Kolkata Doctor Case : CBI ਨੇ ਖ਼ੂਨ ਦੇ ਧੱਬੇ, ਮੁਲਜ਼ਮ ਦੀ DNA ਰਿਪੋਰਟ ਸਮੇਤ 11 ਸਬੂਤ ਸੌਂਪੇ

ਏਜੰਸੀ

ਖ਼ਬਰਾਂ, ਰਾਸ਼ਟਰੀ

CDR ਮੁਤਾਬਕ ਆਰੋਪੀ ਦੇ ਮੋਬਾਈਲ ਦੀ ਲੋਕੇਸ਼ਨ ਤੋਂ ਉਸ ਦੀ ਮੌਜੂਦਗੀ ਸਾਬਤ ਹੁੰਦੀ ਹੈ

Kolkata Doctor Case

Kolkata Doctor Case : ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਨੇ ਕੋਲਕਾਤਾ ਦੇ ਆਰ.ਜੀ. ਕਰ ਹਸਪਤਾਲ ’ਚ ਇਕ ਟ੍ਰੇਨੀ ਮਹਿਲਾ ਡਾਕਟਰ ਨਾਲ ਜਬਰ ਜਨਾਹ ਅਤੇ ਕਤਲ ਦੇ ਮਾਮਲੇ ’ਚ ਗ੍ਰਿਫਤਾਰ ਕੋਲਕਾਤਾ ਪੁਲਿਸ ਦੇ ਵਲੰਟੀਅਰ ਸੰਜੇ ਰਾਏ ਨੂੰ ਇਕਲੌਤਾ ਦੋਸ਼ੀ ਠਹਿਰਾਉਣ ਲਈ ਅਪਣੀ ਚਾਰਜਸ਼ੀਟ ’ਚ ਡੀ.ਐਨ.ਏ. ਅਤੇ ਖੂਨ ਦੇ ਨਮੂਨਿਆਂ ਦੀ ਰਿਪੋਰਟ ਵਰਗੇ 11 ਸਬੂਤਾਂ ਨੂੰ ਸੂਚੀਬੱਧ ਕੀਤਾ ਹੈ।  

ਸੀ.ਬੀ.ਆਈ.  ਨੇ ਰਾਏ ਦੇ ਵਿਰੁਧ  ਸਬੂਤ ਵਜੋਂ ਮ੍ਰਿਤਕ ਡਾਕਟਰ ਦੇ ਸਰੀਰ ’ਚ ਮੁਲਜ਼ਮ ਦੇ ਡੀ.ਐਨ.ਏ. ਦੀ ਮੌਜੂਦਗੀ, ਛੋਟੇ ਵਾਲ, ਮ੍ਰਿਤਕ ਦੇ ਖੂਨ ਦੇ ਧੱਬੇ, ਰਾਏ ਦੇ ਸਰੀਰ ’ਤੇ ਸੱਟਾਂ, ਸੀ.ਸੀ.ਟੀ.ਵੀ. ਫੁਟੇਜ ਅਤੇ ਕਾਲ ਡਿਟੇਲ ਰੀਕਾਰਡ  (ਸੀ.ਡੀ.ਆਰ.) ਅਨੁਸਾਰ ਉਸ ਦੇ ਮੋਬਾਈਲ ਫੋਨ ਦੀ ਲੋਕੇਸ਼ਨ ਦਾ ਜ਼ਿਕਰ ਕੀਤਾ ਹੈ।

ਚਾਰਜਸ਼ੀਟ ’ਚ ਇਹ ਵੀ ਕਿਹਾ ਗਿਆ ਹੈ ਕਿ ਰਾਏ ਨੂੰ ‘‘ਪੀੜਤਾ ਵਲੋਂ ਵਿਰੋਧ/ਸੰਘਰਸ਼ ਦੇ ਨਿਸ਼ਾਨ ਦੇ ਤੌਰ ’ਤੇ ਜ਼ੋਰ-ਜ਼ਬਰਦਸਤੀ ਨਾਲ ਲੱਗਣ ਵਾਲੀਆਂ ਸੱਟਾਂ ਲਗੀਆਂ ਸਨ।’’ ਰਾਏ ਨੂੰ ਕੋਲਕਾਤਾ ਪੁਲਿਸ ਨੇ 10 ਅਗੱਸਤ  ਨੂੰ ਗ੍ਰਿਫਤਾਰ ਕੀਤਾ ਸੀ।

 ਉਨ੍ਹਾਂ ਕਿਹਾ ਕਿ 8 ਅਤੇ 9 ਅਗੱਸਤ  ਦੀ ਦਰਮਿਆਨੀ ਰਾਤ ਨੂੰ ਆਰ.ਜੀ. ਕਾਰ ਮੈਡੀਕਲ ਕਾਲਜ ਅਤੇ ਹਸਪਤਾਲ ਦੀ ਤੀਜੀ ਮੰਜ਼ਿਲ ਅਤੇ ਐਮਰਜੈਂਸੀ ਇਮਾਰਤ ਵਿਚ ਉਸ ਦੀ ਮੌਜੂਦਗੀ ਸੀ.ਸੀ.ਟੀ.ਵੀ.  ਫੁਟੇਜ ਤੋਂ ਸਾਬਤ ਹੋ ਗਈ ਹੈ। ਸੀ.ਡੀ.ਆਰ. ਅਨੁਸਾਰ, ਉਸ ਦਾ ਮੋਬਾਈਲ ਫੋਨ ਲੋਕੇਸ਼ਨ ਉਸ ਦੀ ਮੌਜੂਦਗੀ ਨੂੰ ਸਾਬਤ ਕਰਦਾ ਹੈ।

ਕੇਂਦਰੀ ਜਾਂਚ ਏਜੰਸੀ ਨੇ ਸੋਮਵਾਰ ਨੂੰ ਸਥਾਨਕ ਅਦਾਲਤ ’ਚ ਦਾਇਰ ਚਾਰਜਸ਼ੀਟ ’ਚ ਮ੍ਰਿਤਕ ਔਰਤ ਨੂੰ ‘ਵੀ’ ਕਹਿ ਕੇ ਸੰਬੋਧਨ ਕੀਤਾ। 9 ਅਗੱਸਤ ਨੂੰ ਆਰ.ਜੀ. ਕਰ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਸੈਮੀਨਾਰ ਰੂਮ ਤੋਂ 31 ਸਾਲ ਦੀ ਮਹਿਲਾ ਡਾਕਟਰ ਦੀ ਲਾਸ਼ ਬਰਾਮਦ ਕੀਤੀ ਗਈ ਸੀ। ਕੇਂਦਰੀ ਜਾਂਚ ਏਜੰਸੀ ਨੇ ਮੌਤ ਦਾ ਕਾਰਨ ਗਲਾ ਘੁੱਟਣ ਕਾਰਨ ਦਮ ਘੁੱਟਣਾ ਦਸਿਆ ਹੈ।

 ਉਨ੍ਹਾਂ ਕਿਹਾ ਕਿ ਪੋਸਟਮਾਰਟਮ ਦੇ ਸਮੇਂ ਪੂਰੇ ਸਰੀਰ ’ਚ ਜਕੜਨ ਸੀ, ਜਿਸ ਦਾ ਮਤਲਬ ਹੈ ਕਿ ਵਿਅਕਤੀ ਦੀ ਮੌਤ ਪੋਸਟਮਾਰਟਮ ਤੋਂ 12-18 ਘੰਟੇ ਪਹਿਲਾਂ ਹੋਈ ਸੀ। ਰਾਏ ’ਤੇ ਭਾਰਤੀ ਨਿਆਂ ਸੰਹਿਤਾ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਦੋਸ਼ ਲਗਾਏ ਗਏ ਹਨ।