DUSU election : ਚੋਣ ਨਤੀਜੇ ਐਲਾਨ ਕਰਵਾਉਣਾ ਚਾਹੁੰਦੇ ਹੋ ਤਾਂ ਪਹਿਲਾਂ ਗੰਗਦੀ ਨੂੰ ਸਾਫ਼ ਕਰੋ : ਦਿੱਲੀ ਹਾਈ ਕੋਰਟ

ਏਜੰਸੀ

ਖ਼ਬਰਾਂ, ਰਾਸ਼ਟਰੀ

ਚੋਣਾਂ 27 ਸਤੰਬਰ ਨੂੰ ਹੋਈਆਂ ਸਨ ਅਤੇ ਵੋਟਾਂ ਦੀ ਗਿਣਤੀ 28 ਸਤੰਬਰ ਨੂੰ ਹੋਣੀ ਸੀ

DUSU election

DUSU election : ਦਿੱਲੀ ਹਾਈ ਕੋਰਟ ਨੇ ਬੁਧਵਾਰ ਨੂੰ ਦਿੱਲੀ ਯੂਨੀਵਰਸਿਟੀ ਸਟੂਡੈਂਟਸ ਯੂਨੀਅਨ (ਡੀ.ਯੂ.ਐੱਸ.ਯੂ.) ਦੇ ਉਮੀਦਵਾਰਾਂ ਨੂੰ ਕਿਹਾ ਕਿ ਜੇਕਰ ਉਹ ਵੋਟਾਂ ਦੀ ਗਿਣਤੀ ਕਰਵਾਉਣਾ ਚਾਹੁੰਦੇ ਹਨ ਤਾਂ ਉਹ ਕੈਂਪਸ ’ਚ ਜਿੱਥੇ ਵੀ ਗੰਦਗੀ ਫੈਲਾਈ ਗਈ ਹੈ, ਉਸ ਨੂੰ ਸਾਫ ਕਰਨ।

ਹਾਈ ਕੋਰਟ ਨੇ 26 ਸਤੰਬਰ ਨੂੰ ਡੀ.ਯੂ.ਐਸ.ਯੂ. ਅਤੇ ਕਾਲਜ ਚੋਣਾਂ ਦੇ ਨਤੀਜਿਆਂ ਦੀ ਗਿਣਤੀ ਅਤੇ ਐਲਾਨ ’ਤੇ ਰੋਕ ਲਗਾ ਦਿਤੀ ਸੀ। ਅਦਾਲਤ ਨੇ ਕਿਹਾ ਕਿ ਇਸ ਦਾ ਮਕਸਦ ਚੋਣ ਪ੍ਰਕਿਰਿਆ ਵਿਚ ਵਿਘਨ ਪਾਉਣਾ ਨਹੀਂ ਹੈ, ਬਲਕਿ ਸਿਰਫ ਇਹ ਸੰਦੇਸ਼ ਦੇਣਾ ਹੈ ਕਿ ਅਜਿਹੀ ਉਲੰਘਣਾ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਚੀਫ ਜਸਟਿਸ ਮਨਮੋਹਨ ਅਤੇ ਜਸਟਿਸ ਤੁਸ਼ਾਰ ਰਾਓ ਗੇਡੇਲਾ ਦੀ ਬੈਂਚ ਨੇ ਕਿਹਾ, ‘‘ਤੁਸੀਂ ਗੰਦਗੀ ਨੂੰ ਸਾਫ਼ ਕਿਉਂ ਨਹੀਂ ਕਰਦੇ। ਜਿਸ ਦਿਨ ਉਸ ਜਗ੍ਹਾ ਤੋਂ ਗੰਦਗੀ ਸਾਫ਼ ਹੋ ਜਾਵੇਗੀ, ਅਸੀਂ ਅਗਲੇ ਹੀ ਦਿਨ ਵੋਟਾਂ ਦੀ ਗਿਣਤੀ ਦੀ ਇਜਾਜ਼ਤ ਦੇਵਾਂਗੇ।’’

ਅਦਾਲਤ ਦਿੱਲੀ ਯੂਨੀਵਰਸਿਟੀ ਦੇ ਦੋ ਵੱਖ-ਵੱਖ ਕਾਲਜਾਂ ’ਚ ਚੋਣ ਲੜ ਰਹੇ ਦੋ ਉਮੀਦਵਾਰਾਂ ਵਲੋਂ ਦਾਇਰ ਅਰਜ਼ੀ ’ਤੇ ਸੁਣਵਾਈ ਕਰ ਰਹੀ ਸੀ। ਉਮੀਦਵਾਰਾਂ ਨੇ ਕਿਹਾ ਕਿ ਉਹ ਇਹ ਯਕੀਨੀ ਬਣਾਉਣਗੇ ਕਿ ਵਿਦਿਆਰਥੀਆਂ ਵਲੋਂ ਕਾਲਜ ਦੇ ਸਾਰੇ ਅਹਾਤੇ ਦੀ ਸਫਾਈ ਕੀਤੀ ਜਾਵੇ ਅਤੇ ਯੂਨੀਵਰਸਿਟੀ ਦੇ ਤਾਲਮੇਲ ਨਾਲ ਦੁਬਾਰਾ ਰੰਗਿਆ ਜਾਵੇ।

ਇਹ ਅਰਜ਼ੀ ਇਕ ਲੰਬਿਤ ਪਟੀਸ਼ਨ ਦੇ ਸੰਦਰਭ ਵਿਚ ਦਾਇਰ ਕੀਤੀ ਗਈ ਸੀ, ਜਿਸ ਵਿਚ ਜਨਤਕ ਕੰਧਾਂ ਨੂੰ ਨੁਕਸਾਨ ਪਹੁੰਚਾਉਣ, ਉਨ੍ਹਾਂ ਦੀ ਅਸਲ ਦਿੱਖ ਨੂੰ ਵਿਗਾੜਨ ਅਤੇ ਉਨ੍ਹਾਂ ਦੀ ਸੁੰਦਰਤਾ ਨੂੰ ਵਿਗਾੜਨ ਵਿਚ ਸ਼ਾਮਲ ਡੀ.ਯੂ.ਐਸ.ਯੂ. ਉਮੀਦਵਾਰਾਂ ਅਤੇ ਵਿਦਿਆਰਥੀ ਸੰਗਠਨਾਂ ਵਿਰੁਧ ਕਾਰਵਾਈ ਦੀ ਮੰਗ ਕੀਤੀ ਗਈ ਸੀ।

ਚੋਣਾਂ 27 ਸਤੰਬਰ ਨੂੰ ਹੋਈਆਂ ਸਨ ਅਤੇ ਵੋਟਾਂ ਦੀ ਗਿਣਤੀ 28 ਸਤੰਬਰ ਨੂੰ ਹੋਣੀ ਸੀ।