਈ ਉਸ ਦੇ ਘਰ ਦੇ ਬਾਹਰ ਦੂਜਾ ਨੋਟਿਸ ਲਗਾਇਆ ਗਿਆ ਹੈ। ਜਿਸ ਵਿਚ ਉਸ ਨੂੰ ਅੱਜ ਸਨਿਚਰਵਾਰ ਨੂੰ ਥਾਣੇ ਵਿਚ ਪੇਸ਼ ਹੋਣ ਲਈ ਕਿਹਾ ਗਿਆ ਹੈ। ਅਪੁਸ਼ਟ ਸੂਤਰਾਂ ਤੋਂ ਅਜਿਹੀਆਂ ਖ਼ਬਰਾਂ ਮਿਲ ਰਹੀਆਂ ਹਨ ਕਿ ਕੇਂਦਰੀ ਗ੍ਰਹਿ ਰਾਜ ਮੰਤਰੀ ਦਾ ਦੋਸ਼ੀ ਪੁੱਤਰ ਆਸ਼ੀਸ਼ ਨੇਪਾਲ ਭੱਜ ਗਿਆ ਹੈ। ਇਸ ’ਤੇ ਸਮਾਜਵਾਦੀ ਪਾਰਟੀ ਨੇ ਕੇਂਦਰ ਸਰਕਾਰ ਨੂੰ ਦਖ਼ਲ ਦੇਣ ਦੀ ਮੰਗ ਕੀਤੀ ਹੈ।  

ਪੁਲਿਸ ਸੂਤਰਾਂ ਨੇ ਦਸਿਆ ਕਿ ਸ਼ੁਕਰਵਾਰ ਦੁਪਹਿਰ ਬਾਅਦ ਉਸ ਦੇ ਘਰ ਦੇ ਬਾਹਰ ਚਿਪਕਾਏ ਨੋਟਿਸ ਵਿਚ ਕਿਹਾ ਗਿਆ ਹੈ,‘‘ਸਨਿਚਰਵਾਰ ਨੂੰ ਸਵੇਰੇ 11 ਵਜੇ ਅਪਰਾਧ ਬਰਾਂਚ ਦਫ਼ਤਰ ਪੁਲਿਸ ਲਾਈ ਲਖੀਮਪੁਰ ਖੇੜੀ ਵਿਚ ਨਿਜੀ ਤੌਰ ’ਤੇ ਹਾਜ਼ਰ ਹੋ ਕੇ ਅਪਣਾ ਪੱਖ ਪੇਸ਼ ਕਰੇ। ਜੇਕਰ ਤੁਹਾਡੇ ਵਲੋਂ ਅਜਿਹਾ ਨਹੀਂ ਕੀਤਾ ਜਾਂਦਾ ਤਾਂ ਨਿਯਮ ਅਨੁਸਾਰ ਢੁਕਵੀਂ ਕਾਰਵਾਈ ਕੀਤੀ ਜਾਵੇਗੀ।’’ ਇਸ ਤੋਂ ਪਹਿਲਾਂ ਪੁਲਿਸ ਨੇ ਵੀਰਵਾਰ ਦੀ ਸ਼ਾਮ ਉਨ੍ਹਾਂ ਦੇ ਘਰ ਦੇ ਬਾਹਰ ਨੋਟਿਸ ਚਿਪਕਾ ਕੇ ਆਸ਼ੀਸ਼ ਨੂੰ ਸ਼ੁਕਰਵਾਰ ਨੂੰ ਸਵੇਰੇ 10 ਵਜੇ ਪੇਸ਼ ਹੋਣ ਲਈ ਕਿਹਾ ਸੀ ਪਰ ਸ਼ੁਕਰਵਾਰ ਨੂੰ ਉਹ ਪੁਲਿਸ ਲਾਈਨ ਨਹੀਂ ਪਹੁੰਚਿਆ।

ਅਜਿਹੀਆਂ ਖ਼ਬਰਾਂ ਮਿਲ ਰਹੀਆਂ ਹਨ ਕਿ ਆਸ਼ੀਸ਼ ਨੇਪਾਲ ਭੱਜ ਗਿਆ ਹੈ। ਵੀਰਵਾਰ ਨੂੰ ਪੁਲਿਸ ਨੇ ਦੋ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ। ਸੰਯੁਕਤ ਕਿਸਾਨ ਮੋਰਚੇ ਨੇ ਕਿਹਾ ਕਿ ਆਸ਼ੀਸ਼ ਮਿਸ਼ਰਾ ਨੂੰ ਜਾਰੀ ਸੰਮਨ ਤੋਂ ਬਾਅਦ ਉਸ ਦਾ ਕੋਈ ਸੁਰਾਗ਼ ਨਹੀਂ ਲੱਗ ਰਿਹਾ, ਜੋ ਚਿੰਤਾ ਦਾ ਵਿਸ਼ਾ ਹੈ। ਪੁਲਿਸ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਵਿਚ ਢਿੱਲ ਵਰਤ ਰਹੀ ਹੈ। ਪੁਲਿਸ ਵਲੋਂ ਗ੍ਰਿਫ਼ਤਾਰ ਕੀਤੇ ਗਏ ਦੋ ਲੋਕਾਂ ਵਿਚ ਬਨਬੀਰਪੁਰ ਪਿੰਡ ਦੇ ਲਵਕੁਸ਼ ਅਤੇ ਨਿਘਾਸਨ ਤਹਿਸੀਲ ਦੇ ਆਸ਼ੀਸ਼ ਪਾਂਡੇ ਸ਼ਾਮਲ ਹਨ। ਯਾਦ ਰਹੇ ਕਿ ਪਿਛਲੇ ਐਤਵਾਰ ਲਖੀਮਪੁਰ ਖੇਡੀ ਜ਼ਿਲ੍ਹੇ ਦੇ ਤਿਕੋਨੀਆ ਖੇਤਰ ਵਿਚ ਹੋਈ ਹਿੰਸਾ ਵਿਚ ਚਾਰ ਕਿਸਾਨਾਂ ਸਮੇਤ ਅੱਠ ਲੋਕਾਂ ਦੀ ਮੌਤ ਹੋ ਗਈ ਸੀ।  

ਮੇਰਾ ਪੁੱਤਰ ਬੇਕਸੂਰ, ਅੱਜ ਹੋਵੇਗਾ ਪੁਲਿਸ ਅੱਗੇ ਪੇਸ਼ : ਅਜੇ ਮਿਸ਼ਰਾ
ਲਖਨਊ  : ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਨੇ ਅਪਣੇ ਪੁੱਤਰ ਦੇ ਬੇਕਸੂਰ ਦਸਦੇ ਹੋਏ ਸ਼ੁਕਰਵਾਰ ਨੂੰ ਕਿਹਾ ਕਿ ਉਸ ਦੇ ਪੁੱਤਰ ਦੀ ਸਿਹਤ ਠੀਕ ਨਹੀਂ ਹੈ ਅਤੇ ਉਹ ਸਨਿਚਰਵਾਰ ਨੂੰ ਪੁਲਿਸ ਅੱਗੇ ਪੇਸ਼ ਹੋਵੇਗਾ। ਮਿਸ਼ਰਾ ਲੇ ਇਥੇ ਚੌਧਰੀ ਚਰਣ ਸਿੰਘ ਹਵਾਈ ਅੱਡੇ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ,‘‘ਸਾਨੂੰ ਕਾਨੂੰਨ ’ਤੇ ਭਰੋਸਾ ਹੈ। ਮੇਰਾ ਪੁੱਤਰ ਬੇਕਸੂਰ ਹੈ।

ਉਸ ਨੂੰ ਵੀਰਵਾਰ ਨੂੰ ਨੋਟਿਸ ਮਿਲਿਆ ਪਰ ਉਸ ਨੇ ਕਿਹਾ ਕਿ ਉਸ ਦੀ ਤਬੀਅਤ ਠੀਕ ਨਹੀਂ ਹੈ।’’ ਉਨ੍ਹਾਂ ਕਿਹਾ,‘‘ਉਹ ਕੱਲ੍ਹ ਪੁਲਿਸ ਅੱਗੇ ਪੇਸ਼ ਹੋਵੇਗਾ ਅਤੇ ਅਪਣੇ ਨਿਰਦੋਸ਼ ਹੋਣ ਬਾਰੇ ਬਿਆਨ ਅਤੇ ਸਬੂਤ ਦੇਵੇਗਾ।’’ ਇਹ ਪੁੱਛੇ ਜਾਣ ’ਤੇ ਕਿ ਵਿਰੋਧੀ ਧਿਰ ਉਸ ਦੇ ਅਸਤੀਫ਼ੇ ਦੀ ਮੰਗ ਕਰ ਰਿਹਾ ਹੈ, ਉਨ੍ਹਾਂ ਨੇ ਕਿਹਾ,‘‘ਵਿਰੋਧੀ ਧਿਰ ਤਾਂ ਕੁੱਝ ਵੀ ਮੰਗ ਲੈਂਦਾ ਹੈ।’’ ਮੰਤਰੀ ਨੇ ਕਿਹਾ ਕਿ ਇਹ ਭਾਜਪਾ ਸਰਕਾਰ ਹੈ ਜੋ ਨਿਰਪੱਖ ਤਰੀਕੇ ਨਾਲ ਕੰਮ ਕਰਦੀ ਹੈ। ਦੋਸ਼ੀਆਂ ਵਿਰੁਧ ਕਾਰਵਾਈ ਕੀਤੀ ਜਾਵੇਗੀ।