ਕਰਤਾਰਪੁਰ ਕਾਰੀਡੋਰ ਦਾ ਅੱਜ ਪੀਐਮ ਮੋਦੀ ਕਰਨਗੇ ਉਦਘਾਟਨ, ਪਹਿਲੇ ਜਥੇ ਨੂੰ ਦਿਖਾਉਣਗੇ ਹਰੀ ਝੰਡੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ 'ਤੇ ਸ਼ਨੀਵਾਰ ਤੋਂ ਕਰਤਾਰਪੁਰ ਕਾਰੀਡੋਰ ਸ਼ਰਧਾਲੂਆਂ ਲਈ ਖੋਲਿਆ ਜਾ ਰਿਹਾ ਹੈ।

kartapur corridor

ਨਵੀਂ ਦਿੱਲੀ : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ 'ਤੇ ਸ਼ਨੀਵਾਰ ਤੋਂ ਕਰਤਾਰਪੁਰ ਕਾਰੀਡੋਰ ਸ਼ਰਧਾਲੂਆਂ ਲਈ ਖੋਲਿਆ ਜਾ ਰਿਹਾ ਹੈ। ਇਸ ਦੌਰਾਨ ਪ੍ਰਧਾਨਮੰਤਰੀ ਨਰਿੰਦਰ ਮੋਦੀ ਇਸਦਾ ਉਦਘਾਟਨ ਕਰਨਗੇ ਅਤੇ 500 ਤੋਂ ਜਿਆਦਾ ਭਾਰਤੀ ਤੀਰਥਯਾਤਰੀਆਂ ਦੇ ਪਹਿਲੇ ਜਥੇ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰਨਗੇ। ਕਰਤਾਰਪੁਰ ਸਾਹਿਬ ਦੇ ਖੁੱਲ੍ਹੇ ਦਰਸ਼ਨਾਂ ਲਈ ਸਿੱਖ ਸੰਗਤ ਦੀ ਤਾਂਘ ਆਖ਼ਰ ਅੱਜ 72 ਸਾਲਾਂ ਪਿੱਛੋਂ ਪੂਰੀ ਹੋਣ ਜਾ ਰਹੀ ਹੈ। ਭਾਰਤ ਵਾਲੇ ਪਾਸੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਇਸ ਦਾ ਉਦਘਾਟਨ ਕਰਨਾ ਹੈ।

ਪਾਕਿਸਤਾਨ ਵਾਲੇ ਪਾਸੇ ਉੱਧਰਲੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਉਦਘਾਟਨ ਕਰਨਾ ਹੈ। ਉੱਥੇ ਪੰਜਾਬ ਦੇ ਬਹੁ–ਚਰਚਿਤ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਵੀ ਮੌਜੂਦ ਰਹਿਣਗੇ।ਸ੍ਰੀ ਮੋਦੀ ਅੱਜ ਪਹਿਲਾਂ ਸੁਲਤਾਨਪੁਰ ਲੋਧੀ ਦੇ ਇਤਿਹਾਸਕ ਗੁਰਦੁਆਰਾ ਸਾਹਿਬ 'ਚ ਮੱਥਾ ਟੇਕਣ ਤੋਂ ਬਾਅਦ ਸ਼ਿਕਾਰ ਮਾਛੀਆਂ ਨਾਂਅ ਦੇ ਅਸਥਾਨ 'ਤੇ ਸ਼ਰਧਾਲੂਆਂ ਦੇ ਇੱਕ ਵੱਡੇ ਇਕੱਠ ਨੂੰ ਸੰਬੋਧਨ ਕਰਨਗੇ।

ਉਸ ਤੋਂ ਬਾਅਦ ਉਹ ਕਰਤਾਰਪੁਰ ਸਾਹਿਬ ਲਾਂਘੇ ਦਾ ਉਦਘਾਟਨ ਕਰਨ ਲਈ ਡੇਰਾ ਬਾਬਾ ਨਾਨਕ ਜਾਣਗੇ। ਉੱਥੇ ਉਦਘਾਟਨ ਤੋਂ ਬਾਅਦ ਸ਼ਰਧਾਲੂਆਂ ਦੇ ਪਹਿਲੇ ਜੱਥੇ ਨੂੰ ਪਾਕਿਸਤਾਨ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਲਈ ਰਵਾਨਾ ਕਰਨਗੇ। ਸ੍ਰੀ ਮੋਦੀ ਡੇਰਾ ਬਾਬਾ ਨਾਨਕ 'ਚ ਆਮ ਸ਼ਰਧਾਲੂਆਂ ਨਾਲ ਲੰਗਰ ਵੀ ਛਕਣਗੇ। ਕਰਤਾਰਪੁਰ ਸਾਹਿਬ ਵਿਖੇ ਸਥਿਤ ਗੁਰਦੁਆਰਾ ਦਰਬਾਰ ਸਾਹਿਬ ਜਾਣ ਵਾਲੇ ਪਹਿਲੇ ਜੱਥੇ ਵਿੱਚ 500 ਤੋਂ ਵੱਧ ਸ਼ਰਧਾਲੂ ਸ਼ਾਮਲ ਹੋਣਗੇ, ਜਿਨ੍ਹਾਂ ਵਿੱਚ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਗੁਰਦਾਸਪੁਰ ਤੋਂ ਸੰਸਦ ਮੈਂਬਰ ਸੰਨੀ ਦਿਓਲ ਵੀ ਸ਼ਾਮਲ ਹਨ।

ਗੁਰਦਾਸਪੁਰ 'ਚ ਇਸ ਲਈ ਬਹੁਤ ਸਖ਼ਤ ਸੁਰੱਖਿਆ ਇੰਤਜ਼ਾਮ ਕੀਤੇ ਗਏ ਹਨ। ਡੇਰਾ ਬਾਬਾ ਨਾਨਕ ਵਿਖੇ ਜਿਹੜੇ ਟੈਂਟ ਲਾਏ ਗਏ ਸਨ। ਉੱਥੇ ਬੇਮੌਸਮੀ ਵਰਖਾ ਕਾਰਨ ਸਭ ਪਾਸੇ ਚਿੱਕੜ ਹੋਇਆ ਪਿਆ ਹੈ। ਦੇਰ ਰਾਤ ਤੱਕ ਉਸ ਜਗ੍ਹਾ ਨੂੰ ਸੁਕਾਉਣ ਦੇ ਜਤਨ ਚੱਲਦੇ ਰਹੇ। ਪੰਜਾਬ ਸਰਕਾਰ ਵੱਲੋਂ ਸਜਾਏ ਪੰਡਾਲ ’ਚ ਵੀ ਪਾਣੀ ਭਰਿਆ ਹੋਇਆ ਹੈ।

ਇਯੇ ਕਾਰਨ ਕਈ ਤਰ੍ਹਾਂ ਦੇ ਸਭਿਆਚਾਰਕ ਪ੍ਰੋਗਰਾਮ ਰੱਦ ਹੋ ਸਕਦੇ ਹਨ ਪਰ ਜ਼ਿਲ੍ਹਾ ਅਧਿਕਾਰੀਆਂ ਦਾ ਦਾਅਵਾ ਹੈ ਕਿ ਸਮਾਰੋਹ ਦੇ ਸਮੇਂ ਤੱਕ ਸਭ ਕੁਝ ਠੀਕ ਕਰ ਲਿਆ ਜਾਵੇਗਾ। ਆਮ ਦਿਨਾਂ ਵਿੱਚ ਵੀ ਡੇਰਾ ਬਾਬਾ ਨਾਨਕ ਵਿਖੇ 30,000 ਤੋਂ ਵੱਧ ਸ਼ਰਧਾਲੂ ਆਉਂਦੇ ਹਨ ਪਰ ਹੁਣ ਅਗਲੇ ਕੁਝ ਦਿਨਾਂ ਤੱਕ ਇਹ ਗਿਣਤੀ ਕਈ ਗੁਣਾ ਵਧੀ ਰਹੇਗੀ। ਉੱਪਰੋਂ ਇੱਥੇ ਹਾਲੇ ਸੜਕ ਬਣ ਰਹੀ ਹੈ, ਉਹ ਵੀ ਸ਼ਰਧਾਲੂਆਂ ਲਈ ਵੱਡਾ ਅੜਿੱਕਾ ਬਣ ਰਹੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।