ਜਨਤਾ ਦੀ ਅਦਾਲਤ ਤੋਂ ਭੱਜ ਗਿਆ 56 ਇੰਚ ਦੀ ਛਾਤੀ ਵਾਲਾ ਚੌਕੀਦਾਰ : ਰਾਹੁਲ
ਰਾਫ਼ੇਲ ਜਹਾਜ਼ ਸੌਦੇ 'ਤੇ ਲੋਕ ਸਭਾ ਵਿਚ ਚਰਚਾ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਗ਼ੈਰ-ਹਾਜ਼ਰੀ 'ਤੇ ਵਾਰ ਕਰਦਿਆਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ......
ਜੈਪੁਰ : ਰਾਫ਼ੇਲ ਜਹਾਜ਼ ਸੌਦੇ 'ਤੇ ਲੋਕ ਸਭਾ ਵਿਚ ਚਰਚਾ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਗ਼ੈਰ-ਹਾਜ਼ਰੀ 'ਤੇ ਵਾਰ ਕਰਦਿਆਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ 36 ਇੰਚ ਦੀ ਛਾਤੀ ਵਾਲੇ ਪ੍ਰਧਾਨ ਮੰਤਰੀ ਲੋਕ ਸਭਾ ਵਿਚ ਕਦਮ ਨਹੀਂ ਰੱਖ ਸਕੇ। ਉਨ੍ਹਾਂ ਕਿਹਾ ਕਿ ਜਦ ਜਨਤਾ ਦੀ ਅਦਾਲਤ, ਲੋਕ ਸਭਾ ਵਿਚ ਰਾਫ਼ੇਲ ਮਾਮਲੇ 'ਚ ਚਰਚਾ ਹੋ ਰਹੀ ਸੀ ਤਾਂ ਪ੍ਰਧਾਨ ਮੰਤਰੀ ਪੰਜਾਬ ਦੀ ਯੂਨੀਵਰਸਿਟੀ ਵਿਚ ਭਾਸ਼ਨ ਦੇ ਰਹੇ ਸਨ। ਰਾਹੁਲ ਨੇ ਕਿਹਾ, 'ਚੌਕੀਦਾਰ ਨੇ ਚੋਰੀ ਕੀਤੀ ਹੈ ਅਤੇ ਚੌਕੀਦਾਰ ਡਰ ਕੇ ਭੱਜ ਗਿਆ। 36 ਇੰਚ ਦੀ ਛਾਤੀ ਵਾਲਾ ਚੌਕੀਦਾਰ ਜਨਤਾ ਦੀ ਅਦਾਲਤ ਵਿਚੋਂ ਭੱਜ ਗਿਆ।'
ਰਾਹੁਲ ਨੇ ਕਿਹਾ ਕਿ ਕਿਸਾਨਾਂ ਦੀ ਕਰਜ਼ਾ ਮਾਫ਼ੀ ਸਮੱਸਿਆ ਦਾ ਪੱਕਾ ਹੱਲ ਨਹੀਂ ਹੈ ਅਤੇ ਇਸ ਦੇ ਨਾਲ ਹੀ ਪੱਕੇ ਬਦਲਾਂ 'ਤੇ ਵਿਚਾਰ ਕਰਨਾ ਪਵੇਗਾ। ਰਾਜਸਥਾਨ, ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਵਿਚ ਕਾਂਗਰਸ ਦੀ ਸਰਕਾਰ ਆਉਣ 'ਤੇ ਵੋਟਰਾਂ ਦਾ ਧਨਵਾਦ ਕਰਦਿਆਂ ਉਨ੍ਹਾਂ ਕਿਹਾ ਕਿ ਜਨਤਾ ਹੀ ਮਾਲਕ ਹੈ ਅਤੇ ਅਸੀਂ ਇਥੇ ਸੇਵਾ ਕਰਨ ਆਏ ਹਾਂ। ਰਾਫ਼ੇਲ ਸੌਦੇ ਵਿਚ ਹੇਰਾਫੇਰੀ ਦਾ ਜ਼ਿਕਰ ਕਰਦਿਆਂ ਰਾਹੁਲ ਨੇ ਕਿਹਾ ਕਿ ਇਸ ਦੀ ਜਾਂਚ ਹੋਣੀ ਚਾਹੀਦੀ ਹੈ ਅਤੇ ਸਾਂਝੀ ਸੰਸਦੀ ਕਮੇਟੀ ਬਣਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਰਾਫ਼ੇਲ ਸੌਦੇ ਬਾਰੇ ਜਨਤਾ ਦੀ ਅਦਾਲਤ ਵਿਚ ਸਵਾਲ ਉਠਾਏ। (ਏਜੰਸੀ)