ਕਿਸਾਨਾਂ ਦੇ ਸਮਰਥਨ 'ਚ ਆਏ ਅੰਨਾ ਹਜ਼ਾਰੇ, ਭੁੱਖ ਹੜਤਾਲ 'ਤੇ ਬੈਠੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮੈਂ ਦੇਸ਼ ਦੇ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਦਿੱਲੀ 'ਚ ਜੋ ਅੰਦੋਲਨ ਚਲ ਰਿਹਾ ਹੈ, ਉਹ ਪੂਰੇ ਦੇਸ਼ ਵਿਚ ਚਲਣਾ ਚਾਹੀਦਾ ਹੈ।

Anna Hazare

ਪੁਣੇ : ਕੇਂਦਰ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਸਮਰਥਨ 'ਚ ਸਮਾਜਕ ਆਗੂ ਅੰਨਾ ਹਜ਼ਾਰੇ ਮੰਗਲਵਾਰ ਨੂੰ ਇਕ ਦਿਨ ਦੀ ਭੁੱਖ ਹੜਤਾਲ ਤੇ ਬੈਠੇ ਹਨ। ਅੰਨਾ ਹਜ਼ਾਰੇ ਮਹਾਰਾਸ਼ਟਰ ਦੇ ਅਹਿਮਦਨਗਰ ਜ਼ਿਲ੍ਹੇ ਦੇ ਰਾਲੇਗਾਂਵ ਸਿੱਧੀ ਪਿੰਡ 'ਚ ਭੁੱਖ ਹੜਤਾਲ 'ਤੇ ਬੈਠੇ ਹਨ। ਦੱਸਣਯੋਗ ਹੈ ਕਿ ਪ੍ਰਦਰਸ਼ਨ ਕਰ ਰਹੇ ਕਿਸਾਨ ਜਥੇਬੰਦੀਆਂ ਨੇ ਮੰਗਲਵਾਰ ਨੂੰ ਭਾਰਤ ਬੰਦ ਰਖਣ ਦਾ ਸੱਦਾ ਦਿਤਾ ਸੀ।

ਉਧਰ ਹਜ਼ਾਰੇ ਨੇ ਕਿਹਾ ਕਿ ਦੇਸ਼ ਵਿਚ ਅੰਦੋਲਨ ਹੋਣਾ ਚਾਹੀਦਾ ਹੈ ਤਾਕਿ ਸਰਕਾਰ 'ਤੇ ਦਬਾਅ ਬਣੇ ਅਤੇ ਉਹ ਕਿਸਾਨਾਂ ਦੇ ਹਿੱਤ 'ਚ ਕਦਮ ਚੁੱਕੇ। ਹਜ਼ਾਰੇ ਨੇ ਇਕ ਸੰਦੇਸ਼ ਵਿਚ ਕਿਹਾ ਕਿ ਮੈਂ ਦੇਸ਼ ਦੇ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਦਿੱਲੀ 'ਚ ਜੋ ਅੰਦੋਲਨ ਚਲ ਰਿਹਾ ਹੈ, ਉਹ ਪੂਰੇ ਦੇਸ਼ ਵਿਚ ਚਲਣਾ ਚਾਹੀਦਾ ਹੈ। ਸਰਕਾਰ 'ਤੇ ਦਬਾਅ ਬਣਾਉਣ ਲਈ ਅਜਿਹੀ ਸਥਿਤੀ ਬਣਾਉਣ ਦੀ ਲੋੜ ਹੈ ਅਤੇ ਇਸ ਲਈ ਕਿਸਾਨਾਂ ਨੂੰ ਸੜਕਾਂ 'ਤੇ ਉਤਰਨਾ ਹੋਵੇਗਾ ਪਰ ਕੋਈ ਹਿੰਸਾ ਨਾ ਕਰੇ।

ਹਜ਼ਾਰੇ ਨੇ ਕਿਹਾ ਕਿ ਕਿਸਾਨਾਂ ਲਈ ਸੜਕਾਂ 'ਤੇ ਆਉਣਾ ਅਤੇ ਅਪਣਾ ਮੁੱਦਾ ਹੱਲ ਕਰਾਉਣ ਦਾ ਇਹ ਸਹੀ ਸਮਾਂ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਪਹਿਲਾਂ ਵੀ ਇਸ ਮੁੱਦੇ ਦਾ ਸਮਰਥਨ ਕੀਤਾ ਹੈ ਅਤੇ ਅੱਗੇ ਵੀ ਕਰਦਾ ਰਹਾਂਗਾ।

ਹਜ਼ਾਰੇ ਨੇ ਖੇਤੀ ਲਾਗਤ ਅਤੇ ਮੁੱਲ ਕਮਿਸ਼ਨ (ਸੀ. ਏ. ਸੀ. ਪੀ.) ਨੂੰ ਖ਼ੁਦਮੁਖਤਿਆਰੀ ਦੇਣ ਅਤੇ ਐੱਮ. ਐੱਸ. ਸਵਾਮੀਨਾਥਨ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਨੂੰ ਲਾਗੂ ਕਰਨ ਦੀ ਲੋੜ 'ਤੇ ਵੀ ਜ਼ੋਰ ਦਿਤਾ। ਉਨ੍ਹਾਂ ਕਿਹਾ ਕਿ ਸਰਕਾਰ ਸਿਰਫ਼ ਭਰੋਸਾ ਦਿੰਦੀ ਹੈ, ਕਦੇ ਮੰਗਾਂ ਨੂੰ ਪੂਰਾ ਨਹੀਂ ਕਰਦੀ।