ਜਦੋਂ ਲੋਕ ਸਭਾ ’ਚ ਪੁੱਛੇ ਸਵਾਲ ਦੇ ਜਵਾਬ ’ਚ ਛਪਿਆ ਗ਼ਲਤ ਮੰਤਰੀ ਦਾ ਨਾਂ!

ਏਜੰਸੀ

ਖ਼ਬਰਾਂ, ਰਾਸ਼ਟਰੀ

ਵਿਵਾਦ ਮਗਰੋਂ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਤਕਨੀਕੀ ਬਦਲਾਅ ਕੀਤੇ ਜਾ ਰਹੇ ਹਨ

Meenakshi Lekhi

ਨਵੀਂ ਦਿੱਲੀ: ਵਿਦੇਸ਼ ਮੰਤਰਾਲੇ ਵਲੋਂ ਲੋਕ ਸਭਾ ’ਚ ਪੁੱਛੇ ਇਕ ਸਵਾਲ ਦੇ ਜਵਾਬ ’ਚ ਗ਼ਲਤ ਮੰਤਰੀ ਦਾ ਨਾਂ ਛਪਣ ਕਾਰਨ ਅੱਜ ਵੱਡਾ ਭੰਬਲਭੂਸਾ ਪੈਦਾ ਹੋ ਗਿਆ। 8 ਦਸੰਬਰ ਨੂੰ ਫਲਸਤੀਨੀ ਸਮੂਹ ਹਮਾਸ ਨੂੰ ਅਤਿਵਾਦੀ ਸੰਗਠਨ ਐਲਾਨਣ ਬਾਰੇ ਲੋਕ ਸਭਾ ’ਚ ਇਕ ਸਵਾਲ ਦਾ ਜਵਾਬ ਮੰਤਰੀ ਮੀਨਾਕਸ਼ੀ ਲੇਖੀ ਦੇ ਨਾਂ ’ਤੇ ਜਾਰੀ ਕੀਤਾ ਗਿਆ ਸੀ। ਹਾਲਾਂਕਿ ਗ਼ਲਤੀ ਸਾਹਮਣੇ ਆਉਣ ’ਤੇ ਵਿਦੇਸ਼ ਮੰਤਰਾਲੇ ਨੇ ਸਪੱਸ਼ਟੀਕਰਨ ਦਿਤਾ ਕਿ ਮੰਤਰੀ ਦਾ ਨਾਂ ਬਦਲ ਕੇ ਵੀ. ਮੁਰਲੀਧਰਨ ਕੀਤਾ ਜਾ ਰਿਹਾ ਹੈ। ਲੇਖੀ ਅਤੇ ਮੁਰਲੀਧਰਨ ਦੋਵੇਂ ਵਿਦੇਸ਼ ਮੰਤਰਾਲੇ ’ਚ ਰਾਜ ਮੰਤਰੀ ਹਨ। 

ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਇਕ ਪੱਤਰਕਾਰ ਨੇ ਲੋਕ ਸਭਾ ਵਲੋਂ ਜਾਰੀ ਸਵਾਲ-ਜਵਾਬ ’ਚੋਂ ਇਕ ਨੂੰ ਅਪਣੇ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਪੋਸਟ ਕੀਤਾ ਸੀ। ਇਸ ’ਤੇ ਟਿਪਣੀ ਕਰਦਿਆਂ ਲੇਖੀ ਨੇ ਕਿਹਾ, ‘‘ਤੁਹਾਨੂੰ ਗਲਤ ਜਾਣਕਾਰੀ ਦਿਤੀ ਗਈ ਹੈ, ਕਿਉਂਕਿ ਮੈਂ ਇਸ ਸਵਾਲ ਨਾਲ ਜਵਾਬ ਦੇ ਕਿਸੇ ਦਸਤਾਵੇਜ਼ ’ਤੇ ਦਸਤਖਤ ਨਹੀਂ ਕੀਤੇ ਹਨ।’’ ਸ਼ਾਇਦ ਉਨ੍ਹਾਂ ਸਮਝਿਆ ਹੋਵੇਗਾ ਕਿ ਉਨ੍ਹਾਂ ਬਾਰੇ ਝੂਠੀ ਖ਼ਬਰ ਫੈਲਾਈ ਜਾ ਰਹੀ ਹੈ। 

ਹਾਲਾਂਕਿ ਉਨ੍ਹਾਂ ਦੇ ਇਸ ਪੋਸਟ ਤੋਂ ਬਾਅਦ ਵਿਵਾਦ ਪੈਦਾ ਹੋ ਗਿਆ ਅਤੇ ਇਹ ਸਵਾਲ ਉੱਠਣ ਲੱਗੇ ਕਿ ਸੰਸਦ ਵਲੋਂ ਜਾਰੀ ਦਸਤਾਵੇਜ਼ ’ਚ ਆਖ਼ਰ ਜਵਾਬ ਕਿਸ ਨੇ ਦਿਤਾ ਹੈ। ਇਕ ਵਿਅਕਤੀ ਨੇ ਸਵਾਲ ਕਰ ਦਿਤਾ ਕਿ ਕੀ ਅਧਿਕਾਰੀ ਮੰਤਰੀ ਨੂੰ ਸੂਚਿਤ ਕੀਤੇ ਬਗ਼ੈਰ ਹੀ ਜਵਾਬ ਦੇ ਦਿੰਦੇ ਹਨ। ਲੇਖੀ ਨੇ ਇਕ ਹੋਰ ਪੋਸਟ ’ਚ ਕਿਹਾ ਕਿ ਜਾਂਚ ’ਚ ਦੋਸ਼ੀ ਦਾ ਪ੍ਰਗਟਾਵਾ ਹੋ ਜਾਵੇਗਾ।

ਸ਼ਿਵ ਸੈਨਾ ਦੀ ਰਾਜ ਸਭਾ ਮੈਂਬਰ ਪ੍ਰਿਯੰਕਾ ਚਤੁਰਵੇਦੀ ਨੇ ਟਵੀਟ ਕੀਤਾ, ‘‘ਕੀ ਉਹ (ਲੇਖੀ) ਦਾਅਵਾ ਕਰ ਰਹੀ ਹੈ ਕਿ ਇਹ ਝੂਠਾ ਜਵਾਬ ਹੈ, ਜੇ ਹਾਂ ਤਾਂ ਇਹ ਗੰਭੀਰ ਮਾਮਲਾ ਹੈ ਅਤੇ ਨਿਰਧਾਰਤ ਨਿਯਮਾਂ ਦੀ ਉਲੰਘਣਾ ਹੈ। ਜੇ ਮੈਨੂੰ ਸਪਸ਼ਟੀਕਰਨ ਮਿਲਦਾ ਹੈ ਤਾਂ ਮੈਂ ਵਿਦੇਸ਼ ਮੰਤਰਾਲੇ ਦੀ ਧੰਨਵਾਦੀ ਹੋਵਾਂਗੀ।’’ ਉਨ੍ਹਾਂ ਅੱਗੇ ਕਿਹਾ, ‘‘ਕੱਲ੍ਹ ਇਕ ਸੰਸਦ ਮੈਂਬਰ (ਮਹੂਆ ਮੋਇਤਰਾ) ਨੂੰ ਕਿਸੇ ਹੋਰ ਰਾਹੀਂ ਸਵਾਲ ਪੁੱਛਣ ’ਤੇ ਕੱਢ ਦਿਤਾ ਗਿਆ ਸੀ, ਅੱਜ ਇਕ ਮੰਤਰੀ ਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਸੰਸਦੀ ਸਵਾਲ ਦਾ ਜਵਾਬ ਉਸ ਨੇ ਮਨਜ਼ੂਰ ਨਹੀਂ ਕੀਤਾ ਸੀ, ਕੀ ਇਸ ਦੀ ਵੀ ਜਾਂਚ ਨਹੀਂ ਹੋਣੀ ਚਾਹੀਦੀ? ਕੀ ਜਵਾਬਦੇਹੀ ਦੀ ਮੰਗ ਨਹੀਂ ਹੋਣੀ ਚਾਹੀਦੀ? ਚਾਹੇ ਵਿਦੇਸ਼ ਮੰਤਰਾਲੇ ਦੀ ਪ੍ਰਤੀਕਿਰਿਆ ਕਿੰਨੀ ਵੀ ਸਹਿਜ ਕਿਉਂ ਨਾ ਹੋਵੇ?’’ ਦੂਜੇ ਪਾਸੇ ਕਾਂਗਰਸ ਨੇਤਾ ਅਮਿਤਾਭ ਦੂਬੇ ਨੇ ਲੇਖੀ ਨੂੰ ਵਿਅੰਗਾਤਮਕ ਢੰਗ ਨਾਲ ਪੁਛਿਆ, ‘‘ਤੁਹਾਡੇ ਲਈ ਲੌਗਇਨ ਕਿਸਨੇ ਕੀਤਾ?’’

ਬਾਅਦ ’ਚ ਵਿਦੇਸ਼ ਮੰਤਰਾਲੇ ਨੇ ਵੀ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਤਕਨੀਕੀ ਬਦਲਾਅ ਕੀਤੇ ਜਾ ਰਹੇ ਹਨ।

ਕੀ ਸੀ ਸਵਾਲ?

ਸਵਾਲ ਨੰਬਰ 980 ਨੂੰ ਲੋਕ ਸਭਾ ਦੀ ਵੈੱਬਸਾਈਟ ’ਤੇ ਅਪਲੋਡ ਕੀਤਾ ਗਿਆ ਸੀ ਜਿਸ ’ਚ ਲੇਖੀ ਦਾ ਨਾਮ ਜਵਾਬ ਦੇਣ ਵਾਲੇ ਵਜੋਂ ਦਰਜ ਸੀ। ‘ਹਮਾਸ ਨੂੰ ਅਤਿਵਾਦੀ ਸੰਗਠਨ ਐਲਾਨਣਾ’ ਸਿਰਲੇਖ ਵਾਲਾ ਸਵਾਲ ਕਾਂਗਰਸ ਸੰਸਦ ਮੈਂਬਰ ਕੁੰਭਕੁਡੀ ਸੁਧਾਕਰਨ ਨੇ ਪੁੱਛਿਆ ਸੀ। ਸੰਸਦ ਦੇ ਹੇਠਲੇ ਸਦਨ ’ਚ ਕੰਨੂਰ ਦੀ ਨੁਮਾਇੰਦਗੀ ਕਰਨ ਵਾਲੇ ਸੁਧਾਕਰਨ ਨੇ ਪੁਛਿਆ ਸੀ ਕਿ ਕੀ ਸਰਕਾਰ ਦਾ ਭਾਰਤ ’ਚ ਹਮਾਸ ਨੂੰ ਅਤਿਵਾਦੀ ਸੰਗਠਨ ਐਲਾਨਣ ਦਾ ਕੋਈ ਪ੍ਰਸਤਾਵ ਹੈ, ਜੇਕਰ ਅਜਿਹਾ ਹੈ ਤਾਂ ਇਸ ਦਾ ਵੇਰਵਾ ਅਤੇ ਜੇਕਰ ਨਹੀਂ ਤਾਂ ਇਸ ਦੇ ਕਾਰਨ ਕੀ ਹਨ। ਉਨ੍ਹਾਂ ਇਹ ਵੀ ਪੁਛਿਆ ਸੀ ਕਿ ਕੀ ਇਜ਼ਰਾਈਲ ਸਰਕਾਰ ਨੇ ਭਾਰਤ ਸਰਕਾਰ ਤੋਂ ਹਮਾਸ ਨੂੰ ਅਤਿਵਾਦੀ ਸੰਗਠਨ ਐਲਾਨਣ ਦੀ ਕੋਈ ਮੰਗ ਕੀਤੀ ਹੈ, ਜੇਕਰ ਅਜਿਹਾ ਹੈ ਤਾਂ ਇਸ ਦਾ ਵੇਰਵਾ ਕੀ ਹੈ?  ਇਸ ਸਵਾਲ ਦਾ ਜਵਾਬ ਸ਼ੁਕਰਵਾਰ ਨੂੰ ਦਿਤਾ ਗਿਆ ਸੀ ਅਤੇ ਇਹ ਲੋਕ ਸਭਾ ਦੀ ਵੈੱਬਸਾਈਟ ’ਤੇ ਹੋਰ ਪ੍ਰਸ਼ਨਾਂ ਦੀ ਸੂਚੀ ’ਚ ਸ਼ਾਮਲ ਹੈ। ਲੇਖੀ ਨੇ ਇਕ ਲਿਖਤੀ ਜਵਾਬ ’ਚ ਕਿਹਾ ਕਿ ਕਿਸੇ ਸੰਗਠਨ ਨੂੰ ਅਤਿਵਾਦੀ ਐਲਾਨਣਾ ਗੈਰਕਾਨੂੰਨੀ ਗਤੀਵਿਧੀਆਂ ਰੋਕੂ ਕਾਨੂੰਨ ਦੇ ਅਧੀਨ ਆਉਂਦਾ ਹੈ ਅਤੇ ਕਿਸੇ ਵੀ ਸੰਗਠਨ ਨੂੰ ਅਤਿਵਾਦੀ ਸੰਗਠਨ ਐਲਾਨਣ ਦੇ ਕਿਸੇ ਵੀ ਫੈਸਲੇ ’ਤੇ ਸਬੰਧਤ ਸਰਕਾਰੀ ਵਿਭਾਗਾਂ ਨੂੰ ਕਾਨੂੰਨ ਦੀਆਂ ਧਾਰਾਵਾਂ ਅਨੁਸਾਰ ਵਿਚਾਰ ਕਰਨਾ ਹੋਵੇਗਾ।