13 ਸਾਲਾਂ ਬਾਅਦ ਨਿਊਜ਼ੀਲੈਂਡ ਨੂੰ ਹਰਾ ਕੇ ਟੀ-20 ਵਿਸ਼ਵ ਕੱਪ ਦੇ ਫਾਈਨਲ 'ਚ ਪਹੁੰਚਿਆ ਪਾਕਿਸਤਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪਾਕਿਸਤਾਨ ਨੇ ਨਿਊਜ਼ੀਲੈਂਡ ਨੂੰ 7 ਵਿਕਟਾਂ ਨਾਲ ਦਿੱਤੀ ਮਾਤ

photo

 

 ਨਵੀਂ ਦਿੱਲੀ: ਪਾਕਿਸਤਾਨ ਨੇ ਨਿਊਜ਼ੀਲੈਂਡ ਨੂੰ ਹਰਾ ਕੇ T20 ਵਿਸ਼ਵ ਕੱਪ 2022 ਦੇ ਫਾਈਨਲ ਵਿੱਚ ਥਾਂ ਬਣਾ ਲਈ ਹੈ। ਪਾਕਿਸਤਾਨ ਨੇ ਸੈਮੀਫਾਈਨਲ ਮੈਚ 7 ਵਿਕਟਾਂ ਨਾਲ ਜਿੱਤ ਲਿਆ। ਨਿਊਜ਼ੀਲੈਂਡ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 153 ਦੌੜਾਂ ਦਾ ਟੀਚਾ ਦਿੱਤਾ। ਜਵਾਬ 'ਚ ਪਾਕਿਸਤਾਨ ਨੇ 3 ਵਿਕਟਾਂ ਗੁਆ ਕੇ ਮੈਚ ਜਿੱਤ ਲਿਆ। ਪਾਕਿਸਤਾਨ ਲਈ ਮੁਹੰਮਦ ਰਿਜ਼ਵਾਨ ਅਤੇ ਬਾਬਰ ਆਜ਼ਮ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ।

ਦੋਵਾਂ ਨੇ ਅਰਧ ਸੈਂਕੜੇ ਲਗਾਏ। ਜਦਕਿ ਸ਼ਾਹੀਨ ਅਫਰੀਦੀ ਨੇ 2 ਵਿਕਟਾਂ ਲਈਆਂ। ਨਿਊਜ਼ੀਲੈਂਡ ਲਈ ਡੇਰਿਲ ਮਿਸ਼ੇਲ ਨੇ ਅਜੇਤੂ ਅਰਧ ਸੈਂਕੜਾ ਲਗਾਇਆ। ਪਾਕਿਸਤਾਨ ਫਾਈਨਲ 'ਚ ਪਹੁੰਚ ਗਿਆ ਹੈ, ਜੋ 13 ਨਵੰਬਰ ਨੂੰ ਖੇਡਿਆ ਜਾਵੇਗਾ। ਹੁਣ ਪਾਕਿਸਤਾਨ ਦਾ ਸਾਹਮਣਾ ਦੂਜਾ ਸੈਮੀਫਾਈਨਲ ਜਿੱਤਣ ਵਾਲੀ ਟੀਮ ਨਾਲ ਹੋਵੇਗਾ।

ਨਿਊਜ਼ੀਲੈਂਡ ਵੱਲੋਂ ਦਿੱਤੇ ਟੀਚੇ ਦਾ ਪਿੱਛਾ ਕਰਨ ਉਤਰੀ ਪਾਕਿਸਤਾਨੀ ਟੀਮ ਲਈ ਬਾਬਰ ਅਤੇ ਰਿਜ਼ਵਾਨ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਟੀਮ ਨੇ 19.1 ਓਵਰਾਂ 'ਚ 3 ਵਿਕਟਾਂ ਗੁਆ ਕੇ ਮੈਚ ਜਿੱਤ ਲਿਆ। ਟੀਮ ਦੀ ਸ਼ੁਰੂਆਤ ਖ਼ਤਰਨਾਕ ਰਹੀ। ਕਪਤਾਨ ਬਾਬਰ ਅਤੇ ਰਿਜ਼ਵਾਨ ਵਿਚਾਲੇ ਸੈਂਕੜੇ ਦੀ ਸਾਂਝੇਦਾਰੀ ਹੋਈ।

ਇਸ ਤੋਂ ਬਾਅਦ ਬਾਬਰ 53 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਏ। ਉਨ੍ਹਾਂ ਨੇ 42 ਗੇਂਦਾਂ 'ਚ 7 ਚੌਕੇ ਲਗਾਏ। ਰਿਜ਼ਵਾਨ ਨੇ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਸ ਨੇ 43 ਗੇਂਦਾਂ 'ਤੇ 57 ਦੌੜਾਂ ਬਣਾਈਆਂ। ਰਿਜ਼ਵਾਨ ਦੀ ਪਾਰੀ ਵਿੱਚ 5 ਚੌਕੇ ਸ਼ਾਮਲ ਸਨ। ਮੁਹੰਮਦ ਹੈਰਿਸ 26 ਗੇਂਦਾਂ ਵਿੱਚ 30 ਦੌੜਾਂ ਬਣਾ ਕੇ ਆਊਟ ਹੋ ਗਏ। ਉਸ ਨੇ 2 ਚੌਕੇ ਅਤੇ 1 ਛੱਕਾ ਲਗਾਇਆ।