ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦੀ ਗੱਲਬਾਤ ਦਾ ਰਾਹ ਕੇਂਦਰ ਨਾਲ ਮੁੜ ਖੁੱਲ੍ਹ ਗਿਆ ਹੋਣ ਦਾ ਦਾਅਵਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸਾਨਾਂ ਦੇ ਹੱਕ ਵਿਚ ਹਾਅ ਦਾ ਨਾਹਰਾ ਮਾਰਨ ਵਾਲੇ ਬੀਜੇਪੀ ਆਗੂ ਜਿਆਣੀ ਦੀ ਪਹਿਲਕਦਮੀ

FILE PHOTO

ਚੰਡੀਗੜ੍ਹ: ਭਾਜਪਾ ਦੀ ਕਿਸਾਨ ਤਾਲਮੇਲ ਕਮੇਟੀ ਦੇ ਚੇਅਰਮੈਨ ਅਤੇ ਸਾਬਕਾ ਕੈਬਨਿਟ ਮੰਤਰੀ ਪੰਜਾਬ ਸੁਰਜੀਤ ਕੁਮਾਰ ਜਿਆਣੀ ਨੇ ਅੱਜ ਨਵੀਂ ਦਿੱਲੀ ਵਿਖੇ ਅੱਜ ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ, ਕੇਂਦਰੀ ਰਖਿਆ ਮੰਤਰੀ ਰਾਜਨਾਥ ਸਿੰਘ ਅਤੇ ਰੇਲਵੇ ਮੰਤਰੀ ਪਿਊਸ਼ ਗੋਇਲ ਨਾਲ ਵੱਖ-ਵੱਖ ਬੈਠਕਾਂ  ਕੀਤੀਆਂ ਗਈਆਂ ਹਨ। ਸੁਰਜੀਤ ਕੁਮਾਰ ਜਿਆਣੀ ਨੇ ਟੈਲੀਫ਼ੋਨ ਉਤੇ 'ਰੋਜ਼ਾਨਾ ਸਪੋਕਸਮੈਨ' ਦੇ ਇਸ ਪੱਤਰਕਾਰ ਨਾਲ ਗੱਲ ਕਰਦਿਆਂ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦਾਅਵਾ ਕੀਤਾ ਹੈ ਕਿ ਕੇਂਦਰੀ ਰਖਿਆ ਮੰਤਰੀ ਰਾਜਨਾਥ ਸਿੰਘ ਨੇ ਖ਼ੁਦ ਉਨ੍ਹਾਂ ਦੇ ਟੈਲੀਫ਼ੋਨ ਰਾਹੀਂ ਪੰਜਾਬ ਦੇ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨਾਲ ਕਰੀਬ ਵੀਹ ਮਿੰਟ ਗੱਲਬਾਤ ਕੀਤੀ।

ਜਿਆਣੀ ਨੇ ਦਾਅਵਾ ਕੀਤਾ ਕਿ  ਰਾਜਨਾਥ ਸਿੰਘ ਨੇ ਰਾਜੇਵਾਲ ਰਾਹੀਂ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੂੰ ਗੱਲਬਾਤ ਦਾ ਮੁੜ ਸੱਦਾ ਦਿਤਾ ਹੈ। ਇੰਨਾ ਹੀ ਨਹੀਂ ਕੇਂਦਰੀ ਰਖਿਆ ਮੰਤਰੀ ਵਲੋਂ ਇਸ ਵਾਰ ਪੰਜਾਬ ਦੇ  ਕਿਸਾਨਾਂ ਨੂੰ ਕੇਂਦਰੀ ਖੇਤੀਬਾੜੀ ਮੰਤਰੀ ਅਤੇ ਰੇਲ ਮੰਤਰੀ ਦੀ ਮੌਜੂਦਗੀ ਵਿਚ ਬਹਿ ਕੇ ਮਸਲਾ ਨਜਿੱਠਣ ਦਾ ਭਰੋਸਾ ਵੀ ਦਿਤਾ ਹੈ। ਜਿਆਣੀ ਨੇ ਹੋਰ ਵੇਰਵੇ ਸਾਂਝੇ ਕਰਦਿਆਂ ਦਸਿਆ ਕਿ ਰਾਜਨਾਥ ਸਿੰਘ ਨੇ ਰਾਜੇਵਾਲ ਨਾਲ ਟੈਲੀਫ਼ੋਨ ਉਤੇ ਗੱਲਬਾਤ ਦੌਰਾਨ ਸਪਸ਼ਟ ਤੌਰ 'ਤੇ ਕਿਹਾ ਕਿ ਉਹ ਕੋਈ ਕੇਂਦਰੀ ਵਜ਼ੀਰ ਵਜੋਂ ਨਹੀਂ ਬਲਕਿ ਇਕ ਕਿਸਾਨ ਵਜੋਂ ਗੱਲ ਕਰ ਰਹੇ ਹਨ  ਅਤੇ ਕਿਸਾਨਾਂ ਦਾ ਮਸਲਾ ਨਿਬੇੜਨ ਲਈ ਉਨ੍ਹਾਂ ਨੂੰ ਜਿੰਨਾ ਵੀ ਸਮਾਂ ਲੱਗੇਗਾ ਉਹ ਬੈਠਕ ਨੂੰ ਦੇਣਗੇ।

ਜਿਆਣੀ ਨੇ ਕਿਹਾ ਕਿ ਅਪਣੀ ਇਸ ਸੰਖੇਪ ਦਿੱਲੀ ਦੌਰੇ ਦੌਰਾਨ ਉਹ ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਤੋਮਰ ਨੂੰ ਵੀ ਮਿਲੇ। ਉਨ੍ਹਾਂ ਤੋਮਰ ਵਲੋਂ ਵੀ ਕਿਸਾਨਾਂ ਨਾਲ ਗੱਲਬਾਤ ਦੇ ਦਰਵਾਜ਼ੇ ਖੁੱਲ੍ਹੇ ਹੋਣ ਦੀ ਗੱਲ ਆਖੀ ਗਈ ਹੈ। ਉਨ੍ਹਾਂ ਅਜਿਹਾ ਹੀ ਭਰੋਸਾ ਰੇਲ ਮੰਤਰੀ ਪਿਊਸ਼ ਗੋਇਲ ਨਾਲ ਹੋਈ ਉਨ੍ਹਾਂ ਦੀ ਮੀਟਿੰਗ ਦੌਰਾਨ ਵੀ ਮਿਲਿਆ ਹੋਣ ਦਾ ਦਾਅਵਾ ਕੀਤਾ ਹੈ। ਜਿਆਣੀ ਨੇ ਕਿਹਾ ਕਿ ਰਾਜੇਵਾਲ ਨੇ ਸਹਿਯੋਗੀ ਕਿਸਾਨ ਜਥੇਬੰਦੀਆਂ ਨਾਲ ਵਿਚਾਰ ਵਟਾਂਦਰਾ ਕਰ ਕੇ ਅਗਲਾ ਪ੍ਰੋਗਰਾਮ ਦਸਣ ਦੀ ਗੱਲ ਆਖੀ ਹੈ। ਉਨ੍ਹਾਂ ਉਮੀਦ ਜ਼ਾਹਰ ਕੀਤੀ ਕਿ ਉਹ ਜਲਦ ਹੀ ਕਿਸਾਨਾਂ ਨੂੰ ਨਾਲ ਲੈ ਕੇ ਕੇਂਦਰ ਵਿਚ ਜਾ ਕੇ ਮਸਲਾ ਨਜਿੱਠ ਲੈਣਗੇ।

ਉਨ੍ਹਾਂ ਇਹ ਵੀ ਕਿਹਾ ਕਿ ਕੇਂਦਰੀ ਰਖਿਆ ਮੰਤਰੀ ਨੇ ਕਿਸਾਨਾਂ ਕੋਲੋਂ ਸਮਾਂ ਰਹਿੰਦਿਆਂ ਉਨ੍ਹਾਂ ਨੂੰ ਮਿਲਣ ਆ ਰਹੇ ਕਿਸਾਨ ਆਗੂਆਂ ਦੀ ਸੂਚੀ ਵੀ ਭੇਜ ਦਿਤੇ ਜਾਣ ਦੀ ਤਵਜੋਂ ਕੀਤੀ ਹੈ ਤਾਂ ਜੋ ਕਿਸੇ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਅਤੇ ਬਦਇੰਤਜ਼ਾਮੀ ਤੋਂ ਟਲਿਆ ਜਾ ਸਕੇ। ਦਸਣਯੋਗ ਹੈ ਕਿ ਸਾਬਕਾ ਸਿਹਤ ਮੰਤਰੀ ਪੰਜਾਬ ਸੁਰਜੀਤ ਕੁਮਾਰ ਜਿਆਣੀ ਪੰਜਾਬ ਦੇ ਉਨ੍ਹਾਂ ਭਾਜਪਾਈਆਂ ਵਿਚੋਂ ਮੋਹਰੀ ਹੋ ਨਿਬੜੇ ਹਨ ਜਿਨ੍ਹਾਂ ਨੇ ਕੇਂਦਰ ਵਿਚ ਅਪਣੀ ਮਜ਼ਬੂਤ ਸਰਕਾਰ ਹੋਣ ਦੇ ਬਾਵਜੂਦ ਵੀ ਪੰਜਾਬ ਦੇ ਕਿਸਾਨਾਂ ਦੇ ਹੱਕ ਵਿਚ ਡਟਣ ਦਾ ਹੀਆ ਵਿਖਾਇਆ ਹੈ। ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਇਸ ਤੋਂ ਪਹਿਲਾਂ ਵੀ ਕੇਂਦਰ ਦੇ ਸੱਦੇ ਉਤੇ ਗੱਲਬਾਤ ਲਈ ਦਿੱਲੀ ਗਈਆਂ ਸਨ ਪਰ ਉਨ੍ਹਾਂ ਨੂੰ ਬੇਰੰਗ ਮੋੜ ਦਿਤਾ ਗਿਆ ਸੀ ਜਿਸ ਮਗਰੋਂ ਪੰਜਾਬ ਵਿਚ ਕਿਸਾਨ ਅੰਦੋਲਨ ਹੋਰ ਪ੍ਰਚੰਡ ਹੋ ਗਿਆ।