ਸੁਖਬੀਰ ਬਾਦਲ ਨੇ ਪਰਮਜੀਤ ਸਿੰਘ ਸਰਨਾ ਨੂੰ ਐਲਾਨਿਆ ਦਿੱਲੀ ਇਕਾਈ ਦਾ ਪ੍ਰਧਾਨ
ਸੁਖਬੀਰ ਬਾਦਲ ਨੇ ਸਰਨਾ ਨੂੰ ਪੰਥ ਨੂੰ ਇਕ ਪੰਥਕ ਝੰਡੇ ਹੇਠ ਇਕਜੁੱਟ ਕਰਨ ਵਾਸਤੇ ਮੁਹਿੰਮ ਵਿੱਢਣ ਲਈ ਕਿਹਾ
ਨਵੀਂ ਦਿੱਲੀ: ਪੰਥਕ ਮੇਲ ਦੌਰਾਨ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਰਮਜੀਤ ਸਿੰਘ ਸਰਨਾ ਨੂੰ ਪਾਰਟੀ ਦੀ ਦਿੱਲੀ ਇਕਾਈ ਦਾ ਪ੍ਰਧਾਨ ਨਿਯੁਕਤ ਕੀਤਾ ਹੈ ਅਤੇ ਉਨ੍ਹਾਂ ਨੂੰ ਪੰਥ ਨੂੰ ਇਕ ਪੰਥਕ ਝੰਡੇ ਹੇਠ ਇਕਜੁੱਟ ਕਰਨ ਵਾਸਤੇ ਮੁਹਿੰਮ ਵਿੱਢਣ ਲਈ ਕਿਹਾ। ਇਸ ਮੌਕੇ ਸੰਬੋਧਨ ਕਰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਉਹ ਹੋਰ ਰਾਜਾਂ ਵਿਚ ਪਾਰਟੀ ਦੀਆਂ ਇਕਾਈਆਂ ਸਥਾਪਤ ਕਰਨ। ਉਨ੍ਹਾਂ ਨੇ ਸਿੱਖ ਕੌਮ ਦੇ ਗੱਦਾਰਾਂ ਤੇ ਕਾਲੀਆਂ ਭੇਡਾਂ ਦੀ ਜ਼ੋਰਦਾਰ ਨਿਖੇਧੀ ਕੀਤੀ ਅਤੇ ਕਿਹਾ ਕਿ ਅੱਜ ਦੇ ਘਟਨਾਕ੍ਰਮ ਨਾਲ ਅਜਿਹੇ ਲੋਕਾਂ ਤੇ ਉਨ੍ਹਾਂ ਦੇ ਸਿਆਸੀ ਆਕਾਵਾਂ ਦਾ ਖ਼ਤਮ ਹੋਣਾ ਲਾਜ਼ਮੀ ਹੈ।
ਇਸ ਤੋਂ ਅੱਗੇ ਸੁਖਬੀਰ ਬਾਦਲ ਨੇ ਪੰਥ ਦੇ ਉਨ੍ਹਾਂ ਗੱਦਾਰਾਂ ਦੀ ਜ਼ੋਰਦਾਰ ਨਿਖੇਧੀ ਵੀ ਕੀਤੀ ਜੋ ਸਿੱਖੀ ਬਾਣਾ ਪਾ ਕੇ ਸਿੱਖ ਕੌਮ ਦੇ ਵਿਰੋਧੀਆਂ ਨਾਲ ਰਲ਼ ਕੇ ਸਿੱਖ ਵਿਰੋਧੀ ਸਾਜ਼ਿਸ਼ਾਂ ਨੂੰ ਅੰਜਾਮ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਅੱਜ ਦੀ ਪੰਥਕ ਇਕੱਤਰਤਾ ਨੇ ਸਿੱਖ ਕੌਮ ਨੂੰ ਦਰਪੇਸ਼ ਚੁਣੌਤੀਆਂ ਨੂੰ ਮਾਤ ਦੇਣ ਲਈ ਪੰਥਕ ਸੁਰਜੀਤੀ ਦਾ ਸੰਕੇਤ ਦੇ ਦਿੱਤਾ ਹੈ। ਉਨ੍ਹਾਂ ਪਰਮਜੀਤ ਸਿੰਘ ਸਰਨਾ ਅਤੇ ਹਰਵਿੰਦਰ ਸਿੰਘ ਸਰਨਾ ਤੇ ਉਨ੍ਹਾਂ ਦੀ ਸਮੁੱਚੀ ਟੀਮ ਤੇ ਸਮਰਥਕਾਂ ਵੱਲੋਂ ਇਸ ਕਾਰਜ ਵਾਸਤੇ ਡਟਵੀਂ ਹਮਾਇਤ ਲਈ ਧੰਨਵਾਦ ਕੀਤਾ।
ਸੁਖਬੀਰ ਬਾਦਲ ਨੇ ਕਿਹਾ ਕਿ ਮੁਸ਼ਕਿਲ ਸਮਿਆਂ ਨੇ ਹਮੇਸ਼ਾ ਖਾਲਸਾ ਪੰਥ ਨੂੰ ਇਕਜੁੱਟ ਤੇ ਮਜ਼ਬੂਤ ਕੀਤਾ ਹੈ। ਅੱਜ ਖਾਲਸਾ ਪੰਥਕ ਤੇ ਇਸ ਦੀਆਂ ਪੰਥਕ ਤੇ ਇਤਿਹਾਸਕ ਸੰਸਥਾਵਾਂ ਨੂੰ ਕਮਜ਼ੋਰ ਕਰਨ ਦੀਆਂ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਹਨ ਤੇ ਹਰਿਆਣਾ ਵਿਚ ਵੱਖਰੀ ਗੁਰਦੁਆਰਾ ਕਮੇਟੀ ਨੂੰ ਮਾਨਤਾ ਦੇ ਕੇ ਸ਼੍ਰੋਮਣੀ ਕਮੇਟੀ ਨੂੰ ਕਮਜ਼ੋਰ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। ਇਨ੍ਹਾਂ ਬਾਹਰੀ ਹਮਲਿਆਂ ਤੇ ਅੰਦਰੂਨੀ ਗੱਦਾਰਾਂ ਦੀਆਂ ਸਾਜ਼ਿਸ਼ਾਂ ਨੂੰ ਮਾਤ ਪਾਉਣ ਵਾਸਤੇ ਪੰਥਕ ਏਕਾ ਸਮੇਂ ਦੀ ਲੋੜ ਹੈ।
ਇਸ ਦੇ ਨਾਲ ਹੀ ਪਰਮਜੀਤ ਸਿੰਘ ਸਰਨਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਕਦੇ ਵੀ ਅਕਾਲੀ ਦਲ ਨਹੀਂ ਛੱਡਿਆ ਅਤੇ ਉਹ ਹੁਣ ਵੀ ਪਾਰਟੀ ਦੇ ਵਫਾਦਾਰ ਸਿਪਾਹੀ ਹਨ। ਉਨ੍ਹਾਂ ਹਮੇਸ਼ਾ ਪੰਥ ਦੇ ਭਲੇ ਲਈ ਕੰਮ ਕੀਤਾ ਅਤੇ ਉਨ੍ਹਾਂ ਨੂੰ ਸੌਂਪੀਆਂ ਗਈਆਂ ਨਵੀਂਆਂ ਜ਼ਿੰਮੇਵਾਰੀਆਂ ਨਿਭਾਉਂਦਿਆਂ ਅੱਗੇ ਵੀ ਅਜਿਹਾ ਕਰਦੇ ਰਹਿਣਗੇ। ਜਿਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ’ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਲੜੀਆਂ ਤੇ ਜਿੱਤੀਆਂ ਤੇ ਫਿਰ ਗੱਦਾਰੀ ਕੀਤੀ, ਉਹ ਹੁਣ ਵੀ ਪੰਥ ਤੇ ਗੁਰੂ ਸਾਹਿਬ ਤੋਂ ਭੁੱਲ ਬਖਸ਼ਾ ਲੈਣ ਤੇ ਆਪਣੀ ਮਾਂ ਪਾਰਟੀ ਵਿਚ ਵਾਪਸ ਆ ਜਾਣ।