ਲੱਦਾਖ਼ ਕੌਂਸਲ ਚੋਣਾਂ ’ਚ ਨੈਸ਼ਨਲ ਕਾਨਫ਼ਰੰਸ ਨੂੰ ਮਿਲਿਆ ਬਹੁਮਤ; ਧਾਰਾ 370 ਨੂੰ ਖ਼ਤਮ ਕਰਨ ਮਗਰੋਂ ਕਾਰਗਿਲ ’ਚ ਪਹਿਲੀ ਮਹੱਤਵਪੂਰਨ ਚੋਣ
ਪ੍ਰਸ਼ਾਸਨ 30 ਮੈਂਬਰੀ ਲੱਦਾਖ਼ ਖ਼ੁਦਮੁਖਤਿਆਰ ਪਹਾੜੀ ਵਿਕਾਸ ਕੌਂਸਲ (ਐਲ.ਏ.ਏ.ਐਚ. ਡੀ.ਸੀ.)-ਕਾਰਗਿਲ ਲਈ ਚਾਰ ਮੈਂਬਰਾਂ ਨੂੰ ਨਾਮਜ਼ਦ ਕਰਦਾ ਹੈ
ਕਾਰਗਿਲ (ਲੱਦਾਖ਼): ਲੱਦਾਖ ਖ਼ੁਦਮੁਖਤਿਆਰ ਪਹਾੜੀ ਵਿਕਾਸ ਕੌਂਸਲ-ਕਾਰਗਿਲ (ਲੱਦਾਖ਼) ਚੋਣਾਂ ’ਚ ਨੈਸ਼ਨਲ ਕਾਨਫ਼ਰੰਸ ਅਤੇ ਕਾਂਗਰਸ ਨੇ ਮਿਲ ਕੇ 17 ਸੀਟਾਂ ’ਤੇ ਜਿੱਤ ਹਾਸਲ ਕਰ ਲਈ ਹੈ ਜਦਕਿ ਵੋਟਾਂ ਦੀ ਗਿਣਤੀ ਅਜੇ ਜਾਰੀ ਹੈ। ਅਧਿਕਾਰੀਆਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿਤੀ। ਅਧਿਕਾਰੀਆਂ ਨੇ ਦਸਿਆ ਕਿ 4 ਅਕਤੂਬਰ ਨੂੰ 26 ਸੀਟਾਂ ’ਤੇ ਚੋਣਾਂ ਹੋਈਆਂ ਸਨ, ਜਿਨ੍ਹਾਂ ’ਚੋਂ ਹੁਣ ਤਕ 20 ਸੀਟਾਂ ਦੇ ਨਤੀਜੇ ਐਲਾਨੇ ਜਾ ਚੁੱਕੇ ਹਨ। ਪ੍ਰਸ਼ਾਸਨ 30 ਮੈਂਬਰੀ ਲੱਦਾਖ਼ ਖ਼ੁਦਮੁਖਤਿਆਰ ਪਹਾੜੀ ਵਿਕਾਸ ਕੌਂਸਲ (ਐਲ.ਏ.ਏ.ਐਚ. ਡੀ.ਸੀ.)-ਕਾਰਗਿਲ ਲਈ ਚਾਰ ਮੈਂਬਰਾਂ ਨੂੰ ਨਾਮਜ਼ਦ ਕਰਦਾ ਹੈ ਅਤੇ ਉਨ੍ਹਾਂ ਕੋਲ ਵੋਟਿੰਗ ਦਾ ਅਧਿਕਾਰ ਹੁੰਦਾ ਹੈ।
ਅਧਿਕਾਰੀਆਂ ਮੁਤਾਬਕ ਨੈਸ਼ਨਲ ਕਾਨਫ਼ਰੰਸ ਨੇ ਹੁਣ ਤਕ ਨੌਂ ਸੀਟਾਂ ਜਿੱਤੀਆਂ ਹਨ ਜਦਕਿ ਉਸ ਦੀ ਸਹਿਯੋਗੀ ਕਾਂਗਰਸ ਨੇ ਅੱਠ ਸੀਟਾਂ ਜਿੱਤੀਆਂ ਹਨ। ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਦੋ ਸੀਟਾਂ ਜਿੱਤੀਆਂ ਹਨ, ਜਦੋਂ ਕਿ ਇਕ ਸੀਟ ਆਜ਼ਾਦ ਉਮੀਦਵਾਰ ਦੇ ਖਾਤੇ ’ਚ ਗਈ ਹੈ। ਚੋਣਾਂ ’ਚ ਨੈਸ਼ਨਲ ਕਾਨਫ਼ਰੰਸ, ਕਾਂਗਰਸ ਅਤੇ ਭਾਜਪਾ ਵਿਚਾਲੇ ਤਿਕੋਣਾ ਮੁਕਾਬਲਾ ਸੀ। ਕੇਂਦਰ ਵਲੋਂ 5 ਅਗੱਸਤ, 2019 ਨੂੰ ਧਾਰਾ 370 ਨੂੰ ਖ਼ਤਮ ਕਰਨ ਅਤੇ ਲੱਦਾਖ਼ ਨੂੰ ਕੇਂਦਰ ਸ਼ਾਸਤ ਪ੍ਰਦੇਸ਼ ਬਣਾਉਣ ਤੋਂ ਬਾਅਦ ਕਾਰਗਿਲ ’ਚ ਇਹ ਪਹਿਲੀ ਮਹੱਤਵਪੂਰਨ ਚੋਣ ਹੈ। ਚੋਣਾਂ ’ਚ 77.61 ਫੀ ਸਦੀ ਵੋਟਿੰਗ ਦਰਜ ਕੀਤੀ ਗਈ। ਨੈਸ਼ਨਲ ਕਾਨਫ਼ਰੰਸ ਦੇ ਫ਼ਿਰੋਜ਼ ਅਹਿਮਦ ਖ਼ਾਨ ਦੀ ਅਗਵਾਈ ਵਾਲੀ ਮੌਜੂਦਾ ਕੌਂਸਲ ਨੇ 1 ਅਕਤੂਬਰ ਨੂੰ ਅਪਣਾ ਪੰਜ ਸਾਲ ਦਾ ਕਾਰਜਕਾਲ ਪੂਰਾ ਕੀਤਾ। ਨਵੀਂ ਕੌਂਸਲ ਦਾ ਗਠਨ 11 ਅਕਤੂਬਰ ਤੋਂ ਪਹਿਲਾਂ ਕਰ ਦਿਤਾ ਜਾਵੇਗਾ। ਨੈਸ਼ਨਲ ਕਾਨਫ਼ਰੰਸ ਅਤੇ ਕਾਂਗਰਸ ਨੇ ਚੋਣਾਂ ਤੋਂ ਪਹਿਲਾਂ ਗਠਜੋੜ ਦਾ ਐਲਾਨ ਕੀਤਾ ਸੀ ਅਤੇ ਲੜੀਵਾਰ 17 ਅਤੇ 22 ਸੀਟਾਂ ’ਤੇ ਉਮੀਦਵਾਰ ਖੜੇ ਕੀਤੇ ਸਨ।
ਦੋਹਾਂ ਪਾਰਟੀਆਂ ਨੇ ਕਿਹਾ ਕਿ ਇਹ ਵਿਵਸਥਾ ਉਨ੍ਹਾਂ ਖੇਤਰਾਂ ਤਕ ਸੀਮਤ ਹੈ, ਜਿੱਥੇ ਭਾਜਪਾ ਨਾਲ ਸਖ਼ਤ ਮੁਕਾਬਲਾ ਹੈ। ਪਿਛਲੀਆਂ ਚੋਣਾਂ ਵਿਚ ਇਕ ਸੀਟ ਜਿੱਤਣ ਵਾਲੀ ਭਾਜਪਾ ਨੇ ਇਸ ਵਾਰ 17 ਉਮੀਦਵਾਰ ਮੈਦਾਨ ਵਿਚ ਉਤਾਰੇ ਸਨ। ਆਮ ਆਦਮੀ ਪਾਰਟੀ ਨੇ ਵੀ ਚਾਰ ਸੀਟਾਂ ’ਤੇ ਅਪਣੀ ਕਿਸਮਤ ਅਜ਼ਮਾਈ, ਜਦਕਿ 25 ਆਜ਼ਾਦ ਉਮੀਦਵਾਰ ਵੀ ਮੈਦਾਨ ’ਚ ਸਨ। ਇਸ ਚੋਣ ’ਚ ਪਹਿਲੀ ਵਾਰ ਇਲੈਕਟਰਾਨਿਕ ਵੋਟਿੰਗ ਮਸ਼ੀਨ (ਈ.ਵੀ.ਐਮ.) ਦੀ ਵਰਤੋਂ ਕੀਤੀ ਗਈ।