ਦਿੱਲੀ ਦੇ ਉਪ ਰਾਜਪਾਲ ਸਕਸੈਨਾ ਨੇ 300 ਤੋਂ ਵੱਧ ਕੰਪਨੀਆਂ ਨੂੰ 24 ਘੰਟੇ ਕੰਮ ਕਰਨ ਦੀ ਇਜਾਜ਼ਤ ਦਿੱਤੀ 

ਏਜੰਸੀ

ਖ਼ਬਰਾਂ, ਰਾਸ਼ਟਰੀ

ਉਪ ਰਾਜਪਾਲ ਦੇ ਦਫ਼ਤਰ ਦੇ ਅਧਿਕਾਰੀਆਂ ਨੇ ਐਤਵਾਰ ਨੂੰ ਦੱਸਿਆ ਕਿ ਸਕਸੈਨਾ ਨੇ 314 ਅਰਜ਼ੀਆਂ ਨੂੰ ਮਨਜ਼ੂਰੀ ਦਿੱਤੀ ਹੈ

Vinai Kumar Saxena

 

ਨਵੀਂ ਦਿੱਲੀ - ਦਿੱਲੀ ਦੀ ‘ਨਾਈਟ ਲਾਈਫ’ ਨੂੰ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਉਪ ਰਾਜਪਾਲ ਵੀ.ਕੇ. ਸਕਸੈਨਾ ਨੇ ਔਨਲਾਈਨ ਖਰੀਦਦਾਰੀ ਅਤੇ ਡਿਲੀਵਰੀ ਦੀਆਂ ਦੁਕਾਨਾਂ, ਹੋਟਲਾਂ, ਰੈਸਟੋਰੈਂਟਾਂ ਅਤੇ ਆਵਾਜਾਈ ਦੀਆਂ ਸਹੂਲਤਾਂ ਸਮੇਤ 300 ਤੋਂ ਵੱਧ ਅਦਾਰਿਆਂ ਨੂੰ 24 ਘੰਟੇ ਕੰਮ ਕਰਨ ਦੀ ਇਜਾਜ਼ਤ ਦਿੱਤੀ ਹੈ। ਉਪ ਰਾਜਪਾਲ ਦੇ ਦਫ਼ਤਰ ਦੇ ਅਧਿਕਾਰੀਆਂ ਨੇ ਐਤਵਾਰ ਨੂੰ ਦੱਸਿਆ ਕਿ ਸਕਸੈਨਾ ਨੇ 314 ਅਰਜ਼ੀਆਂ ਨੂੰ ਮਨਜ਼ੂਰੀ ਦਿੱਤੀ ਹੈ। ਇਨ੍ਹਾਂ ਵਿਚੋਂ ਕੁਝ ਅਰਜ਼ੀਆਂ 2016 ਤੋਂ ਪੈਂਡਿੰਗ ਸਨ।

ਅਧਿਕਾਰੀਆਂ ਨੇ ਦੱਸਿਆ ਕਿ ਉਪ ਰਾਜਪਾਲ ਨੇ ਇਸ ਸਬੰਧ ਵਿਚ ਸੱਤ ਦਿਨਾਂ ਦੇ ਅੰਦਰ ਨੋਟੀਫਿਕੇਸ਼ਨ ਜਾਰੀ ਕਰਨ ਦੇ ਨਿਰਦੇਸ਼ ਦਿੱਤੇ ਹਨ। ਪ੍ਰਸਤਾਵ ਨੂੰ ਮਨਜ਼ੂਰੀ ਦਿੰਦੇ ਹੋਏ, ਸਕਸੈਨਾ ਨੇ ਇਸ ਛੋਟ ਲਈ ਕੰਪਨੀ ਦੁਆਰਾ ਕੀਤੀਆਂ ਅਰਜ਼ੀਆਂ ਦੇ ਨਿਪਟਾਰੇ ਵਿਚ ਲੇਬਰ ਵਿਭਾਗ ਵੱਲੋਂ "ਬੇਹੱਦ ਦੇਰੀ ਅਤੇ ਫ਼ੈਸਲੇ ਦਾ ਗੰਭੀਰ ਨੋਟਿਸ" ਲਿਆ।

ਉਪ ਰਾਜਪਾਲ ਨੇ ਆਦੇਸ਼ ਦਿੱਤਾ ਕਿ ਦਿੱਲੀ ਵਿਚ ਨਿਵੇਸ਼ਕ ਅਤੇ ਕਾਰੋਬਾਰੀ ਅਨੁਕੂਲ ਮਾਹੌਲ ਨੂੰ ਉਤਸ਼ਾਹਿਤ ਕਰਨ ਲਈ ਅਜਿਹੀਆਂ ਅਰਜ਼ੀਆਂ ਦਾ ਨਿਸ਼ਚਿਤ ਸਮਾਂ ਸੀਮਾ ਦੇ ਅੰਦਰ ਨਿਪਟਾਰਾ ਕੀਤਾ ਜਾਵੇ। ਅਧਿਕਾਰੀਆਂ ਨੇ ਕਿਹਾ ਕਿ ਰਾਸ਼ਟਰੀ ਰਾਜਧਾਨੀ ਵਿਚ 300 ਤੋਂ ਵੱਧ ਅਦਾਰੇ ਅਗਲੇ ਹਫ਼ਤੇ ਤੋਂ 24 ਘੰਟੇ ਕੰਮ ਕਰਨਗੇ।