ਦਿੱਲੀ ਗੁਰਦੁਆਰਾ ਕਮੇਟੀ ਨੇ ਪੰਜਾਬ ਦੇ ਹੜ੍ਹ ਪੀੜ੍ਹਤਾਂ ਵਾਸਤੇ ਲੋੜੀਂਦਾ ਹਰ ਸਮਾਨ ਉਪਲਬਧ ਕਰਵਾਇਆ: ਕਾਲਕਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਹੜ੍ਹ ਪੀੜਤਾਂ ਦੀ ਹਰ ਸੰਭਵ ਮਦਦ ਕਰਾਂਗੇ

Delhi Gurdwara Committee provided all necessary supplies for flood victims of Punjab: Kalka

ਨਵੀਂ ਦਿੱਲੀ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ ਦਿੱਲੀ ਗੁਰਦੁਆਰਾ ਕਮੇਟੀ ਨੇ ਪੰਜਾਬ ਵਿਚ ਹੜ੍ਹ ਪੀੜ੍ਹਤ ਇਲਾਕਿਆਂ ਅਜਨਾਲਾ, ਰਮਦਾਸ ਤੇ ਡੇਰਾ ਬਾਬਾ ਨਾਨਕ ਵਿਚ ਲੋਕਾਂ ਨੂੰ ਲੋੜੀਂਦਾ ਹਰ ਸਮਾਨ ਉਪਲਬਧ ਕਰਵਾਇਆ ਹੈ।
ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਾਲਕਾ ਤੇ ਕਾਹਲੋਂ ਨੇ ਕਿਹਾ ਕਿ ਦਿੱਲੀ ਤੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਉਹਨਾਂ ਨੇ ਟਰੱਕਾਂ ਦੇ ਟਰੱਕ ਭਰ ਕੇ ਸਮੱਗਰੀ ਪੰਜਾਬ ਦੇ ਹੜ੍ਹ ਪੀੜ੍ਹਤ ਇਲਾਕਿਆਂ ਵਾਸਤੇ ਭੇਜੀ ਜਿਸ ਵਿਚ ਘਰੇਲੂ ਜ਼ਰੂਰਤ ਦਾ ਸਮਾਨ ਜਿਹਨਾਂ ਵਿਚ ਗੱਦੇ, ਮੰਜੇ, ਬਿਸਤਰੇ, ਮੱਛਰ ਦਾਨੀਆਂ ਅਤੇ ਹੋਰ ਸਮੱਗਰੀ ਸ਼ਾਮਲ ਸੀ, ਉਹ ਸਭ ਹੜ੍ਹ ਪੀੜ੍ਹਤ ਇਲਾਕਿਆਂ ਵਾਸਤੇ ਭੇਜੀ ਗਈ ਜੋ ਜ਼ਰੁਰਤਮੰਦਾਂ ਨੂੰ ਵੰਡੀ ਗਈ।
ਉਹਨਾਂ ਦੱਸਿਆ ਕਿ ਇਸੇ ਤਰੀਕੇ ਪੰਜਾਬ ਦੇ ਹੜ੍ਹ ਪੀੜ੍ਹਤ ਪਿੰਡਾਂ ਵਿਚ ਜਿਹੜੀ ਫਸਲ ਦਾ ਨੁਕਸਾਨ ਹੋਇਆ ਹੈ ਤੇ ਜਿਥੇ ਹੁਣ ਕਣਕ ਬੀਜਣ ਵਾਸਤੇ ਬੀਜਾਂ ਤੇ ਖਾਦਾਂ ਦੀ ਜ਼ਰੂਰਤ ਹੈ, ਉਸਦੀ ਸਮੀਖਿਆ ਸਾਡੇ ਪੰਜਾਬ ਦੇ ਚੇਅਰਮੈਨ ਮਨਜੀਤ ਸਿੰਘ ਭੋਮਾ ਦੀ ਅਗਵਾਈ ਹੇਠ ਟੀਮ ਕਰ ਰਹੀ ਰਹੀ ਹੈ ਅਤੇ ਅਸੀਂ ਕਿਸਾਨਾਂ ਨੂੰ ਬੀਜ ਤੇ ਖਾਦ ਸਮੇਤ ਲੋੜੀਂਦੀ ਹਰ ਮਦਦ ਪ੍ਰਦਾਨ ਕਰਾਂਗੇ।
ਸਰਦਾਰ ਕਾਲਕਾ ਤੇ ਸਰਦਾਰ ਕਾਹਲੋਂ ਨੇ ਕਿਹਾ ਕਿ ਹੜ੍ਹ ਪੀੜ੍ਹਤਾਂ ਦੀ ਮਦਦ ਵਾਸਤੇ ਸੰਗਤਾਂ ਨੇ ਵੱਧ ਚੜ੍ਹ ਕੇ ਯੋਗਦਾਨ ਦਿੱਤਾ ਹੈ ਜਿਸ ਵਾਸਤੇ ਉਹ ਸੰਗਤਾਂ ਦੇ ਤਹਿ ਦਿਲੋਂ ਧੰਨਵਾਦੀ ਹਨ। ਉਹਨਾਂ ਕਿਹਾ ਕਿ ਔਖੇ ਵੇਲੇ ਜਿਥੇ ਪੰਜਾਬ ਸਾਰੇ ਦੇਸ਼ ਨਾਲ ਖੜ੍ਹਾ ਹੁੰਦਾਸੀ,  ਇਸ ਵਾਸਤੇ ਪੰਜਾਬ ਦੇ ਔਖੇ ਵੇਲੇ ਸੰਗਤ ਪੰਜਾਬੀਆਂ ਦੇ ਨਾਲ ਡੱਟ ਕੇ ਖੜ੍ਹੀ ਹੋਈ ਹੈ। ਉਹਨਾਂ ਕਿਹਾ ਕਿ ਪੰਜਾਬੀਆਂ ਨੂੰ ਚਿੰਤਾ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ। ਉਹਨਾਂ ਕਿਹਾ ਕਿ ਸਮੁੱਚੀ ਦੁਨੀਆਂ ਪੰਜਾਬੀਆਂ ਦੇ ਮੋਢੇ ਦੇ ਨਾਲ ਮੋਢਾ ਲਗਾ ਕੇ ਖੜ੍ਹੀ ਹੈ ਤੇ ਪੰਜਾਬ ਨੂੰ ਆਪਣੇ ਪੈਰਾਂ ਸਿਰ ਹੋਣ ਵਿਚ ਲੋੜੀਂਦੀ ਹਰ ਮਦਦ ਪ੍ਰਦਾਨ ਕੀਤੀ ਜਾਵੇਗੀ।