ਰਾਸ਼ਟਰਪਤੀ ਦੇ ਪ੍ਰੋਗਰਾਮ 'ਚ ਰਾਜਪਾਲ ਦੇ ਬੈਠਣ 'ਤੇ ਵਿਵਾਦ, ਹਰਿਆਣਾ ਸਰਕਾਰ ਵਲੋਂ ਕੇਂਦਰ ਨੂੰ ਸ਼ਿਕਾਇਤ
ਚੰਡੀਗੜ੍ਹ ਏਅਰ ਸ਼ੋਅ 'ਚ ਰਾਸ਼ਟਰਪਤੀ ਤੋਂ 2 ਸੀਟਾਂ ਦੂਰ ਮਿਲੀ ਹਰਿਆਣਾ ਰਾਜਪਾਲ ਨੂੰ ਕੁਰਸੀ
ਚੰਡੀਗੜ੍ਹ : ਸੁਖਨਾ ਝੀਲ 'ਤੇ ਸ਼ਨੀਵਾਰ ਨੂੰ ਏਅਰ ਫੋਰਸ ਏਅਰ ਸ਼ੋਅ ਕਰਵਾਇਆ ਗਿਆ ਜਿਸ 'ਚ ਹਰਿਆਣਾ ਦੇ ਰਾਜਪਾਲ ਬੰਡਾਰੂ ਦੱਤਾਤ੍ਰੇਅ ਦੀ ਸੀਟ ਨੂੰ ਲੈ ਕੇ ਵਿਵਾਦ ਸ਼ੁਰੂ ਹੋ ਗਿਆ ਹੈ। ਇਸ 'ਤੇ ਹਰਿਆਣਾ ਸਰਕਾਰ ਨੇ ਇਤਰਾਜ਼ ਜਤਾਇਆ ਹੈ। ਉਨ੍ਹਾਂ ਇਸ ਸਬੰਧੀ ਕੇਂਦਰ ਸਰਕਾਰ ਨੂੰ ਵੀ ਸ਼ਿਕਾਇਤ ਕੀਤੀ ਹੈ। ਏਅਰ ਸ਼ੋਅ ਦੌਰਾਨ ਹਰਿਆਣਾ ਦੇ ਰਾਜਪਾਲ ਰਾਸ਼ਟਰਪਤੀ ਤੋਂ ਦੋ ਸੀਟਾਂ ਛੱਡ ਕੇ ਬੈਠੇ ਸਨ ਜਦਕਿ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਰਾਸ਼ਟਰਪਤੀ ਦੇ ਕੋਲ ਬੈਠੇ ਸਨ।
ਰਾਸ਼ਟਰਪਤੀ ਦੇ ਕਿਸੇ ਵੀ ਪ੍ਰੋਗਰਾਮ ਦੇ ਪ੍ਰੋਟੋਕੋਲ ਦੇ ਅਨੁਸਾਰ, ਜੇਕਰ ਕੋਈ ਉਪ ਰਾਸ਼ਟਰਪਤੀ ਜਾਂ ਪ੍ਰਧਾਨ ਮੰਤਰੀ ਨਹੀਂ ਹੈ, ਤਾਂ ਰਾਜਪਾਲ ਨੂੰ ਉਨ੍ਹਾਂ ਦੇ ਕੋਲ ਬੈਠਣਾ ਚਾਹੀਦਾ ਹੈ। ਚੰਡੀਗੜ੍ਹ ਪੰਜਾਬ ਅਤੇ ਹਰਿਆਣਾ ਦੀ ਸਾਂਝੀ ਰਾਜਧਾਨੀ ਹੈ। ਅਜਿਹੇ 'ਚ ਰਾਸ਼ਟਰਪਤੀ ਦੇ ਕੋਲ ਬੈਠਣਾ ਉਨ੍ਹਾਂ ਦਾ ਪ੍ਰੋਟੋਕੋਲ ਸੀ। ਹਾਲਾਂਕਿ ਬੀਤੇ ਦਿਨੀਂ ਚੰਡੀਗੜ੍ਹ 'ਚ ਹੋਏ ਏਅਰ ਸ਼ੋਅ ਦੌਰਾਨ ਅਜਿਹਾ ਨਹੀਂ ਹੋਇਆ ਅਤੇ ਹਰਿਆਣਾ ਦੇ ਰਾਜਪਾਲ ਨੂੰ ਰਾਸ਼ਟਰਪਤੀ ਦੇ ਨਾਲ ਵਾਲੀ ਸੀਟ ਦੀ ਬਜਾਏ ਏਅਰ ਚੀਫ ਮਾਰਸ਼ਲ ਅਤੇ ਉਨ੍ਹਾਂ ਦੀ ਪਤਨੀ ਦੇ ਕੋਲ ਬੈਠਣ ਲਈ ਜਗ੍ਹਾ ਦਿੱਤੀ ਗਿਆ।
ਪ੍ਰਬੰਧਕਾਂ ਦਾ ਦਾਅਵਾ ਹੈ ਕਿ ਇਹ ਗਲਤੀ ਰਾਜ ਭਵਨ ਪੱਧਰ 'ਤੇ ਹੋਈ ਹੈ। ਪ੍ਰੋਗਰਾਮ ਵਿਚ ਬੈਠਣ ਦਾ ਪਲਾਨ ਪਹਿਲਾਂ ਹੀ ਚੰਡੀਗੜ੍ਹ ਤੋਂ ਰਾਜ ਭਵਨ ਭੇਜਿਆ ਗਿਆ ਸੀ ਪਰ ਉਥੋਂ ਕੋਈ ਵੀ ਅਧਿਕਾਰੀ ਨਿਰੀਖਣ ਲਈ ਨਹੀਂ ਪਹੁੰਚਿਆ। ਬੈਠਣ ਦੀ ਯੋਜਨਾ 'ਤੇ ਕੋਈ ਇਤਰਾਜ਼ ਨਾ ਹੋਣ 'ਤੇ ਹਰਿਆਣਾ ਦੇ ਰਾਜਪਾਲ ਨੂੰ ਪ੍ਰਦਰਸ਼ਨ ਦੌਰਾਨ ਪਹਿਲਾਂ ਤੋਂ ਤੈਅ ਜਗ੍ਹਾ 'ਤੇ ਬੈਠਣਾ ਪਿਆ। ਚੰਡੀਗੜ੍ਹ ਦੇ ਪ੍ਰਸ਼ਾਸਕ ਦੇ ਸਲਾਹਕਾਰ ਆਈਏਐਸ ਧਰਮਪਾਲ ਨੇ ਕਿਹਾ ਕਿ ਇਹ ਪ੍ਰੋਗਰਾਮ ਚੰਡੀਗੜ੍ਹ ਪ੍ਰਸ਼ਾਸਨ ਦਾ ਨਹੀਂ ਸੀ।
ਪ੍ਰਸ਼ਾਸਨ ਨੇ ਪ੍ਰਬੰਧਾਂ ਵਿੱਚ ਸਹਿਯੋਗ ਦਿੱਤਾ ਪਰ ਪ੍ਰੋਗਰਾਮ ਰੱਖਣ ਵਾਲਿਆਂ ਦੀ ਤਰਫੋਂ ਬੈਠਣ ਦਾ ਪਲਾਨ ਤਿਆਰ ਕੀਤਾ ਗਿਆ ਹੈ। ਇਸ ਅਨੁਸਾਰ ਸ਼ੋਅ ਵਿੱਚ ਆਏ ਮਹਿਮਾਨਾਂ ਨੂੰ ਬਿਠਾਇਆ ਗਿਆ। ਦੱਸਣਯੋਗ ਹੈ ਕਿ ਦੇਸ਼ ਦੇ ਰਾਸ਼ਟਰਪਤੀ ਦੇ ਕਿਸੇ ਵੀ ਪ੍ਰੋਗਰਾਮ ਵਿੱਚ ਸਿਰਫ਼ ਵਿਸ਼ੇਸ਼ ਵਿਅਕਤੀ ਅਤੇ ਅਧਿਕਾਰੀ ਹੀ ਹਿੱਸਾ ਲੈ ਸਕਦੇ ਹਨ। ਇਸ ਵਿੱਚ ਸਿਰਫ਼ ਰਾਜ ਦੇ ਰਾਜਪਾਲ, ਮੁੱਖ ਮੰਤਰੀ, ਮੁੱਖ ਸਕੱਤਰ, ਡਾਇਰੈਕਟਰ ਜਨਰਲ ਅਤੇ ਪੁਲਿਸ ਇੰਸਪੈਕਟਰ ਜਨਰਲ, ਸਰਕਾਰ ਦੇ ਸਕੱਤਰ (ਰਾਜਨੀਤਿਕ), ਪੁਲਿਸ ਕਮਿਸ਼ਨਰ, ਜ਼ਿਲ੍ਹਾ ਮੈਜਿਸਟ੍ਰੇਟ, ਰੱਖਿਆ ਸੇਵਾਵਾਂ ਦੇ ਸੀਨੀਅਰ ਅਧਿਕਾਰੀ ਹੀ ਰਾਸ਼ਟਰਪਤੀ ਦੇ ਪ੍ਰੋਗਰਾਮ ਵਿੱਚ ਸ਼ਾਮਲ ਹੋ ਸਕਦੇ ਹਨ।