ਸੰਯੁਕਤ ਕਿਸਾਨ ਮੋਰਚੇ ਦਾ ਵੱਡਾ ਐਲਾਨ, 29 ਨਵੰਬਰ ਤੋਂ ਸੰਸਦ ਵੱਲ ਕਿਸਾਨ ਕਰਨਗੇ ਕੂਚ
ਹਰ ਰੋਜ਼ ਕਿਸਾਨਾਂ ਦਾ 500-500 ਦਾ ਜੱਥਾ ਸੰਸਦ ਵੱਲ ਕੂਚ ਕਰੇਗਾ
ਨਵੀਂ ਦਿੱਲੀ - ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਸੰਯੁਕਤ ਕਿਸਾਨ ਮੋਰਚਾ ਨੇ ਮੰਗਲਵਾਰ ਨੂੰ ਇੱਕ ਅਹਿਮ ਮੀਟਿੰਗ ਕੀਤੀ। ਮੀਟਿੰਗ ਵਿਚ ਕਈ ਫੈਸਲੇ ਲਏ ਗਏ। ਸੰਯੁਕਤ ਕਿਸਾਨ ਮੋਰਚਾ ਨੇ ਫੈਸਲਾ ਕੀਤਾ ਹੈ ਕਿ ਉਹ 26 ਨਵੰਬਰ ਨੂੰ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਉੱਤਰਾਖੰਡ ਅਤੇ ਰਾਜਸਥਾਨ ਤੋਂ ਲੈ ਕੇ ਦਿੱਲੀ ਤੱਕ ਸਾਰੇ ਸੂਬਿਆਂ ਵਿਚ ਪ੍ਰਦਰਸ਼ਨ ਕਰਨਗੇ ਅਤੇ 29 ਤਾਰੀਕ ਤੋਂ ਸੰਸਦ ਵੱਲ ਨੂੰ ਕੂਚ ਕਰਨਗੇ।
ਹਰ ਰੋਜ਼ ਕਿਸਾਨਾਂ ਦਾ 500-500 ਦਾ ਜੱਥਾ ਸੰਸਦ ਵੱਲ ਕੂਚ ਕਰੇਗਾ। ਸੰਯੁਕਤ ਕਿਸਾਨ ਮੋਰਚਾ ਨੇ ਫੈਸਲਾ ਕੀਤਾ ਹੈ ਕਿ 28 ਨਵੰਬਰ ਨੂੰ ਮੁੰਬਈ ਦੇ ਆਜ਼ਾਦ ਮੈਦਾਨ ਵਿਚ ਇੱਕ ਵਿਸ਼ਾਲ ਕਿਸਾਨ-ਮਜ਼ਦੂਰ ਮਹਾਪੰਚਾਇਤ ਦਾ ਆਯੋਜਨ ਕੀਤਾ ਜਾਵੇਗਾ। ਇਹ ਸਮਾਗਮ ਸੰਯੁਕਤ ਸ਼ੇਤਕਾਰੀ ਕਾਮਗਾਰ ਮੋਰਚਾ (SSKM) ਦੇ ਬੈਨਰ ਹੇਠ ਮਹਾਰਾਸ਼ਟਰ ਦੀਆਂ 100 ਤੋਂ ਵੱਧ ਜਥੇਬੰਦੀਆਂ ਵੱਲੋਂ ਸਾਂਝੇ ਤੌਰ 'ਤੇ ਆਯੋਜਿਤ ਕੀਤਾ ਜਾਵੇਗਾ।
ਦੱਸ ਦਈਏ ਕਿ 26 ਨਵੰਬਰ ਨੂੰ ਖੇਤੀ ਕਾਨੂੰਨ ਵਿਰੋਧੀ ਪ੍ਰਦਰਸ਼ਨ ਦਾ ਇੱਕ ਸਾਲ ਪੂਰਾ ਹੋਣ ਜਾ ਰਿਹਾ ਹੈ। ਪਿਛਲੇ ਸਾਲ 26 ਨਵੰਬਰ ਨੂੰ ਧਰਨਾਕਾਰੀ ਹਰਿਆਣਾ ਵਿਚ ਦਾਖ਼ਲ ਹੋਏ ਸਨ ਅਤੇ ਅਗਲੇ ਦਿਨ ਕੁੰਡਲੀ ਸਰਹੱਦ ’ਤੇ ਜੀਟੀ ਰੋਡ ’ਤੇ ਜਾਮ ਲਗਾ ਕੇ ਧਰਨੇ ’ਤੇ ਬੈਠ ਗਏ ਸਨ। ਇਸ ਦੇ ਨਾਲ ਹੀ ਗਾਜ਼ੀਪੁਰ ਬਾਰਡਰ 'ਤੇ ਰਾਕੇਸ਼ ਟਿਕੈਤ ਦੀ ਅਗਵਾਈ 'ਚ ਅੰਦੋਲਨਕਾਰੀ ਧਰਨੇ 'ਤੇ ਬੈਠੇ ਹਨ।