ਮੌਜੂਦਾ ਰਾਖਵਾਂਕਰਨ ਬਰਕਰਾਰ ਰਹੇਗਾ : ਸਰਕਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਆਮ ਵਰਗ ਦਾ ਰਾਖਵਾਂਕਰਨ ਮੈਚ ਜਿਤਾਉਣ ਵਾਲਾ ਛੱਕਾ ਹੈ : ਰਵੀਸ਼ੰਕਰ ਪ੍ਰਸਾਦ.........

Ravi Shankar Prasad

ਨਵੀਂ ਦਿੱਲੀ  : ਕਾਨੂੰਨ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਰਾਖਵਾਂਕਰਨ ਦੇਣ ਦੇ ਮੋਦੀ ਸਰਕਾਰ ਦੇ ਫ਼ੈਸਲੇ ਨੂੰ ਮੈਚ ਜਿਤਾਉਣ ਵਾਲਾ ਛੱਕਾ ਦਸਦਿਆਂ ਕਿਹਾ ਕਿ ਹੁਣ ਇਸ ਮੈਚ ਵਿਚ ਵਿਕਾਸ ਨਾਲ ਜੁੜੇ ਹੋਰ ਵੀ ਛੱਕੇ ਵੇਖਣ ਨੂੰ ਮਿਲਣਗੇ। ਰਾਖਵਾਂਕਰਨ ਬਿੱਲ ਬਾਰੇ ਰਾਜ ਸਭਾ ਵਿਚ ਚਰਚਾ ਵਿਚ ਹਿੱਸਾ ਲੈਂਦਿਆਂ ਪ੍ਰਸਾਦ ਨੇ ਇਸ ਫ਼ੈਸਲੇ ਨੂੰ ਇਤਿਹਾਸਕ ਦਸਿਆ ਅਤੇ ਕਿਹਾ ਕਿ ਸਰਕਾਰ ਨੇ ਇਹ ਸਾਹਸੀ ਫ਼ੈਸਲਾ ਸਮਾਜ ਦੇ ਸਾਰੇ ਵਰਗਾਂ ਨੂੰ ਵਿਕਾਸ ਦੀ ਮੁੱਖ ਧਾਰਾ ਵਿਚ ਆਮ ਰੂਪ ਵਿਚ ਸ਼ਾਮਲ ਕਰਨ ਲਈ ਕੀਤਾ ਹੈ। 

ਸਰਕਾਰ ਵਿਰੁਧ ਅਪਣੇ ਵਾਅਦਿਆਂ ਨੂੰ ਪੂਰਾ ਨਾ ਕਰਨ ਦੇ ਵਿਰੋਧੀ ਧਿਰ ਦੇ ਦੋਸ਼ ਬਾਰੇ ਪ੍ਰਸਾਦ ਨੇ ਕਿਹਾ, 'ਮੈਚ ਜਿਤਾਉਣ ਵਾਲਾ ਇਹ ਪਹਿਲਾ ਛੱਕਾ ਨਹੀਂ ਹੈ, ਹਾਲੇ ਅਜਿਹੇ ਹੋਰ ਛੱਕੇ ਆਉਣਗੇ।' ਉਨ੍ਹਾਂ ਕਿਹਾ ਕਿ ਰਾਖਵਾਂਕਰਨ ਬਾਰੇ 50 ਫ਼ੀ ਸਦੀ ਦੀ ਹੱਦ ਸੰਵਿਧਾਨ ਵਿਚ ਨਹੀਂ ਲਾਈ ਗਈ। ਸੁਪਰੀਮ ਕੋਰਟ ਨੇ ਇਹ ਹੱਦ ਸਿਰਫ਼ ਪਿਛੜੇ ਵਰਗ ਅਤੇ ਅਨੁਸੂਚਿਤ ਜਾਤੀ ਤੇ ਜਨਜਾਤੀ ਵਰਗਾਂ ਲਈ ਤੈਅ ਕੀਤੀ ਹੈ। ਪ੍ਰਸਾਦ ਨੇ ਕਿਹਾ ਕਿ ਸੰਵਿਧਾਨ ਦੀ ਧਾਰਾ 368 ਸੰਸਦ ਨੂੰ ਮੌਲਿਕ ਅਧਿਕਾਰ ਸਮੇਤ ਸੰਵਿਧਾਨ ਦੇ ਕਿਸੇ ਵੀ ਹਿੱਸੇ ਵਿਚ ਕਿਸੇ ਵੀ ਤਰ੍ਹਾਂ ਦਾ ਬਦਲਾਅ ਕਰਨ ਦਾ ਅਧਿਕਾਰ ਦਿੰਦੀ ਹੈ।      (ਏਜੰਸੀ)