ਇਲਜ਼ਾਮਾਂ ਦੇ ਬਾਵਜੂਦ ਕਰੀਬੀ ਨੂੰ ਮੰਤਰੀ ਬਣਾਉਣ 'ਤੇ ਘਿਰੇ ਸੁਨਕ, ਮੰਤਰੀ ਦੇ ਅਸਤੀਫ਼ੇ ਦੇ ਬਾਵਜੂਦ ਵਿਰੋਧੀ ਹਮਲਾਵਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਵਿਰੋਧੀ ਧਿਰ ਨੇ ਇਸ ਘਟਨਾਕ੍ਰਮ ਨੂੰ ਸੁਨਕ ਦੀ 'ਮਾੜੀ ਸਮਝ ਅਤੇ ਲੀਡਰਸ਼ਿਪ' ਦਾ ਸਬੂਤ ਕਰਾਰ ਦਿੱਤਾ ਹੈ।

photo

 

ਲੰਡਨ - ਬਰਤਾਨੀਆ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਧਮਕੀ ਦੇਣ ਦੇ ਮਾਮਲੇ 'ਚ ਜਾਂਚ ਜਾਰੀ ਹੋਣ ਦੇ ਬਾਵਜੂਦ, ਆਪਣੇ ਕਰੀਬੀ ਸਹਿਯੋਗੀ ਸਰ ਗੈਵਿਨ ਵਿਲੀਅਮਸਨ ਨੂੰ ਮੰਤਰੀ ਨਿਯੁਕਤ ਕਰਨ ‘ਤੇ ਅਫ਼ਸੋਸ ਪ੍ਰਗਟਾਇਆ ਹੈ। ਹਾਲਾਂਕਿ ਵਿਲੀਅਮਸਨ ਨੇ ਕੈਬਨਿਟ ਤੋਂ ਅਸਤੀਫ਼ਾ ਦੇ ਦਿੱਤਾ ਹੈ, ਪਰ ਸੁਨਕ ਇਸ ਮਾਮਲੇ 'ਚ ਵਿਰੋਧੀ ਧਿਰ ਦੇ ਨਿਸ਼ਾਨੇ 'ਤੇ ਹਨ।

ਵਿਲੀਅਮਸਨ 'ਤੇ ਆਪਣੇ ਕੰਜ਼ਰਵੇਟਿਵ ਪਾਰਟੀ ਦੇ ਸਹਿਯੋਗੀਆਂ ਅਤੇ ਨੌਕਰਸ਼ਾਹਾਂ ਪ੍ਰਤੀ ਦੁਰਵਿਉਹਾਰ ਦਾ ਦੋਸ਼ ਹੈ। ਹਾਲਾਂਕਿ, ਉਹ ਕਿਸੇ ਵੀ ਗ਼ਲਤ ਕੰਮ ਤੋਂ ਇਨਕਾਰ ਕਰਦਾ ਹੈ। ਕੁਝ ਦਿਨਾਂ ਤੋਂ ਬਰਤਾਨੀਆ ਦੇ ਸਿਆਸੀ ਗਲਿਆਰਿਆਂ 'ਚ ਇਸ ਗੱਲ ਦੀ ਚਰਚਾ ਬੜੀ ਗਰਮਾ-ਗਰਮੀ ਨਾਲ ਚੱਲ ਰਹੀ ਸੀ ਕਿ ਵਿਲੀਅਮਸਨ ਨੂੰ ਮੰਤਰੀ ਬਣਾਏ ਜਾਣ ਤੋਂ ਪਹਿਲਾਂ   ਸੁਨਕ ਉਨ੍ਹਾਂ ਬਾਰੇ ਕੀ ਜਾਣਦੇ ਸੀ। ਵਿਲੀਅਮਸਨ ਨੇ ਮੰਤਰਾਲਾ ਸੌਂਪੇ ਜਾਣ ਤੋਂ ਪਹਿਲਾਂ ਹੀ ਮੰਗਲਵਾਰ ਰਾਤ ਨੂੰ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ।

ਵਿਰੋਧੀ ਧਿਰ ਨੇ ਇਸ ਘਟਨਾਕ੍ਰਮ ਨੂੰ ਸੁਨਕ ਦੀ 'ਮਾੜੀ ਸਮਝ ਅਤੇ ਲੀਡਰਸ਼ਿਪ' ਦਾ ਸਬੂਤ ਕਰਾਰ ਦਿੱਤਾ ਹੈ। ਲੇਬਰ ਪਾਰਟੀ ਆਗੂ ਕੀਰ ਸਟਾਰਮਰ ਨੇ ਸੰਸਦ ਵਿੱਚ ਆਪਣੇ ਹਫ਼ਤਾਵਾਰੀ ਸਵਾਲ-ਜਵਾਬ ਸੈਸ਼ਨ ਦੌਰਾਨ ਪ੍ਰਧਾਨ ਮੰਤਰੀ 'ਤੇ ਹੋਰ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ।

ਸਟਾਰਮਰ ਨੇ ਸੁਨਕ ਨੂੰ ਪੁੱਛਿਆ ਕਿ ਕੀ ਉਹ ਵਿਲੀਅਮਸਨ ਦੀ ਨਿਯੁਕਤੀ 'ਤੇ ਪਛਤਾਵਾ ਹੈ, ਜਿਸ 'ਤੇ ਸੁਨਕ ਨੇ ਜਵਾਬ ਦਿੱਤਾ, "ਮੈਨੂੰ ਸਪੱਸ਼ਟ ਤੌਰ 'ਤੇ ਇਸ ਦਾ ਅਫ਼ਸੋਸ ਹੈ... ਮੈਨੂੰ ਕਿਸੇ ਖ਼ਾਸ ਮਾਮਲੇ ਬਾਰੇ ਨਹੀਂ ਪਤਾ ਸੀ।"

ਸੁਨਕ ਨੇ ਕਿਹਾ ਕਿ ਇਹ ਸਹੀ ਹੋਇਆ ਕਿ ਜਾਂਚ ਦੌਰਾਨ ਮੰਤਰੀ ਨੇ ਅਸਤੀਫ਼ਾ ਦੇ ਦਿੱਤਾ।

ਵਿਲੀਅਮਸਨ ਨੇ ਆਪਣੇ ਅਸਤੀਫ਼ੇ ਵਿੱਚ ਕਿਹਾ ਕਿ ਉਹ ਆਪਣੇ ਆਚਰਣ ਬਾਰੇ ਕੀਤੇ ਗਏ ਦਾਅਵਿਆਂ ਤੋਂ ਇਨਕਾਰ ਕਰਦਾ ਹੈ। ਪਰ ਉਸ ਨੇ ਮਹਿਸੂਸ ਕੀਤਾ ਕਿ ਉਹ "ਸਰਕਾਰ ਦੁਆਰਾ ਕੀਤੇ ਜਾ ਰਹੇ ਚੰਗੇ ਕੰਮ ਤੋਂ ਧਿਆਨ ਭਟਕਾਉਣ" ਦਾ ਕਾਰਨ ਬਣ ਗਿਆ ਹੈ। ਇਸ ਲਈ ਉਨ੍ਹਾਂ ਅਸਤੀਫ਼ਾ ਦੇ ਦਿੱਤਾ।

ਵਿਲੀਅਮਸਨ 'ਤੇ ਦੋਸ਼ ਹੈ ਕਿ ਉਸਨੇ ਸੱਤਾਧਾਰੀ ਕੰਜ਼ਰਵੇਟਿਵ ਪਾਰਟੀ ਦੀ ਸਾਬਕਾ ਵ੍ਹਿਪ ਵੈਂਡੀ ਮੋਰਟਨ ਨੂੰ ਸੰਦੇਸ਼ ਭੇਜੇ ਸਨ, ਜਿਨ੍ਹਾਂ ਨੂੰ ਮਹਾਰਾਣੀ ਐਲਿਜ਼ਾਬੈਥ ਦੂਜੀ ਦੇ ਅੰਤਿਮ ਸਸਕਾਰ ਦੌਰਾਨ ਅਣਦੇਖਿਆ ਕਰ ਦਿੱਤਾ ਗਿਆ ਸੀ।