ਹਿਮਾਚਲ ਦੇ ਬਿਲਿੰਗ 'ਚ ਪੈਰਾਗਲਾਈਡਰ ਹਾਦਸਾਗ੍ਰਸਤ, ਫ਼ੌਜੀ ਜਵਾਨ ਦੀ ਮੌਤ
ਉਡਾਣ ਭਰਨ ਦੇ ਥੋੜੀ ਦੇਰ ਬਾਅਦ ਹੀ ਵਾਪਰਿਆ ਹਾਦਸਾ
ਕਾਂਗੜਾ: ਹਿਮਾਚਲ ਦੇ ਕਾਂਗੜਾ ਜ਼ਿਲ੍ਹੇ ਦੀ ਬੀੜ ਬਿਲਿੰਗ ਘਾਟੀ ਵਿੱਚ ਪੈਰਾਗਲਾਈਡਿੰਗ ਦੌਰਾਨ ਦਰਦਨਾਕ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿੱਚ ਭਾਰਤੀ ਜਲ ਸੈਨਾ ਦੇ ਇੱਕ ਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਕੇਰਲ ਦੇ ਰਹਿਣ ਵਾਲੇ 33 ਸਾਲਾ ਬਿਬਿਨ ਦੇਵ ਵਜੋਂ ਹੋਈ ਹੈ। ਬਿਬਿਨ ਦੇਵ ਆਪਣੇ ਦੋਸਤਾਂ ਨਾਲ ਇੱਥੇ ਆਏ ਹੋਏ ਸਨ। ਜਿੱਥੇ ਉਸਨੇ ਪੈਰਾਗਲਾਈਡਿੰਗ ਲਈ ਇਕੱਲੇ ਉਡਾਣ ਭਰੀ।
ਉਸ ਦਾ ਪੈਰਾਗਲਾਈਡਰ ਹਾਦਸੇ ਦਾ ਸ਼ਿਕਾਰ ਹੋ ਗਿਆ। ਬਿਲਿੰਗ ਤੋਂ ਉਡਾਣ ਭਰਨ ਤੋਂ ਬਾਅਦ, ਉਹ ਕਾਬੂ ਗੁਆ ਬੈਠੇ ਅਤੇ ਕੁਝ ਹੀ ਮਿੰਟਾਂ ਵਿੱਚ ਉਸਦਾ ਗਲਾਈਡਰ ਹੇਠਾਂ ਆ ਗਿਆ। ਸਥਾਨਕ ਲੋਕਾਂ ਦੀ ਮਦਦ ਨਾਲ ਦੇਵ ਨੂੰ ਤੁਰੰਤ ਆਰਮੀ ਹਸਪਤਾਲ ਪਾਲਮਪੁਰ ਲਿਜਾਇਆ ਗਿਆ ਜਿੱਥੇ ਉਸ ਨੇ ਦਮ ਤੋੜ ਦਿੱਤਾ। ਦੇਵ ਜਲ ਸੈਨਾ ਵਿੱਚ ਪਾਇਲਟ ਵਜੋਂ ਸੇਵਾਵਾਂ ਨਿਭਾਅ ਰਹੇ ਸਨ।
ਕਾਂਗੜਾ ਜ਼ਿਲ੍ਹੇ ਦੀ ਬਿਲਿੰਗ ਦੁਨੀਆ ਦੀਆਂ ਚੋਟੀ ਦੀਆਂ ਪੈਰਾਗਲਾਈਡਿੰਗ ਸਾਈਟਾਂ ਵਿੱਚੋਂ ਇੱਕ ਹੈ। ਇਹ ਸਥਾਨ ਨਿਯਮਿਤ ਤੌਰ 'ਤੇ ਵੱਕਾਰੀ ਪੈਰਾਗਲਾਈਡਿੰਗ ਵਿਸ਼ਵ ਕੱਪ ਦੀ ਮੇਜ਼ਬਾਨੀ ਕਰਦਾ ਰਿਹਾ ਹੈ। ਪਰ ਖੇਡ ਨੂੰ ਨਿਯੰਤਰਿਤ ਕਰਨ ਲਈ ਨਿਯਮਾਂ ਦੀ ਅਣਹੋਂਦ ਵਿੱਚ, ਇਹ ਵਿਵਾਦਾਂ ਵਿੱਚ ਆਉਣ ਲੱਗੀ ਹੈ। ਸੂਬੇ ਦੇ ਸੈਰ-ਸਪਾਟਾ ਵਿਭਾਗ ਵੱਲੋਂ ਸਹੀ ਜਾਂਚ ਨਾ ਹੋਣ ਕਾਰਨ ਪਿਛਲੇ ਕੁਝ ਸਾਲਾਂ ਵਿੱਚ ਦੁਰਘਟਨਾਵਾਂ ਦੀ ਗਿਣਤੀ ਵੱਧ ਗਈ ਹੈ।
ਬਿਲਿੰਗ ਵਿੱਚ ਪਿਛਲੇ ਦੋ ਮਹੀਨਿਆਂ ਵਿੱਚ ਇਹ ਤੀਜੀ ਪੈਰਾਗਲਾਈਡਿੰਗ ਦੁਰਘਟਨਾ ਹੈ। ਦੱਸ ਦੇਈਏ ਕਿ ਡੇਢ ਮਹੀਨੇ ਪਹਿਲਾਂ ਬਿਲਿੰਗ ਘਾਟੀ ਵਿੱਚ ਇੱਕ ਅਭਿਆਸ ਦੌਰਾਨ ਫੌਜੀ ਪਾਇਲਟ ਦੀ ਮੌਤ ਹੋ ਗਈ ਸੀ। ਮ੍ਰਿਤਕ ਪਾਇਲਟ ਕਾਂਸਟੇਬਲ ਜ਼ੋਰੀਨ ਮਾਵੀਆ ਚਵਗਟੂ (28) ਮਿਜ਼ੋਰਮ ਦਾ ਰਹਿਣ ਵਾਲਾ ਸੀ। ਸੈਨਿਕ ਦਾ ਪੈਰਾਗਲਾਈਡਰ ਸੰਤੁਲਨ ਗੁਆਉਣ ਕਾਰਨ ਲੈਂਡਿੰਗ ਸਾਈਟ ਦੇ ਪਿੱਛੇ ਕਰੈਸ਼ ਹੋ ਗਿਆ ਸੀ, ਉਹ ਲੈਂਡਿੰਗ ਦੌਰਾਨ ਜੱਗਲਿੰਗ ਦਾ ਅਭਿਆਸ ਕਰ ਰਿਹਾ ਸੀ। ਜਿਸ ਦੌਰਾਨ ਪੈਰਾਗਲਾਈਡਰ ਉਲਝ ਗਿਆ ਅਤੇ ਉਚਾਈ ਤੋਂ ਹੇਠਾਂ ਡਿੱਗ ਗਿਆ।